ਚੰਡੀਗੜ੍ਹ : ਇੰਝ ਜਾਪਦਾ ਹੈ ਜਿਵੇਂ ਆਮ ਆਦਮੀ ਪਾਰਟੀ ਤੋਂ ਬਾਗੀ ਹੋ ਕੇ ਗਦਰ ਫੈਡਰੇਸ਼ਨ ਨਾਮ ਦੀ ਵੱਖਰੀ ਸੰਸਥਾ ਬਣਾਉਣ ਵਾਲੇ ਵਿਸ਼ਵ ਪ੍ਰਸਿੱਧ ਪੰਜਾਬੀ ਗਾਇਕ ਪਾਹਵੇ ਵਾਲੇ ਜੱਸੀ ਜਸਰਾਜ ਨੇ ਆਪਣੇ ਸਾਬਕਾ ਪ੍ਰਧਾਨ ਭਗਵੰਤ ਮਾਨ ਵੱਲੋਂ ਸੰਗਰੂਰ ਤੋਂ ਲੋਕ ਸਭਾ ਚੋਣ ਲੜਨ ਦੀਆਂ ਸਾਰੀਆਂ ਗਿਣਤੀਆਂ ਮਿਣਤੀਆਂ ਵਿਗਾੜ ਦੇਣ ਦੀ ਧਾਰ ਲਈ ਹੈ। ਜੱਸੀ ਦਾ ਕਹਿਣਾ ਹੈ ਕਿ ਸੁਖਪਾਲ ਸਿੰਘ ਖਹਿਰਾ ਦੀ ਅਗਵਾਈ ਵਾਲੇ ਪੰਜਾਬ ਜਮਹੂਰੀ ਗੱਠਜੋੜ ਨਾਲ ਮਿਲ ਕੇ ਸਿਆਸੀ ਮੈਦਾਨ ਵਿੱਚ ਨਿੱਤਰਨ ਲਈ ਗੱਲਬਾਤ ਜਾਰੀ ਹੈ, ਤੇ ਇੱਕ ਦੋ ਹੋਰ ਮੀਟਿੰਗਾਂ ਤੋਂ ਬਾਅਦ ਪੰਜਾਬ ਜਮਹੂਰੀ ਗੱਠਜੋੜ ਨਾਲ ਉਨ੍ਹਾਂ ਦਾ ਸਮਝੌਤਾ ਹੋ ਜਾਵੇਗਾ।
ਆਪਣਾ ਨਵਾਂ ਗੀਤ ਰਿਲੀਜ਼ ਕਰਨ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜੱਸੀ ਜਸਰਾਜ ਨੇ ਕਿਹਾ ਕਿ ਭਗਵੰਤ ਮਾਨ ਜੋ ਕਿਸੇ ਸਮੇਂ ਪੰਜਾਬ ਦਾ ਮੁੱਖ ਮੰਤਰੀ ਬਣਨਾ ਚਾਹੁੰਦਾ ਸੀ ਹੁਣ ਕਈ ਸਿਆਸੀ ਪਾਰਟੀਆਂ ਨਾਲ ਚੋਣ ਸਮਝੌਤਾ ਕਰਨ ਨੂੰ ਤੁਰਿਆ ਫਿਰਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬੀਆਂ ਨੇ ਚਾਹਿਆ ਕਿ ਭਗਵੰਤ ਮਾਨ ਦੇ ਖਿਲਾਫ਼ ਚੋਣ ਲੜੀ ਲੜੀ ਜਾਵੇ ਤਾਂ ਉਹ ਚੋਣ ਮੈਦਾਨ ਵਿੱਚ ਸੰਗਰੂਰ ਤੋਂ ਕੁੱਦ ਪੈਣਗੇ ਕਿਉਂਕਿ ਉਨ੍ਹਾਂ ਪਹਿਲਾਂ ਬਠਿੰਡਾ ਤੋਂ ਬਾਦਲ ਪਰਿਵਾਰ ਖਿਲਾਫ਼ ਵੀ ਧੜੱਲੇ ਨਾਲ ਚੋਣ ਲੜ ਚੁਕੇ ਹਨ।