ਮੇਰੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਕਿਉਂਕਿ ਮੇਰੇ ਲਈ ਦੇਸ਼ ਪਹਿਲਾਂ,ਦੋਸਤੀ ਬਾਅਦ ‘ਚ- ਸਿੱਧੂ, ਫੌਜ ਦੀ ਸੁਰੱਖਿਆ ‘ਤੇ ਵੀ ਚੱਕੇ ਸਵਾਲ

Prabhjot Kaur
4 Min Read

ਲੁਧਿਆਣਾ( ਰਜਿੰਦਰ ਅਰੋੜਾ) : ਜੰਮੂ-ਕਸ਼ਮੀਰ ਦੇ ਪੁਲਵਾਮਾ ‘ਚ ਹੋਏ ਅਤੰਕੀ ਹਮਲੇ ਨੂੰ ਲੈਕੇ ਦਿੱਤੇ ਗਏ ਬਿਆਨ ‘ਤੇ ਵਿਰੋਧੀਆਂ ਵਲੋਂ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ ਜਿਸ ਦਾ ਜਵਾਬ ਦਿੰਦਿਆਂ ਸਿੱਧੂ ਨੇ ਕਿਹਾ ਹੈ ਕਿ ਮੇਰੇ ਸ਼ਬਦਾਂ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ। ਉਨ੍ਹਾ ਕਿਹਾ ਕਿ ਜੇਕਰ ਕੋਈ ਸਿਆਸਤ ਦਾਨ ਉੱਥੇ ਜਾਂਦਾ ਹੈ ਤਾਂ ਪੂਰਾ ਸ਼ਹਿਰ ਜ਼ਾਮ ਕਰ ਦਿੱਤਾ ਜਾਂਦਾ ਹੈ ਤਾਂ ਦੇਸ਼ ਦੇ 3 ਹਜ਼ਾਰ ਜਵਾਨਾਂ ਦੀ ਸੁਰੱਖਿਆ ਲਈ ਏਰੀਆ ਸੀਲ ਕਿਉਂ ਨਹੀਂ ਕੀਤਾ ਗਿਆ? ਸਿੱਧੂ ਇੱਥੇ ਇੱਕ ਪੱਤਰਕਾਰ ਸੰਮੇਲਣ ਦੌਰਾਨ ਮੀਡੀਆ ਦੇ ਸਵਾਲਾਂ ਦੇ ਜਵਾਬ ਦੇ ਰਹੇ ਸਨ।

ਇੱਕ ਸਵਾਲ ਦੇ ਜਵਾਬ ਵਿੱਚ ਸਿੱਧੂ ਨੇ ਕਿਹਾ ਕਿ ਮੇਰੇ ਬਿਆਨ ਦਾ ਕੁਝ ਹਿੱਸਾ ਦਖਾਇਆ ਜਾਂਦਾ ਹੈ ਕਿਉਂਕਿ ਮੇਰੇ ਬਿਆਨ ਤੋਂ ਬਹੁਤ ਸਾਰੇ ਲੋਕ ਡਰਦੇ ਹਨ। ਸਿੱਧੂ ਨੇ ਕਿਹਾ ਕਿ ਜਿਹੜਾ ਬਿਆਨ ਉਨ੍ਹਾਂ ਨੇ ਕੱਲ੍ਹ ਦਿੱਤਾ ਸੀ ਉਹ ਅੱਜ ਵੀ ਉਸ ‘ਤੇ ਕਾਇਮ ਹਨ ਕਿਉਂਕਿ ਉਨ੍ਹਾਂ ਨਾ ਕੱਲ੍ਹ ਆਪਣੇ ਬਿਆਨ ਵਿੱਚ ਕੁਝ ਗਲਤ ਕਿਹਾ ਸੀ ਤੇ ਨਾ ਅੱਜ ਕਹਿੰਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਕੱਲ੍ਹ ਵੀ ਇਸ ਘਟਨਾ ਨੂੰ ਕਾਇਰਤਾ ਪੂਰਨ ਮੰਦਭਾਗੀ ਤੇ ਦਰਦਨਾਕ ਘਟਨਾ ਦੱਸਿਆ ਸੀ ਤੇ ਨਾਲ ਹੀ ਇਹ ਵੀ ਕਿਹਾ ਸੀ ਕਿ ਅੱਤਵਾਦ ਦਾ ਨਾ ਕੋਈ ਧਰਮ ਹੁੰਦਾ ਹੈ, ਨਾ ਦੇਸ਼ ਅਤੇ ਨਾ ਕੋਈ ਸਾਥੀ ਹੁੰਦਾ ਹੈ। ਅਜਿਹੇ ਲੋਕਾਂ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਸਿੱਧੂ ਅਨੁਸਾਰ 4 ਅੱਤਵਾਦੀਆਂ ਵੱਲੋਂ ਕੀਤੀ ਗਈ ਕਾਇਰਾਨਾ ਕਾਰਵਾਈ ਨਾਲ 2 ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਵੱਲੋਂ ਲਏ ਗਏ ਫੈਸਲੇ ਨੂੰ ਕਿਸ ਤਰ੍ਹਾਂ ਰੱਦ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਉਨ੍ਹਾਂ ਲਈ ਕੱਲ੍ਹ ਵੀ ਦੋਸਤੀ ਤੋਂ ਪਹਿਲਾਂ ਸੀ ਤੇ ਅੱਜ ਵੀ ਹੈ।

ਨਵਜੋਤ ਸਿੱਧੂ ਨੇ ਕਿਹਾ ਕਿ ਜਿਹੜੇ ਲੋਕ ਉਨ੍ਹਾਂ ਨੂੰ ਇਹ ਸਵਾਲ ਕਰ ਰਹੇ ਹਨ ਕਿ ਜਰਨਲ ਬਾਜਵਾ ਨੂੰ ਪਾਈ ਜੱਫੀ ‘ਤੇ ਉਨ੍ਹਾਂ (ਸਿੱਧੂ) ਨੂੰ ਕੋਈ ਅਫਸੋਸ ਹੈ ਜਾਂ ਨਹੀਂ? ਉਹ ਪਹਿਲਾਂ ਇਹ ਦੱਸਣ ਕਿ ਉਹ (ਸਿੱਧੂ) ਤਾਂ ਪਾਕਿਸਤਾਨ ਵੱਲੋਂ ਮਿਲੇ ਸੱਦੇ ‘ਤੇ ਉੱਥੇ ਗਏ ਸਨ ਤੇ ਕਰਤਾਰਪੁਰ ਲਾਂਘਾ ਖੋਲ੍ਹੇ ਜਾਣ ਦਾ ਸੁਨੇਹਾ ਲੈ ਕੇ ਵਾਪਸ ਮੁੜੇ ਪਰ ਪ੍ਰਧਾਨ ਮੰਤਰੀ ਮੋਦੀ ਬਿਨਾਂ ਸੱਦੇ ਤੋਂ ਉੱਥੇ ਗਏ ਤੇ ਉਨ੍ਹਾਂ ਨੂੰ ਜੱਫੀ ਪਾਣ ਤੋਂ ਬਾਅਦ ਵਾਪਸ ਪਰਤਣ ਦੇ ਪਠਾਨਕੋਟ ਹਮਲਾ ਹੋਇਆ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਪ੍ਰਧਾਨ ਮੰਤਰੀ ਅਟੱਲ ਬਿਹਾਰੀ ਵਾਜਪਾਈ ਵੀ ਉੱਥੇ ਗਏ ਤੇ ਵਾਪਸ ਪਰਤਣ ‘ਤੇ ਕਾਰਗਿਲ ਹਮਲਾ ਹੋਇਆ। ਸਿੱਧੂ ਨੇਾ ਕਿਹਾ ਕਿ ਹੁਣ ਲੋਕ ਦੱਸਣ ਕਿ ਪਾਕਿਸਤਾਨ ਜਾਣ ਦਾ ਅਫਸੋਸ ਉਨ੍ਹਾਂ ਨੂੰ ਕਰਨਾ ਚਾਹੀਦਾ ਹੈ ਜਾਂ ਮੋਦੀ ਤੇ ਵਾਜਪਾਈ ਨੂੰ।

ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਇਹ ਇੱਕ ਮੰਦਭਾਗੀ ਘਟਨਾ ਹੈ ਤੇ ਇਸ ਨੂੰ ਕਰਤਾਰਪੁਰ ਸਾਹਿਬ ਲਾਂਘੇ ਦੇ ਨਾਲ ਨਹੀਂ ਜੋੜਨਾ ਚਾਹੀਦਾ । ਉਨ੍ਹਾਂ ਕਿਹਾ ਕਿ ਉਹ ਚਾਹੁੰਦੇ ਹਨ ਕਿ ਜੋ ਵੀ ਇਸ ਲਈ ਜ਼ਿੰਮੇਵਾਰ ਹੈ ਉਸ ਦੇ ਖਿਲਾਫ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ ।

- Advertisement -

ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਦੇਸ਼ ਦੇ ਫੌਜੀਆਂ ਦੀ ਰੱਖਿਆ ਲਈ ਵੀ ਸਖ਼ਤ ਕਦਮ ਚੁੱਕਣ ਦੀ ਲੋੜ ਹੈ ,ਉਨ੍ਹਾਂ ਨੇ ਕਿਹਾ ਕਿ ਇੰਨੀ ਵੱਡੀ ਗਿਣਤੀ ‘ਚ ਫੌਜੀਆਂ ਨੂੰ ਕਾਫ਼ਲੇ ਦੇ ਰਾਹੀਂ ਨਹੀਂ ਲੈ ਕੇ ਜਾਣਾ ਚਾਹੀਦਾ ਸੀ।

ਤੁਹਾਨੂੰ ਦੱਸ ਦਈਏ ਕਿ ਸੂਬੇ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਅੱਜ ਲੁਧਿਆਣਾ ਫੇਰੀ ‘ਤੇ ਸਨ, ਜਿੱਥੇ ਉਨ੍ਹਾਂ ਨੇ ਕਈ ਵਿਕਾਸ ਕਾਰਜਾਂ ਲਈ ਗ੍ਰਾਂਟਾਂ ਵੰਡੀਆਂ ਅਤੇ ਅਧੂਰੇ ਪਏ ਕਾਰਜਾਂ ਨੂੰ ਪੂਰਾ ਕਰਵਾਉਣ ਲਈ ਵਚਨਬੱਧਤਾ ਦੁਹਰਾਈ। ਓਧਰ ਨਵਜੋਤ ਸਿੰਘ ਸਿੱਧੂ ਦੀ ਫੇਰੀ ਦੌਰਾਨ ਕੁਝ ਭਾਜਪਾ ਵਰਕਰਾਂ ਨੇ ਉਨ੍ਹਾਂ ਨੂੰ ਕਾਲੀਆਂ ਝੰਡੀਆਂ ਵੀ ਵਿਖਾਈਆਂ  ।

 

Share this Article
Leave a comment