ਬੁਰੀ ਖ਼ਬਰ ! ਬੰਦ ਹੋਈ ਕਰਤਾਰਪੁਰ ਲਾਂਘਾ ਭਾਰਤ ਪਾਕਿ ਗੱਲਬਾਤ

Prabhjot Kaur
4 Min Read

ਪਾਕਿ ਗੱਲਬਾਤ ਕਮੇਟੀ ‘ਚ ਸ਼ਾਮਲ ਖਾਲਿਸਤਾਨੀਆਂ ‘ਤੇ ਭਾਰਤ ਨੂੰ ਇਤਰਾਜ਼

ਅੰਮ੍ਰਿਤਸਰ : ਕਰਤਾਰਪੁਰ ਸਾਹਿਬ ਲਾਂਘੇ ਦੇ ਨਿਰਮਾਣ ਅਤੇ ਗੁਰਦੁਆਰਾ ਸਾਹਿਬ ‘ਚ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਦਿਹਾੜੇ ‘ਤੇ ਹੋਣ ਵਾਲੇ ਸਮਾਗਮਾਂ ਦਾ ਪ੍ਰਬੰਧ ਕਰਨ ਲਈ ਪਾਕਿਸਤਾਨ ਸਰਕਾਰ ਵੱਲੋਂ ਬਣਾਈ ਗਈ ਕਮੇਟੀ ਵਿੱਚ ਗੋਪਾਲ ਸਿੰਘ ਚਾਵਲਾ ਸਣੇ 3 ਹੋਰ ਖਾਲਿਸਤਾਨ ਹਿਮਾਇਤੀ ਲੋਕਾਂ ਨੂੰ ਸ਼ਾਮਲ ਕਰਨ ‘ਤੇ ਇਤਰਾਜ਼ ਜ਼ਾਹਰ ਕਰਦਿਆਂ ਭਾਰਤ ਸਰਕਾਰ ਨੇ ਪਾਕਿਸਤਾਨ ਨੂੰ ਆਪਣਾ ਪੱਖ ਸਪੱਸ਼ਟ ਕਰਨ ਲਈ ਕਿਹਾ ਹੈ। ਸਰਕਾਰ ਨੇ ਕਿਹਾ ਹੈ ਕਿ ਜਦੋਂ ਤੱਕ ਪਾਕਿਸਤਾਨ ਇਸ ਦਾ ਸਪੱਸ਼ਟੀਕਰਨ ਨਹੀਂ ਦੇਵੇਗਾ ਉਦੋਂ ਤੱਕ ਗੱਲਬਾਤ ਅੱਗੇ ਨਹੀਂ ਤੋਰੀ ਜਾਵੇਗੀ।

ਇਸ ਸਬੰਧ ਵਿੱਚ ਭਾਰਤੀ ਵਿਦੇਸ਼ ਮੰਤਰਾਲਿਆ ਨੇ ਨਵੀਂ ਦਿੱਲੀ ਸਥਿਤ ਪਾਕਿਸਤਾਨੀ ਉਪ ਰਾਜਦੂਤ ਸੱਈਦ ਹੈਦਰ ਸ਼ਾਹ ਨੂੰ ਸੱਦ ਕੇ ਆਪਣੇ ਫੈਸਲੇ ਤੋਂ ਜਾਣੂ ਵੀ ਕਰਵਾ ਦਿੱਤਾ ਹੈ। ਵਿਦੇਸ਼ ਮੰਤਰਾਲਿਆ ਨੇ  ਉਪ ਰਾਜਦੂਤ ਨੂੰ ਰਾਹੀਂ ਪਾਕਿਸਤਾਨ ਸਰਕਾਰ ਨੂੰ ਇਹ ਸੁਨੇਹਾ ਭੇਜ ਕੇ ਪੁੱਛਿਆ ਹੈ ਕਿ ਗੁਆਂਢੀ ਮੁਲਕ ਦੀ ਸਰਕਾਰ ਇਹ ਦੱਸੇ ਕਿ ਪਿਛਲੀ ਮੀਟਿੰਗ ਦੌਰਾਨ ਜਦੋਂ ਭਾਰਤ ਸਰਕਾਰ ਨੇ ਇਹ ਸਪੱਸ਼ਟ ਕਰ ਦਿੱਤਾ ਸੀ ਕਿ ਕਰਤਾਰਪੁਰ ਲਾਂਘੇ ਦੇ ਪੂਰੇ ਪ੍ਰੋਜੈਕਟ ਤੋਂ ਖਾਲਿਸਤਾਨੀ ਹਿਮਾਇਤੀਆਂ ਨੂੰ ਦੂਰ ਰੱਖਿਆ ਜਾਵੇ ਇਸ ਦੇ ਬਾਵਜੂਦ ਅਜਿਹਾ ਕਿਉਂ ਕੀਤਾ ਗਿਆ। ਭਾਰਤੀ ਵਿਦੇਸ਼ ਮੰਤਰਾਲਿਆ ਅਨੁਸਾਰ ਪਾਕਿਸਤਾਨ ਵੱਲੋਂ ਇਸ ਮਸਲੇ ‘ਤੇ ਸਫਾਈ ਦਿੱਤੇ ਜਾਣ ਤੋਂ ਬਾਅਦ ਗੱਲਬਾਤ ਅੱਗੇ ਤੋਰੀ ਜਾਵੇਗੀ। ਉਂਝ ਭਾਰਤ ਵੱਲੋਂ ਇਹ ਸੁਝਾਅ ਵੀ ਦਿੱਤਾ ਗਿਆ ਹੈ ਕਿ ਲਾਂਘੇ ਨਾਲ ਜੁੜੇ ਮੁੱਦਿਆਂ ਨੂੰ ਵਿਚਾਰਨ ਲਈ ਤਕਨੀਕੀ ਟੀਮ ਦੀ ਮੀਟਿੰਗ ਆਉਂਦੀ ਅਪ੍ਰੈਲ ਦੇ ਅੱਧ ਤੱਕ ਬੁਲਾਈ ਜਾ ਸਕਦੀ ਹੈ।

ਦੱਸ ਦਈਏ ਕਿ ਇਹ ਤਕਨੀਕੀ ਟੀਮ ਬੈਠਕ ਕਰਕੇ ਕਰਤਾਰਪੁਰ ਗ਼ਲਿਆਰੇ ਨਾਲ ਜੁੜੇ ਵਿਕਾਸ ਦੇ ਨੁਕਤੇ ਵਿਚਾਰੇਗੀ। ਜਿਸ ਵਿੱਚ ਯਾਤਰੀਆਂ ਦੇ ਆਉਣ ਜਾਣ ਦੇ ਰਸਤੇ ਅਤੇ ਉਨ੍ਹਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਸਬੰਧੀ ਫੈਸਲਾ ਕੀਤਾ ਜਾਣਾ ਹੈ।

- Advertisement -

ਉੱਧਰ ਦੂਜੇ ਪਾਸੇ ਭਾਰਤ ਵੱਲੋਂ ਗੱਲਬਾਤ ਨੂੰ ਰੋਕਣ ‘ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਹੈ ਕਿ ਲੰਘੀ 14 ਮਾਰਚ ਨੂੰ ਦੋਵਾਂ ਮੁਲਕਾਂ ਨੇ ਬੈਠਕ ਕਰਕੇ ਫੈਸਲਾ ਲਿਆ ਸੀ ਕਿ ਕਰਤਾਰਪੁਰ ਗ਼ਲਿਆਰੇ ਸਬੰਧੀ ਜਿਹੜੇ ਮੁੱਦੇ ਲਟਕ ਗਏ ਹਨ ਉਨ੍ਹਾਂ ‘ਤੇ ਵਿਚਾਰ ਕਰਨ ਲਈ 2 ਅਪ੍ਰੈਲ ਨੂੰ ਬੈਠਕ ਕੀਤੀ ਜਾਵੇਗੀ, ਉਸ ਬਾਰੇ ਹੁਣ ਭਾਰਤ ਨੇ ਆਖ਼ਰੀ ਸਮੇਂ ‘ਤੇ ਆ ਕੇ ਇਸ ਨੂੰ ਰੱਦ ਕਰ ਦਿੱਤਾ ਹੈ ਜੋ ਕਿ ਆਪਣੇ ਆਪ ਵਿੱਚ ਇੱਕ ਵੱਡਾ ਸਵਾਲ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ 2 ਦਿਨ ਪਹਿਲਾਂ ਪਾਕਿਸਤਾਨ ਸਰਕਾਰ ਨੇ ਇਸ ਮਾਮਲੇ ਨੂੰ ਲੈ ਕੇ 10 ਮੈਂਬਰੀ ਟੀਮ ਦਾ ਐਲਾਨ ਕੀਤਾ ਸੀ, ਜਿਸ ‘ਚ ਸ਼ਾਮਲ ਗੋਪਾਲ ਸਿੰਘ ਚਾਵਲਾ ਸਣੇ 3 ਹੋਰ ਨਾਵਾਂ ਬਿਸ਼ਨ ਸਿੰਘ, ਮਨਿੰਦਰ ਸਿੰਘ ਤੇ ਕੁਲਜੀਤ ਸਿੰਘ ‘ਤੇ ਭਾਰਤ ਸਰਕਾਰ ਨੂੰ ਸਖਤ ਇਤਰਾਜ਼ ਹੈ। ਦੋਸ਼ ਹੈ ਕਿ ਉਕਤ ਚਾਰੋਂ ਜਣੇ ਭਾਰਤ ਵਿੱਚ ਹਿੰਸਾ ਫੈਲਾਉਣ ਅਤੇ ਖਾਲਿਸਤਾਨ ਦੇ ਹਿਮਾਇਤੀ ਹਨ।

ਗੋਪਾਲ ਸਿੰਘ ਚਾਵਲਾ ਬਾਰੇ ਦੱਸ ਦਈਏ ਕਿ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਹ ਮੈਂਬਰ ਮੁੰਬਈ ਹਮਲੇ ਦੇ ਮੁੱਖ ਸਾਜ਼ਿਸ਼ਘਾੜੇ ਹਾਫਿਜ਼ ਸ਼ਈਦ ਨਾਲ ਦੇਖਿਆ ਜਾ ਚੁੱਕਿਆ ਹੈ ਤੇ ਖਾਲਿਸਤਾਨ ਦਾ ਹਿਮਾਇਤੀ ਹੈ। ਚਾਵਲਾ ‘ਤੇ ਇਹ ਦੋਸ਼ ਹੈ ਕਿ ਉਸ ਨੇ ਹਾਫਿਜ਼ ਸ਼ਈਦ ਦੀ ਪਾਰਟੀ ਦੇ ਆਗੂਆਂ ਲਈ ਚੋਣ ਪ੍ਰਚਾਰ ਵੀ ਕੀਤਾ ਸੀ, ਜਿਸ ਨੇ ਭਾਰਤ ਦਾ ਕੌਮੀ ਝੰਡਾ ਸਾੜਦੇ ਹੋਏ ਦੀ ਤਸਵੀਰ ਵੀ ਜਾਰੀ ਕੀਤੀ ਸੀ।

 

 

Share this Article
Leave a comment