ਵਿਧਾਨ ਸਭਾ ਦੀਆਂ ਚਾਰ ਉਪ ਚੋਣਾਂ ‘ਚ ਹਵਾ ਕਿਸੇ ਪਾਰਟੀ ਦੇ ਹੱਕ ‘ਚ ਨਹੀਂ

TeamGlobalPunjab
5 Min Read

ਜਗਤਾਰ ਸਿੰਘ ਸਿੱਧੂ (ਸੀਨੀਅਰ ਪੱਤਰਕਾਰ)

ਚੰਡੀਗੜ੍ਹ : ਪੰਜਾਬ ਦੀਆਂ 4 ਵਿਧਾਨ ਸਭਾ ਜ਼ਿਮਨੀ ਚੋਣਾਂ ਲਈ ਮੈਦਾਨ ਭਖ ਗਿਆ ਹੈ। ਇਨ੍ਹਾਂ ਵਿੱਚੋਂ ਜਲਾਲਬਾਦ ਪਹਿਲਾਂ ਅਕਾਲੀ ਦਲ ਕੋਲ ਸੀ, ਦਾਖਾਂ ਆਮ ਆਦਮੀ ਪਾਰਟੀ ਕੋਲ ਸੀ, ਮੁਕੇਰੀਆਂ ‘ਤੇ ਹਾਕਮ ਧਿਰ ਕਾਂਗਰਸ ਦਾ ਕਬਜ਼ਾ ਸੀ ਜਦੋਂ ਕਿ ਫਗਵਾੜਾ ਭਾਜਪਾ ਕੋਲ ਸੀ। ਇਨ੍ਹਾਂ ਵਿੱਚੋਂ ਤਿੰਨ ਹਲਕੇ ਤਾਂ ਅਸਤੀਫੇ ਦੇਣ ਕਾਰਨ ਖਾਲੀ ਹੋਏ ਹਨ ਅਤੇ ਮੁਕੇਰੀਆਂ ਕਾਂਗਰਸ ਦੇ ਵਿਧਾਇਕ ਦੀ ਮੌਤ ਹੋ ਜਾਣ ਕਾਰਨ ਖਾਲੀ ਹੋਇਆ ਹੈ। ਇਸ ਤਰ੍ਹਾਂ ਇਹ ਕਿਹਾ ਜਾ ਸਕਦਾ ਹੈ ਕਿ ਪੰਜਾਬ ਦੀਆਂ ਚਾਰ ਮੁੱਖ ਰਾਜਸੀ ਪਾਰਟੀਆਂ ਲਈ ਇਮਤਿਹਾਨ ਦੀ ਪਹਿਲੀ ਸ਼ਰਤ ਇਹ ਹੈ ਕਿ ਉਹ ਆਪਣੀ ਪੁਰਾਣੀ ਸੀਟ ‘ਤੇ ਕਬਜਾ ਬਰਕਰਾਰ ਰੱਖ ਸਕਦੇ ਹਨ ਜਾਂ ਨਹੀਂ? ਇਸ ਤੋਂ ਬਾਅਦ ਇਹ ਦਾਅਵੇਦਾਰੀਆਂ ਵੇਖੀਆਂ ਜਾਣਗੀਆਂ ਕਿ ਕੌਣ ਕਿੰਨੀਆਂ ਸੀਟਾਂ ‘ਤੇ ਜਿੱਤ ਹਾਸਲ ਕਰਦਾ ਹੈ। ਇਨ੍ਹਾਂ ਚਾਰਾਂ ਸੀਟਾਂ ਵਿੱਚੋਂ ਜਲਾਲਾਬਾਦ ਅਤੇ ਦਾਖਾਂ ਤੋਂ ਅਕਾਲੀ ਦਲ ਲੜ ਰਿਹਾ ਹੈ, ਜਦੋਂ ਕਿ ਉਸ ਦੀ ਸਹਿਯੋਗੀ ਪਾਰਟੀ ਭਾਜਪਾ ਦੁਆਬੇ ਦੀਆਂ ਮੁਕੇਰੀਆਂ ਅਤੇ ਫਗਵਾੜਾ ਵਿਧਾਨ ਸਭਾ ਸੀਟਾਂ ਤੋਂ ਆਪਣੀ ਕਿਸਮਤ ਅਜਮਾ ਰਹੀ ਹੈ। ਆਪ ਅਤੇ ਕਾਂਗਰਸ ਇਕੱਲੀਆਂ ਮੈਦਾਨ ਵਿੱਚ ਉਤਰੀਆਂ ਹੋਈਆਂ ਹਨ।ਡੈਮੋਕ੍ਰੇਟਿਕ ਜ਼ਮਹੂਰੀ ਗੱਠਜੋੜ ਵਿੱਚੋਂ ਬੈਂਸ ਭਰਾਵਾਂ ਦੀ ਲੋਕ ਇਨਸਾਫ ਪਾਰਟੀ ਨੇ ਵਧੇਰੇ ਜੋਰ ਦਾਖਾ ਲਈ ਲਾਇਆ ਹੋਇਆ ਹੈ। ਫਗਵਾੜਾ ਵਿੱਚ ਉਨ੍ਹਾਂ ਦਾ ਪੇਚਾ ਆਪਣੀ ਹੀ ਧਿਰ  ਬਸਪਾ ਨਾਲ ਪਿਆ ਹੋਇਆ ਹੈ। ਬਸਪਾ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਬੈਂਸ ਭਰਾਵਾਂ ਨੇ ਬਸਪਾ ਦੇ ਮੁਕਾਬਲੇ ਉਮੀਦਵਾਰ ਵਾਪਸ ਨਾ ਲਿਆ ਤਾਂ ਪਾਰਟੀ ਸੋਚੇਗੀ ਕਿ ਦਾਖਾ ਅੰਦਰ ਕਿਹੜੀ ਪਾਰਟੀ ਨੂੰ ਹਿਮਾਇਤ ਦੇਣੀ ਹੈ।

ਪਿਛਲੀਆਂ ਵਿਧਾਨ ਸਭਾ ਚੋਣਾਂ ‘ਤੇ ਜੇਕਰ ਨਜ਼ਰ ਮਾਰੀਏ ਤਾਂ ਇਸ ਦੇ ਮੁਕਾਬਲੇ ਇਨ੍ਰਾਂ 4 ਸੀਟਾਂ ਦੀ ਸਥਿਤੀ ਕਾਫੀ ਬਦਲੀ ਹੋਈ ਹੈ । ਪਹਿਲਾਂ ਇਨ੍ਹਾਂ ਚਾਰ ਹਲਕਿਆਂ ਲਈ ਆਪ ਦੇ ਉਮੀਦਵਾਰ ਮੈਦਾਨ ਵਿੱਚ ਸਨ ਪਰ ਹੁਣ ਬੈਂਸ ਭਰਾ ਅਲੱਗ ਹੋ ਗਏ ਹਨ ਅਤੇ ਸੁਖਪਾਲ ਖਹਿਰਾ ਨੇ ਵੀ ਪੰਜਾਬ ਏਕਤਾ ਪਾਰਟੀ ਬਣਾ ਲਈ ਹੈ। ਕਾਂਗਰਸ ਪਾਰਟੀ ਤਾਕਤ ਵਿੱਚ ਹੋਣ ਕਰਕੇ 4 ਸੀਟਾਂ ਜਿੱਤਣ ਦਾ  ਦਾਅਵਾ ਕਰ ਰਹੀ ਹੈ ਕਿਉਂ ਜੋ ਆਮ ਤੌਰ ‘ਤੇ ਲੋਕ ਵਿਧਾਨ ਸਭਾ ਦੀ ਉਪ ਚੋਣ ਵਿੱਚ ਹਾਕਮ ਧਿਰ ਦੇ ਉਮੀਦਵਾਰ ਨੂੰ ਵੋਟ ਦਿੰਦੇ ਹਨ। ਲੋਕਾਂ ਦਾ ਭਰੋਸਾ ਹੁੰਦਾ ਹੈ ਕਿ ਹਾਕਮ ਧਿਰ ਉਨ੍ਹਾਂ ਦੇ ਹਲਕੇ ਦੇ  ਵਿਕਾਸ ਦੇ ਕੰਮ ਕਰਵਾਏਗੀ। ਇਸ ਤਸਵੀਰ ਦਾ ਦੂਜਾ ਪਹਿਲੂ  ਇਹ ਹੈ ਕਿ ਕੈਪਟਨ ਸਰਕਾਰ ਨੇ ਪਿਛਲੀ ਚੋਣ ਵੇਲੇ ਪੰਜਾਬੀਆਂ ਨਾਲ ਵੱਡੇ ਵਾਅਦੇ ਕੀਤੇ ਸਨ ਪਰ ਇਨ੍ਹਾਂ ਵਾਅਦਿਆਂ ਵਿੱਚੋਂ ਇੱਕ ਵੀ ਪੂਰਾ ਨਹੀਂ ਹੋਇਆ।

ਇਸ ਕਰਕੇ ਕੈਪਟਨ ਸਰਕਾਰ ਵਿਰੁੱਧ ਮੁਲਾਜ਼ਮਾਂ , ਕਿਸਾਨਾਂ ਅਤੇ ਹੋਰ ਵਰਗਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਇਸ ਲਈ ਕਾਂਗਰਸ ਦੇ ਦਾਅਵਿਆਂ ਦਾ ਪਤਾ ਚੋਣ ਨੀਤੀ ਦੇ ਆਉਣ ‘ਤੇ ਹੀ ਲੱਗੇਗਾ ਅਕਾਲੀ ਦਲ ਜਲਾਲਬਾਦ ਅਤੇ ਦਾਖਾਂ ਸੀਟ ਜਿੱਤਣ ਦੇ ਵੱਡੇ ਦਾਅਵੇ ਕਰ ਰਿਹਾ ਹੈ। ਇਸ ਦੇ ਬਾਵਜੂਦ ਅਕਾਲੀ ਦਲ ਨੂੰ ਅਜੇ ਵੀ ਬੇਅਦਬੀ ਦੇ ਮੁੱਦੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਨਤੀਜੇ ਹੀ ਦੱਸਣਗੇ ਕਿ ਬੇਅਦਬੀ ਦੇ ਮੁੱਦੇ ‘ਤੇ ਅਕਾਲੀ ਦਲ ਬਾਹਰ ਆ ਸਕਿਆ ਹੈ ਜਾਂ ਨਹੀਂ। ਭਾਜਪਾ ਦੋਹਾਂ ਸੀਟਾਂ ਲਈ ਮੋਦੀ ਲਹਿਰ ਦਾ ਲਾਹਾ ਲੈਣ ਦੀ ਤਾਕ ਵਿੱਚ ਹੈ। ਪੰਜਾਬੀ ਮੋਦੀ ਲਹਿਰ ਨੂੰ ਕਿੰਨੀ ਹਮਾਇਤ ਦੇਣਗੇ ਇਸ ਦਾ ਜੁਆਬ ਵੀ ਵੋਟਰ ਹੀ ਦੇਣਗੇ। ਅਕਾਲੀ ਭਾਜਪਾ ਗਠਜੋੜ ਦੀ ਲੀਡਰਸ਼ਿੱਪ ਪੰਜਾਬ ਵਿੱਚ ਏਕਤਾ ਦਾ ਜਿੰਨਾ ਮਰਜ਼ੀ ਦਾਅਵਾ ਕਰੇ ਪਰ ਹਕੀਕਤ ਇਹ ਹੈ ਕਿ ਇਸ ਗੱਠਜੋੜ ਅੰਦਰ ਵੀ ਬੇਭਰੋਸਗੀ ਦਾ ਮਹੌਲ ਬਣਗਿਆ ਹੈ। ਇਨ੍ਹਾਂ ਚੋਣਾਂ ‘ਤੇ ਵੀ ਇਸ ਦਾ ਅਸਰ ਪੈਣਾ ਸੁਭਾਵਿਕ ਹੈ। ਇਨ੍ਹਾਂ ਚਾਰ ਉਪ ਚੋਣਾਂ ਵਿੱਚ ਰਾਜਸੀ ਸਥਿਤੀ ਬਹੁਤ ਹੀ ਦਿਲਚਸਪ ਬਣੀ ਹੋਈ ਹੈ। ਸਮੁੱਚੀਆਂ ਰਾਜਸੀ ਧਿਰਾਂ ਕਿਸੇ ਨਾ ਕਿਸੇ ਕਾਰਨ ਉਲਝਣ  ਵਿੱਚ ਫਸੀਆਂ ਹੋਈਆਂ ਹਨ। ਇਨ੍ਹਾਂ ਵਿੱਚੋਂ ਕਿਸੇ ਵੀ ਪਾਰਟੀ ਦੇ ਹੱਕ ‘ਚ ਹਵਾ ਨਹੀਂ ਹੈ। ਕੈਪਟਨ ਸਰਕਾਰ ‘ਤੇ ਨਸ਼ੇ, ਬੇਰੁਜ਼ਗਾਰੀ ਕਿਸਾਨੀ ਕਰਜ਼ੇ ਅਤੇ ਬੇਅਦਬੀ ਦੇ ਮੁੱਦੇ ‘ਤੇ ਸਵਾਲ ਉਠ ਰਹੇ ਹਨ। ਵਿਰੋਧੀ ਧਿਰਾਂ ਵੀ ਲੋਕ ਮੁੱਦਿਆਂ ‘ਤੇ ਸਰਕਾਰ ਵਿਰੁੱਧ ਕੋਈ ਲਹਿਰ ਨਹੀਂ ਬਣਾ ਸਕੀਆਂ। ਰਾਜਸੀ ਹਲਕਿਆਂ ਵਿੱਚ ਇਹ ਵੀ ਸਵਾਲ ਉਠ ਰਿਹਾ ਹੈ ਕਿ ਇਹ 4 ਚੋਣਾਂ ਪੰਜਾਬੀਆਂ ਦੇ ਮੂਡ ਦਾ ਪ੍ਰਗਟਾਵਾ ਜਰੂਰ ਕਰਨਗੀਆਂ ਅਤੇ ਇਹ ਮੂਡ 2022 ਦੀਆਂ ਆ ਰਹੀਆਂ ਵਿਧਾਨ ਸਭਾ ਚੋਣਾਂ ਦੇ ਮੂਡ ਦਾ ਸੰਕੇਤ ਵੀ ਹੋ ਸਕਦਾ ਹੈ।

Share this Article
Leave a comment