ਅੰਮ੍ਰਿਤਸਰ ਨੂੰ 2027 ਤਕ ਇੰਦੌਰ ਵਾਂਗ ਮਾਡਲ ਸ਼ਹਿਰ ਬਣਾਇਆ ਜਾਵੇਗਾ: ਤਰਨਜੀਤ ਸਿੰਘ ਸੰਧੂ

Prabhjot Kaur
4 Min Read

ਅੰਮ੍ਰਿਤਸਰ: ਭਾਜਪਾ ਵਿਚ ਸ਼ਾਮਿਲ ਹੋ ਚੁੱਕੇ ਸਾਬਕਾ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਅੱਜ ਦੀ ਸਵੇਰ ਦੀ ਸੈਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਯਾਦ ਨਾਲ ਸੰਬੰਧਿਤ ਕੰਪਨੀ ਬਾਗ਼ ਵਿਖੇ ਕੀਤੀ, ਜਿੱਥੇ ਉਨ੍ਹਾਂ ਕਰੀਬ ਦੋ ਘੰਟੇ ਸਵੇਰ ਦੀ ਸੈਰ ਕਰਨ ਆਏ ਲੋਕਾਂ ਨਾਲ ਬਿਤਾਉਂਦਿਆਂ ਉਨ੍ਹਾਂ ਨਾਲ ਅੰਮ੍ਰਿਤਸਰ ਦੇ ਵੱਖ ਵੱਖ ਮੁੱਦਿਆਂ ਨੂੰ ਸਾਂਝਾ ਕੀਤਾ ਅਤੇ ਉਨ੍ਹਾਂ ਤੋਂ ਆਮ ਸਮੱਸਿਆਵਾਂ ਨੂੰ ਵੀ ਸਮਝਿਆ। ਇਸ ਮੌਕੇ ਲੋਕਾਂ ਨੇ ਸੰਧੂ ਨੂੰ ਆਪਣੇ ਕਰੀਬ ਦੇਖਦਿਆਂ ਖ਼ੁਸ਼ੀ ਦੀ ਇਜ਼ਹਾਰ ਕੀਤਾ ਅਤੇ ਨਿੱਘਾ ਸਵਾਗਤ ਕੀਤਾ।

ਸੰਧੂ ਨੇ ਲੋਕਾਂ ਵੱਲੋਂ ਚਾਹ ਅਤੇ ਸੂਪ ਦੀ ਕੀਤੀ ਗਈ ਪੇਸ਼ਕਸ਼ ਨੂੰ ਸਵੀਕਾਰ ਕਰਦਿਆਂ ਇਸ ਦਾ ਆਨੰਦ ਮਾਣਿਆ। ਸੈਰ ਕਰਨ ਆਏ ਲੋਕਾਂ ਵੱਲੋਂ ਮਿਲੇ ਪਿਆਰ ਨਾਲ ਗੱਦ ਗੱਦ ਹੋਏ ਸੰਧੂ ਨੇ ਕਿਹਾ ਕਿ ਆਪਣੇ ਲੋਕਾਂ ਨੂੰ ਮਿਲ ਕੇ ਉਨ੍ਹਾਂ ਨੂੰ ਬਹੁਤ ਖ਼ੁਸ਼ੀ ਮਿਲੀ ਹੈ। ਛੋਟਾ ਹੁੰਦਾ ਸੀ ਆਉਂਦਾ ਹੁੰਦਾ ਸਾਂ। ਪਰ ਹੁਣ ਬਾਗ਼ ਦੀ ਖਸਤਾ ਹਾਲਤ ਦੇਖ ਕੇ ਨਿਰਾਸ਼ ਵੀ ਹਾਂ। ਇਹ ਮਹਾਰਾਜਾ ਰਣਜੀਤ ਸਿੰਘ ਦੀ ਵਿਰਾਸਤ ਹੈ। ਇਸ ਦਾ ਵਿਕਾਸ ਅਤੇ ਸੰਭਾਲ ਜ਼ਰੂਰ ਹੋਣਾ ਚਾਹੀਦਾ ਸੀ।

ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਜਿਵੇਂ ਇਕ ਫ਼ੌਜੀ ਆਪਣੀ ਸ਼ੇਵਾ ਮੁਕਤੀ ਤੋਂ ਬਾਅਦ ਆਪਣੇ ਘਰ ਆਉਂਦਾ ਹੈ, ਮੈ ਵੀ ਦੇਸ਼ ਦੀ 36 ਸ਼ਾਲ ਸੇਵਾ ਕਰਨ ਤੋਂ ਬਾਅਦ ਆਪਣੇ ਘਰ ਵਾਪਸ ਆਗਿਆ ਹਾਂ ਅਤੇ ਹੁਣ ਗੁਰੂ ਨਗਰੀ ਅਤੇ ਇੱਥੋਂ ਦੇ ਲੋਕਾਂ ਨੂੰ ਸਮਰਪਿਤ ਹਾਂ। ਉਨ੍ਹਾਂ ਕਿਹਾ ਕਿ 6 ਸ਼ਾਲਾਂ ਵਿਚ ਇੰਦੌਰ ਸਫ਼ਾਈ ਦੇ ਪੱਖੋਂ ਇਕ ਮਾਡਲ ਸ਼ਹਿਰ ਬਣ ਗਿਆ ਹੈ ਤਾਂ ਕੀ ਅਸੀਂ ਗੁਰੂ ਨਗਰੀ ’ਅੰਮ੍ਰਿਤਸਰ ਸਿਫ਼ਤੀਂ ਦੇ ਘਰ’ ਨੂੰ ਕਿਉਂ ਨਹੀਂ ਸਵਾਰ ਸਕਦੇ ਅਤੇ ਇਸ ਦੀ ਨੁਹਾਰ ਬਦਲ ਸਕਦੇ ? ਉਨ੍ਹਾਂ ਯਕੀਨ ਦੁਆਇਆ ਕਿ 2027 ’ਚ ਅੰਮ੍ਰਿਤਸਰ ਦੇ 450 ਸਾਲਾ ਮੌਕੇ ਸ਼ਹਿਰ ਦੀ ਨੁਹਾਰ ਪੂਰੀ ਤਰਾਂ ਬਦਲ ਦਿੱਤੀ  ਜਾਵੇਗੀ। ਉਨ੍ਹਾਂ ਕਿਹਾ ਕਿ  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਅਨੇਕਾਂ ਨੀਤੀਆਂ ਅਤੇ ਦਿੱਤੀਆਂ ਗਈਆਂ ਸਹੂਲਤਾਂ ਅੰਮ੍ਰਿਤਸਰ ਵੀ ਆਉਣਗੀਆਂ। ਇਸ ਮੌਕੇ ਸੈਰ ਕਰਨ ਆਏ ਲੋਕਾਂ ਨੇ ਸੰਧੂ ਨਾਲ ਯਾਦਗਾਰੀ ਤਸਵੀਰਾਂ ਖਿਚਵਾਈਆਂ ਅਤੇ ਸੈਲਫੀਆਂ ਵੀ ਲਈਆਂ। ਇਸ ਦੌਰਾਨ ਸੰਧੂ ਨੇ ਫਰੈਂਡਲੀ ਮਿਊਜ਼ੀਕਲ ਗਰੁੱਪ ਵੱਲੋਂ ਹੋਲੀ ਦੇ ਮੌਕੇ ਕਰਾਏ ਜਾ ਰਹੇ ਸਮਾਗਮ ਵਿਚ ਵੀ ਸ਼ਿਰਕਤ ਕੀਤੀ ਅਤੇ ਉਨ੍ਹਾਂ ਨਾਲ ਹੋਲੀ ਦੀ ਖ਼ੁਸ਼ੀ ਸਾਂਝੀ ਕਰਨ ਤੋਂ ਇਲਾਵਾ ਭਜਨ ਅਤੇ ਦੇਸ਼ ਭਗਤੀ ਦੇ ਗੀਤਾਂ ਨੂੰ ਵੀ ਗੁਣਗੁਣਾਇਆ। ਇਕ ਨੰਨ੍ਹੀ ਬੱਚੀ ਨੇ ਸੰਧੂ ਨੂੰ ਤਿਲਕ ਲਗਾਉਂਦਿਆਂ ਸੰਕੇਤਕ ਹੋਲੀ ਮਨਾਈ। ਇਸ ਮੌਕੇ ਗਰੁੱਪ ਦੇ ਚੀਫ਼ ਪੈਟਰਨ ਰਾਜੂ, ਮੀਤ ਪ੍ਰਧਾਨ ਸਾਯਾ ਅਤੇ ਚੇਅਰਮੈਨ ਸੰਜੇ ਮਹੇਸ਼ਵਰੀ ਵੱਲੋਂ ਸੰਧੂ ਸਨਮਾਨਿਤ ਕੀਤਾ ਗਿਆ। ਇਸੇ ਤਰਾਂ ’ਦੋਸਤਾਂ ਦੀ ਮਹਿਫਿਲ ਮਿਊਜ਼ੀਕਲ ਗਰੁੱਪ’ ਦੇ ਆਗੂ ਦਵਿੰਦਰ ਕੁਮਾਰ ਅਤੇ ਅੰਮ੍ਰਿਤਸਰ ਵਿਕਾਸ ਮੰਚ ਦੇ ਨੇਤਾ ਸੁਰਿੰਦਰ ਜੀਤ ਸਿੰਘ ਵੱਲੋਂ ਵੀ ਸੰਧੂ ਦਾ ਨਿੱਘਾ ਸਵਾਗਤ ਕੀਤਾ ਗਿਆ।

ਇਸ ਤੋਂ ਪਹਿਲਾਂ ਸੰਧੂ ਨੇ ਬਾਗ਼ ਵਿਚ ਵਰਜ਼ਿਸ਼ ਕਰ ਰਹੇ ਨੌਜਵਾਨਾਂ ਨਾਲ ਉਨ੍ਹਾਂ ਨੂੰ ਦਰਪੇਸ਼ ਚੁਨੌਤੀਆਂ ਬਾਰੇ ਚਰਚਾ ਕੀਤੀ। ਨੌਜਵਾਨ ਅਨੁਜ ਚੋਗਾਵਾਂ ਨੇ ਸੰਧੂ ਦੀਆਂ ਦਲੀਲਾਂ ਤੋਂ ਪ੍ਰਭਾਵਿਤ ਹੁੰਦਿਆਂ ਕਿਹਾ ਕਿ  ਉਨ੍ਹਾਂ ਦੇ ਅੰਮ੍ਰਿਤਸਰ ਪ੍ਰਤੀ ਮਿਸ਼ਨ ਨੂੰ ਨੌਜਵਾਨਾਂ ਵੱਲੋਂ ਪੂਰਾ ਸਹਿਯੋਗ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਾਡੇ ਕੋਲ ਇਕ ਲੀਡਰਸ਼ਿਪ ਦੀ ਕਮੀ ਸੀ ਜੋ ਹੁਣ ਪੂਰੀ ਹੋ ਰਹੀ ਹੈ। ਸਵਰਨਕਾਰ ਸੰਘ ਦੇ ਪ੍ਰਧਾਨ ਜਸਵੰਤ ਸਿੰਘ ਤੇ ਸਾਥੀਆਂ ਨੇ ਸੰਧੂ ਦੀ ਲੋਕਾਂ ਦੀ ਸੇਵਾ ਅਤੇ ਸ਼ਹਿਰ ਦੇ ਵਿਕਾਸ ਪ੍ਰਤੀ ਦੂਰ-ਦ੍ਰਿਸ਼ਟੀ ਵਾਲੀ ਸੋਚ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਸ਼ਹਿਰ ਦਾ ਵਿਕਾਸ ’ਚ ਜੋ ਪਿਛਲੇ ਦੋ ਦਹਾਕਿਆਂ ਤੋਂ ਖੜੋਤ ਆਈ ਹੋਈ ਹੈ, ਹੁਣ ਸੰਧੂ ਦੀ ਪਹੁੰਚ ਅਤੇ ਸਮਰੱਥਾ ਦਾ ਫ਼ਾਇਦਾ ਉਨ੍ਹਾਂ ਦਾ ਸਾਥ ਦੇ ਕੇ ਉਠਾਇਆ ਜਾਵੇਗਾ। ਯਾਦ ਰਹੇ ਕਿ ਤਰਨਜੀਤ ਸਿੰਘ ਸੰਧੂ ਨੇ ਬੀਤੀ ਕੁਝ ਦਿਨ ਪਹਿਲਾਂ ਇਸੇ ਕੰਪਨੀ ਬਾਗ਼ ਅਤੇ ਮਹਾਰਾਜ ਰਣਜੀਤ ਸਿੰਘ ਨਾਲ ਸੰਬੰਧਿਤ ਯਾਦਗਾਰਾਂ ਦੀ ਸੰਭਾਲ ਅਤੇ ਮੁਰੰਮਤ ਲਈ ਕੇਂਦਰ ਸਰਕਾਰ ਤੋਂ 2.75 ਕਰੋੜ ਰੁਪਏ ਮਨਜ਼ੂਰ ਕਰਵਾ ਚੁੱਕੇ ਹਨ।

- Advertisement -

Share this Article
Leave a comment