ਕੈਨੇਡਾ ਨੂੰ ਆਉਣ ਵਾਲੇ ਦਿਨਾਂ ਵਿੱਚ ਕੋਵਿਡ-19 ਦੀ ਵੈਕਸੀਨ ਬਹੁਤ ਘੱਟ ਮਿਲਣ ਵਾਲੀ ਹੈ । ਪਰ ਫਾਈਜ਼ਰ-ਬਾਇਓਐਨਟੈਕ ਵੱਲੋਂ ਇਸ ਹਫਤੇ 600,000 ਡੋਜ਼ਾਂ ਦਿੱਤੀਆਂ ਜਾਣਗੀਆਂ। ਅਗਲੇ ਸੱਤ ਦਿਨਾਂ ਵਿੱਚ ਦੋ ਫਾਰਮਾਸਿਊਟੀਕਲ ਫਰਮਜ਼ ਵੱਲੋਂ ਦੋ ਮਿਲੀਅਨ ਸ਼ਾਟਸ ਦਿੱਤੇ ਜਾਣੇ ਸਨ ਪਰ ਪਿਛਲੇ ਹਫਤੇ ਇਨ੍ਹਾਂ ਵੱਲੋਂ 1·4 ਮਿਲੀਅਨ ਡੋਜ਼ਾਂ ਹੀ ਭੇਜੀਆਂ ਗਈਆਂ।
ਫਾਈਜ਼ਰ ਤੇ ਬਾਇਓਐਨਟੈਕ ਵੱਲੋਂ ਲਗਾਤਾਰ ਡੋਜ਼ਾਂ ਡਲਿਵਰ ਕੀਤੀਆਂ ਜਾ ਰਹੀਆਂ ਹਨ। ਫਿਰ ਭਾਵੇਂ ਹੋਰਨਾਂ ਵੈਕਸੀਨ ਨਿਰਮਾਤਾਵਾਂ ਵੱਲੋਂ ਆਪਣੀਆਂ ਸ਼ਿਪਮੈਂਟ ਭੇਜਣ ਵਿੱਚ ਦੇਰ ਸਵੇਰ ਹੋ ਜਾਂਦੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜੂਨ ਵਿੱਚ ਉਨ੍ਹਾਂ ਵੱਲੋਂ 2·4 ਮਿਲੀਅਨ ਡੋਜ਼ਾਂ ਹਫਤਾਵਾਰੀ ਦੇਣੀਆਂ ਸ਼ੁਰੂ ਕੀਤੀਆਂ ਜਾਣਗੀਆਂ। ਫੈਡਰਲ ਸਰਕਾਰ ਨੂੰ ਮਈ ਦੇ ਅੰਤ ਤੱਕ ਮੌਡਰਨਾ ਵੈਕਸੀਨ ਦੀਆਂ ਹੋਰ ਡੋਜ਼ਾਂ ਮਿਲਣ ਦੀ ਸੰਭਾਵਨਾ ਹੈ, ਪਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਜੇ ਤੱਕ ਇਹ ਸਪਸ਼ਟ ਨਹੀਂ ਹੈ ਕਿ ਇਹ ਡੋਜ਼ਾਂ ਕਦੋਂ ਤੱਕ ਮਿਲਣਗੀਆਂ।
ਇਸ ਦੇ ਨਾਲ ਹੀ ਜੂਨ ਦੇ ਅੰਤ ਤੱਕ ਆਕਸਫੋਰਡ-ਐਸਟ੍ਰਾਜ਼ੈਨੇਕਾ ਦੀਆਂ ਇੱਕ ਮਿਲੀਅਨ ਡੋਜ਼ਾਂ ਦੀ ਡਲਿਵਰੀ ਹੋਰ ਮਿਲਣ ਦੀ ਆਸ ਹੈ।ਇਸ ਦੌਰਾਨ ਹੈਲਥ ਕੈਨੇਡਾ ਵੱਲੋਂ ਅਜੇ ਵੀ ਜੌਹਨਸਨ ਐਂਡ ਜੌਹਨਸਨ ਦੀਆਂ 300,000 ਵੈਕਸੀਨਜ਼ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ। ਇਹ ਵੈਕਸੀਨਜ਼ ਪਿਛਲੇ ਮਹੀਨੇ ਡਲਿਵਰ ਹੋ ਗਈਆਂ ਸਨ ਪਰ ਇਨ੍ਹਾਂ ਦੀ ਵੰਡ ਹੋਣੀ ਅਜੇ ਵੀ ਬਾਕੀ ਹੈ।