ਹੰਕਾਰ ਤੇ ਰੋਸਿਆਂ ਦਾ ਵਕਤ ਨਹੀਂ , ਕੰਮ ਕਰੋ – ਆਪ ਨਹੀਂ ਜਿੱਤੇ ਲੋਕਾਂ ਨੇ ਜਿਤਾਇਆ – ਕੇਜਰੀ ਨੇ ਵਿਧਾਇਕਾਂ ਨੂੰ ਮੁੜ ਦਿੱਤੀ ਨਸੀਹਤ

TeamGlobalPunjab
4 Min Read

ਬਿੰਦੂ ਸਿੰਘ

ਦਿੱਲੀ ਦੇ ਮੁੱਖਮੰਤਰੀ ਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਅੱਜ ਵੀਡੀਓ ਕਾਨਫਰੰਸ ਜਰੀਏ ਜੁੜ ਕੇ ਪੰਜਾਬ ਦੇ 92 ਵਿਧਾਇਕਾਂ ਨਾਲ ਗੱਲਬਾਤ ਕੀਤੀ ਤੇ ਉਹ ਇੱਕ ਅਧਿਆਪਕ ਮਾਰਫ਼ਤ ਕਲਾਸ ਲੈਂਦੇ ਵੀ ਨਜ਼ਰ ਆਏ। ਕੇਜਰੀਵਾਲ ਨੇ ਨਵੇਂ ਬਣੇ ਮੰਤਰੀਆਂ ਨੂੰ 24 ਵਿਚ ਹੀ 30 ਘੱਟੇ ਕੰਮ ਕਰਨ ਦੀ ਨਸੀਹਤ ਦਿੱਤੀ।

ਕੇਜਰੀਵਾਲ ਨੇ ਕਿਹਾ ਕਿ ਮੰਤਰੀ ਬਣਨ ਦੇ ਬਾਅਦ ਗੱਡੀ ਤੇ ਬੰਗਲੇ ਦੀ ਆਦਤ ਪੈ ਜਾਂਦੀ ਹੈ ਤੇ ਹਲਕਾ ਪਿੱਛੇ ਰਹਿ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਮੁੱਖਮੰਤਰੀ ਸਾਰੇ ਮੰਤਰੀਆਂ ਨੂੰ ਮਿੱਥੇ ਸਮੇਂ ਚ ਕੰਮ ਪੂਰੇ ਕਰਨ ਦਾ ਟੀਚਾ ਦੇਣਗੇ ਤੇ ਮੰਤਰੀਆਂ ਨੂੰ ਬੱਝਵੇ ਸਮੇਂ ਵਿੱਚ ਦਿੱਤੇ ਕੰਮਾਂ ਨੂੰ ਪੂਰਾ ਕਰਨਾ ਹੋਵੇਗਾ, ਨਹੀਂ ਤਾਂ ਫੇਰ ਜਨਤਾ ਦੇ ਕਹਿਣ ਤੇ ਮੰਤਰੀ ਬਦਲ ਦਿੱਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਹਰੇਕ ਮੰਤਰੀ ਨੂੰ ਮੁੱਖਮੰਤਰੀ ਦੇ ਆਖੇ ਮੁਤਾਬਕ ਸੂੱਬੇ ‘ਚ ਵੱਧ ਤੋਂ ਵੱਧ ਸਮਾਂ ਦੇਣਾ ਹੋਵੇਗਾ ਤੇ ਹਰੇਕ ਗਲੀ, ਹਰੇਕ ਪਿੰਡ ਤੱਕ ਪਹੁੰਚ ਕੇ ਲੋਕਾਂ ਦੇ ਵਿੱਚ ਰਹਿਣਾ ਹੋਵੇਗਾ। ਕੇਜਰੀਵਾਲ ਨੇ ਕਿਹਾ ਕੇ ਜੇਕਰ ਅਜਿਹਾ ਨਾ ਕੀਤਾ ਗਿਆ ਤੇ ਫੇਰ ਪੰਜਾਬ ਹਾਰ ਜਾਵੇਗਾ।

ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਹੈ ਕਿ ਮੰਤਰੀ ਨਾ ਬਣਾਏ ਜਾਣ ਨੂੰ ਲੈ ਕੇ ਕਈ ਵਿਧਾਇਕ ਨਾਰਾਜ਼ ਹੋਏ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ 92 ਸੀਟਾਂ ਜਿੱਤ ਕੇ ਆਈ ਹੈ ਤੇ ਸਰਕਾਰ ਚਲਾਉਣ ਲਈ ਮੰਤਰੀਮੰਡਲ ਚ ਵੱਧ ਤੋਂ ਵੱਧ 17 ਮੰਤਰੀ ਹੀ ਬਣਾਏ ਜਾ ਸਕਦੇ ਹਨ। ਇਸ ਕਰਕੇ ਹਰੇਕ ਕਿਸੇ ਨੂੰ ਮੰਤਰੀ ਬਣਾਉਣਾ ਤਾਂ ਸੰਭਵ ਨਹੀਂ ਹੈ ਪਰ ਸਾਰੇ ਜਿੱਤ ਕੇ ਆਏ ਵਿਧਾਇਕਾਂ ਨੂੰ ਇੱਕ ਟੀਮ ਦੇ ਵਾਂਗ ਮਿਲ ਕੇ ਕੰਮ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਚੁਣ ਕੇ ਆਇਆ ਹਰੇਕ ਵਿਧਾਇਕ ਲਿਆਕਤ ਰੱਖਦਾ ਹੈ ਤਾਹੀਓਂ ਲੋਕਾਂ ਨੇ ਉਨ੍ਹਾਂ ਨੂੰ ਚੁਣ ਕੇ ਭੇਜਿਆ ਹੈ।

- Advertisement -

ਕੇਜਰੀਵਾਲ ਨੇ ਬਹੁਤ ਸਖ਼ਤ ਲਹਿਜ਼ੇ ਚ ਵਿਧਾਇਕਾਂ ਤੇ ਮੰਤਰੀਆਂ ਨੂੰ ਸਮਝਾਉਂਦੇ ਹੋਈ ਕਿਹਾ ਕਿ 95 ਫ਼ੀਸਦ ਵਿਧਾਇਕਾਂ ਨੇ ਪਹਿਲੀ ਵਾਰ ਚੋਣਾਂ ਲੜੀਆਂ ਹਨ ਤੇ ਉਨ੍ਹਾਂ ਚੋਂ ਕਈ ਬਹੁਤ ਹੀ ਸਧਾਰਣ ਪਿਛੋਕੜ ਵਾਲੇ ਵਿਅਕਤੀ ਹਨ। ਉਨ੍ਹਾਂ ਕਿਹਾ ਕਿ ਸੋਚਿਆ ਸੀ ਕਦੇ ਕਿ ਵਿਧਾਇਕ ਵੀ ਬਣ ਜਾਣਗੇ। ਹਰੇਕ ਕਾਰਕੂਨ , ਵਿਧਾਇਕ ਤੇ ਮੰਤਰੀ ਨੂੰ ਜਿੰਮੇਵਾਰੀ ਦਿੱਤੀ ਜਾਵੇਗੀ ਜਿਸ ਨੂੰ ਪੂਰਾ ਕਰਨਾ ਹੋਵੇਗਾ। ਉਨ੍ਹਾਂ ਸਾਫ ਕਿਹਾ ਕਿ ਹੰਕਾਰ ਬਿਲਕੁਲ ਨਾ ਕੀਤਾ ਜਾਵੇ। ਕੇਜਰੀਵਾਲ ਨੇ ਕਿਹਾ ਭਗਵੰਤ ਮਾਨ ਇਸ ਟੀਮ ਦੇ ਲੀਡਰ ਵਜੋਂ ਤੇ ਉਹ ਆਪ ਵੱਡੇ ਭਰਾ ਵਾਂਗੂ ਉਨ੍ਹਾਂ ਨਾਲ ਰਹਿਣਗੇ। ਉਨ੍ਹਾਂ ਕਿਹਾ ਕਈ ਨਵੇਂ ਚੁਣੇ ਵਿਧਾਇਕਾਂ ਸਾਹਮਣੇ ਵੱਡੇ ਵੱਡੇ ਲੀਡਰ ਹਾਰ ਗਏ ਹਨ ਪਰ ਇਹ ਗੱਲ ਯਾਦ ਰੱਖਣ ਦੀ ਲੋੜ ਹੈ ਕਿ ਲੋਕਾਂ ਨੇ ਉਨ੍ਹਾਂ ਨੂੰ ਹਰਾਇਆ ਹੈ। ਜੇਕਰ ਹੁਣ ਚੁਣੇ ਨੁਮਾਇੰਦਿਆਂ ਨੇ ਵੀ ਕੰਮ ਨਾ ਕੀਤਾ ਤੇ ਅਗਲੀ ਵਾਰ ਲੋਕ ਉਨ੍ਹਾਂ ਨੂੰ ਵੀ ਹਰਾ ਦੇਣਗੇ। ਕੇਜਰੀਵਾਲ ਨੇ ਕਿਹਾ ਕਿ ਲੋਕਾਂ ਦੀ ਨਿਗਾਹ ਸਾਡੇ ਤੇ ਹੈ ਤੇ ਲੋਕਾਂ ਦੀਆਂ ਉਮੀਦਾਂ ਬਹੁਤ ਅਹਿਮ ਹਨ। ਪਹਿਲਾਂ ਹੀ ਬਹੁਤ ਜ਼ਿਆਦਾ ਵਕਤ ਖ਼ਰਾਬ ਹੋ ਚੁੱਕਿਆ ਹੈ ਇਸ ਕਰਕੇ ਹੁਣ ਕੰਮ ਕਰਨ ਵੱਲ ਹੀ ਧਿਆਨ ਦੇਣਾ ਪਵੇਗਾ।

ਇਸ ਤਰੀਕੇ ਕੇਜਰੀਵਾਲ ਨੇ ਵਿਧਾਇਕਾਂ ਮੰਤਰੀਆਂ ਦੀ ਪੂਰੀ ਕਲਾਸ ਲਈ ਹੈ। ਪੱਟਵਾਰਖਾਨਿਆ ਦੇ ਬਾਹਰ ਰਿਸ਼ਵਤਾਂ ਨਾ ਲੈਣ ਦੇਣ ਦੇ ਫੱਟੇ ਲੱਗ ਜਾਣ ਦੀਆਂ ਖ਼ਬਰਾਂ ਆ ਰਹੀਆਂ ਹਨ। ਕਹਿੰਦੇ ਦਫਤਰਾਂ ਚ ਹਾਜ਼ਰ ਹੁਣ ਪੂਰੀ ਨਫ਼ਰੀ ਮੁਲਾਜ਼ਮਾਂ ਦੀ ਹੋਣ ਲੱਗੀ ਹੈ। ਬਦਲਾਅ ਵਿੱਖਣ ਲੱਗਾ ਹੈ ਪਰ ਅਜੇ ਸ਼ੁਰੂਆਤੀ ਦਿਨ ਹਨ। ਪੰਜ ਵਰ੍ਹੇ ਦੇ ਲੰਮੇ ਵਕਤ ਚ ਠਰ੍ਹਮੇ ਤੇ ਹੌਂਸਲੇ ਦੋਹਾਂ ਦੀ ਲੋੜ ਲਗਾਤਾਰ ਇਨ੍ਹਾਂ ਨਵੇਂ ਚੁਣੇ ਨੁਮਾਇੰਦਿਆਂ ਨੂੰ ਬਣੀ ਰਵੇਗੀ। ਅਜੇ ਤਾਂ ਲੋਕਾਂ ਦੀ ਚੋਣ ਦੀ ਪਰਖ਼ ਦਾ ਵੀ ਨਤੀਜਾ ਬਾਕੀ ਹੈ ਇਸ ਲਈ ‘ਪੰਜਾਬ ਸਿੰਹੁ’ ਅਜੇ ਸੰਜਮ ਰੱਖ ਕੇ ਲੋਕਾਂ ਨੂੰ ਵੀ ਵੇਖਣ ਦੀ ਲੋੜ ਹੈ

Share this Article
Leave a comment