ਧਮਕੀਆਂ ਤੋਂ ਬਾਅਦ ਸੁਖਬੀਰ ਦੇ ਪੈਰੀ ਪੈਣ ਲੱਗੇ ਪੁਲਿਸ ਵਾਲੇ? ਖ਼ਬਰ ਲੱਗੀ ਤਾਂ DSP ਕਹਿੰਦਾ ਸੁਖਬੀਰ ਮੇਰਾ ਚਾਚਾ

ਬਠਿੰਡਾ : ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਾਲ ਇੱਕ ਡੀਐਸਪੀ ਕਰਨਸ਼ੇਰ ਸਿੰਘ ਦੀ ਅਜਿਹੀ ਤਸਵੀਰ ਵਾਇਰਲ ਹੋਈ ਹੈ। ਜਿਸ ਤਸਵੀਰ ਵਿੱਚ ਡਿਊਟੀ ‘ਤੇ ਤਾਇਨਾਤ ਡੀਐਸਪੀ ਕਰਨਸ਼ੇਰ ਸਿੰਘ ਢਿੱਲੋਂ ਸੁਖਬੀਰ ਬਾਦਲ ਦੇ ਪੈਰੀ ਹੱਥ ਲਾਉਂਦੇ ਦਿਖਾਈ ਦੇ ਰਹੇ ਹਨ। ਦੈਨਿਕ ਭਾਸਕਰ ਅਖਬਾਰ ਵੱਲੋਂ ਛਾਪੀ ਗਈ ਇਹ ਤਸਵੀਰ ਜੰਗਲ ਦੀ ਅੱਗ ਵਾਂਗ ਫੈਲ ਕੇ ਪੰਜਾਬ ਦੇ ਸਿਆਸੀ ਮਹੌਲ ਨੂੰ ਇਹ ਕਹਿੰਦਿਆਂ ਗਰਮਾ ਰਹੀ ਹੈ, ਕਿ ਦੋਸ਼ ਸੱਚ ਹੀ ਲਗਦੇ ਨੇ ਕਿ ਸਰਕਾਰ ਕੈਪਟਨ ਦੀ ਹੈ ਤੇ ਰਾਜ ਅੱਜ ਵੀ ਸੁਖਬੀਰ ਦਾ ਚਲਦਾ ਹੈ। ਭਾਵੇਂ ਕਿ ਵਾਇਰਲ ਤਸਵੀਰ ਵਿੱਚ ਸੁਖਬੀਰ ਬਾਦਲ ਪੈਰੀ ਹੱਥ ਲਾਉਂਦੇ ਡੀਐਪੀ ਨੂੰ ਹੱਥ ਨਾਂਲ ਅਜਿਹਾ ਕਰਨੋ ਰੋਕਦੇ ਦਿਖਾਈ ਦੇ ਰਹੇ ਹਨ। ਪਰ ਡਿਉੂਟੀ ‘ਤੇ ਤਾਇਨਾਤ ਇੱਕ ਡੀਐਸਪੀ ਰੈਂਕ ਦੇ ਪੁਲਿਸ ਅਧਿਕਾਰੀ ਵੱਲੋਂ ਉਸ ਆਗੂ ਦੇ ਪੈਰੀ ਹੱਥ ਲਾਉਣਾ ਕਈਆਂ ਨੂੰ ਹੈਰਾਨ ਕਰ ਗਿਆ ਜਿਹੜਾ ਆਗੂ ਹੁਣ ਸੱਤਾ ‘ਚ ਵੀ ਨਹੀਂ ਹੈ।

ਜਦੋਂ ਇਸ ਮਾਮਲੇ ਸਬੰਧੀ ਬਠਿੰਡਾ ਦੇ ਡੀਐਸਪੀ ਕਰਨਸ਼ੇਰ ਢਿੱਲੋਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਬੀਤੇ ਦਿਨੀਂ ਸੁਖਬੀਰ ਬਾਦਲ ਜਿਵੇਂ ਹੀ ਬਠਿੰਡਾ ‘ਚ ਸਰਕਲ ਮੀਟਿੰਗ ਦੌਰਾਨ ਆਪਣੀ ਗੱਡੀ ਤੋਂ ਹੇਠਾਂ ਉੱਤਰ ਰਹੇ ਸੀ ਤਾਂ ਉਨ੍ਹਾਂ ਦਾ ਪੈਰ ਤਿਲਕ ਗਿਆ ਜਿਸ ਨੂੰ ਬਚਾਉਣ ਲਈ ਉਨ੍ਹਾਂ ਸੁਖਬੀਰ ਬਾਦਲ ਨੂੰ ਫੜਨ ਦੀ ਕੋਸ਼ਿਸ਼ ਕੀਤੀ ਸੀ। ਕਰਨਸ਼ੇਰ ਸਿੰਘ ਢਿੱਲੋਂ ਨੇ ਕਿਹਾ ਕਿ ਸੁਖਬੀਰ ਬਾਦਲ ਦੇ ਪੈਰੀ ਹੱਥ ਲਾਉਣ ਵਾਲੀ ਗੱਲ ਬਿਲਕੁਲ ਝੂਠ ਹੈ ਕਿਉਂਕਿ ਤਸਵੀਰ ਵਿੱਚ ਸਾਫ ਦਿਖਦਾ ਹੈ ਕਿ ਉਨ੍ਹਾਂ (ਕਰਨਸ਼ੇਰ) ਦਾ ਹੱਥ ਸੁਖਬੀਰ ਦੇ ਪੈਰਾਂ ਨਾਂਲੋਂ 3 ਫੁੱਟ ਉੱਚਾ ਹੈ ਤੇ ਲੱਕ ਕੋਲ ਹੈ।

ਜਦਕਿ ਅਖ਼ਬਾਰ ਦੈਨਿਕ ਭਾਸਕਰ ਵੱਲੋਂ ਕੀਤੇ ਗਏ ਦਾਅਵੇ ਅਨੁਸਾਰ ਡੀਐਸਪੀ ਕਰਨਸ਼ੇਰ ਦਾ ਕਹਿਣਾ ਹੈ ਕਿ ਉਹ ਲੰਬੀ ਹਲਕੇ ਦੇ ਹਨ। ਸੁਖਬੀਰ ਰਿਸ਼ਤੇਦਾਰੀ ‘ਚੋਂ ਦੂਰ ਦਾ ਚਾਚਾ ਹੈ ਇਸੇ ਲਈ ਅਜਿਹਾ ਕੀਤਾ। ਅਖ਼ਬਾਰ ਅਨੁਸਾਰ ਡੀਐਸਪੀ ਦਾ ਕਹਿਣਾ ਹੈ ਕਿ ਉਹ ਮਨਪ੍ਰੀਤ ਬਾਦਲ ਨੂੰ ਵੀ ਵੱਡੇ ਹੋਣ ਦੇ ਨਾਤੇ ਇੱਜ਼ਤ ਦਿੰਦੇ ਹਨ।

ਇੱਥੇ ਦੱਸਣਯੋਗ ਹੈ ਕਿ ਵਿਰੋਧੀਆਂ ਲਈ ਇਹ ਖ਼ਬਰ ਇਸ ਲਈ ਜਿਆਦਾ ਚਟਕਾਰੇਦਾਰ ਬਣ ਗਈ ਹੈ ਕਿਉਂਕਿ ਇੰਨੀ ਦਿਨੀਂ ਸੁਖਬੀਰ ਬਾਦਲ ਕੈਪਟਨ ਸਰਕਾਰ ਦੇ ਪੁਲਿਸ ਅਧਿਕਾਰੀਆਂ ਦੇ ਖਿਲਾਫ ਧਮਕੀ ਭਰੀਆਂ ਬਿਆਨਬਾਜ਼ੀਆਂ ਕਰਦੇ ਆਮ ਦਿਖਾਈ ਦੇ ਜਾਂਦੇ ਹਨ। ਕਦੇ ਉਹ ਪੁਲਿਸ ਵਾਲਿਆਂ ਨੂੰ ਨੌਕਰੀਓਂ ਕੱਢਣ ਦੀਆਂ ਗੱਲਾਂ ਕਰਦੇ ਹਨ, ਕਦੇ ਉਨ੍ਹਾਂ ਦੇ ਪਾਰਟੀ ਆਗੂ ਸਟੇਜਾਂ ਤੋਂ ਐਸਐਸਪੀ ਤੇ ਆਈਜੀ ਲੈਵਲ ਦੇ ਅਧਿਕਾਰੀਆਂ ਨੂੰ ਧਮਕਾਉਂਦੇ ਦਿਖਾਈ ਦਿੰਦੇ ਹਨ ਤੇ ਕਦੇ ਲੋਕਾਂ ਨੂੰ ਕਹਿੰਦੇ ਹਨ ਕਿ ਤੁਸੀਂ 13 ਦੀਆਂ 13 ਸੀਟਾਂ ਜਿੱਤ ਕੇ ਅਕਾਲੀ ਦਲ ਦੀ ਝੋਲੀ ਪਾਓ ਤੇ ਫਿਰ ਦੇਖਿਓ ਉਨ੍ਹਾਂ ਪੁਲਿਸ ਵਾਲਿਆਂ ਦਾ ਹਾਲ ਜਿਹੜੇ ਝੂਠੇ ਪਰਚੇ ਦਰਜ ਕਰਦੇ ਹਨ ਉਹ ਕਹਿੰਦੇ ਦਿਖਾਈ ਦੇਣਗੇ ਕਿ ਸੁਖਬੀਰ ਆ ਗਿਆ। ਅਜਿਹੇ ਵਿੱਚ ਜਿਨ੍ਹਾਂ ਨੇ ਇਹ ਬਿਆਨ ਵੇਖੇ ਸੁਣੇ ਜਾਂ ਪੜੇ ਹੋਣਗੇ ਉਨ੍ਹਾਂ ਨੂੰ ਪੈਰੀ ਹੱਥ ਲਾਉਂਦੇ ਡੀਐਸਪੀ ਦੀ ਤਸਵੀਰ ਦੇਖ ਕੇ ਕੋਈ ਹੈਰਾਨੀ ਨਹੀਂ ਹੋਈ ਹੋਵੇਗੀ ਕਿਉਂਕਿ ਵਿਰੋਧੀਆਂ ਅਨੁਸਾਰ ਇਸ ਤੋਂ ਬਾਅਦ ਤਾਂ ਕਿਸੇ ਵੀ ਪੁਲਿਸ ਵਾਲੇ ਦਾ ਡਰਨਾ ਸੁਭਾਵਕ ਹੈ।

 

 

 

Check Also

CBG ਪਲਾਂਟਾਂ ਤੋਂ ਪੈਦਾ ਹੋਈ ਆਰਗੈਨਿਕ ਖਾਦ ਖੇਤੀ ਤੇ ਬਾਗ਼ਬਾਨੀ ਲਈ ਵਰਤੀ ਜਾਵੇਗੀ: ਅਮਨ ਅਰੋੜਾ

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਕੰਪਰੈਸਡ ਬਾਇਓਗੈਸ (ਸੀਬੀਜੀ) ਪਲਾਂਟਾਂ ਵੱਲੋਂ …

Leave a Reply

Your email address will not be published.