ਟੋਰਾਂਟੋ: ਕੈਨੇਡਾ ਦੇ ਟੋਰਾਂਟੋ ‘ਚ ਬੀਤੇ ਮਹੀਨੇ ਇੱਕ ਮੰਦਭਾਗੀ ਘਟਨਾ ਵਾਪਰੀ ਜਿੱਥੇ ਭਾਰਤੀ ਮੂਲ ਦੇ 12 ਸਾਲਾ ਬੱਚੇ ਦੀ ਭੇਦਭਰੇ ਹਾਲਾਤਾਂ ‘ਚ ਮੌਤ ਹੋ ਗਈ। ਉੱਥੇ ਹੀ ਬੱਚੇ ਦੀ ਮਾਂ ਦਾ ਕਹਿਣਾ ਹੈ ਕਿ ਸਕੂਲ ਵਿੱਚ ਬੱਚਿਆਂ ਵੱਲੋਂ ਕੀਤੇ ਜਾਂਦੇ ਵਿਤਕਰੇ ਕਾਰਨ ਉਸਨੇ ਖੁਦਕੁਸ਼ੀ ਕੀਤੀ ਹੈ।
ਖਬਰਾਂ ਅਨੁਸਾਰ ਬੀਤੇ ਮਹੀਨੇ ਦੀ 21 ਜੂਨ ਨੂੰ ਬੱਚੇ ਦੀ ਮ੍ਰਿਤਕ ਦੇਹ ਇਕ ਅਪਾਰਟਮੈਂਟ ਬਿਲਡਿੰਗ ਨੇੜ੍ਹੇ ਬਰਾਮਦ ਕੀਤੀ ਗਈ ਜਿਥੇ ਉਹ ਆਪਣੇ ਇਕ ਜਮਾਤੀ ਨੂੰ ਮਿਲਣ ਗਿਆ ਸੀ। ਫਿਲਹਾਲ ਰਿਪੋਰਟਾਂ ਮੁਤਾਬਕ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਇਸ ਬਾਰੇ ਕੁਝ ਵੀ ਕਹਿਣ ਸੰਭਵ ਨਹੀਂ ਹੈ। ਬੱਚੇ ਦੀ ਸਿੰਗਲ ਮਾਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਹ ਬੱਚੇ ਦੇ ਚੰਗੇ ਭਵਿੱਖ ਲਈ ਮਾਰਚ 2018 ‘ਚ ਬੈਂਗਲੁਰੂ ਤੋਂ ਕੈਨੇਡਾ ਆਈ ਸੀ ਪਰ ਹੁਣ ਸਭ ਕੁਝ ਖਤਮ ਹੋ ਗਿਆ।
ਹਾਲੇ ਤੱਕ ਬੱਚੇ ਤੇ ਉਸ ਦੀ ਮਾਂ ਦੀ ਪਹਿਚਾਣ ਜਨਤਕ ਨਹੀਂ ਕੀਤੀ ਗਈ ਹੈ। ਮਾਂ ਵੱਲੋਂ ਆਪਣੇ ਬੱਚੇ ‘ਤੇ ਨਸਲੀ ਹਮਲਾ ਹੋਣ ਦਾ ਵੀ ਖਦਸ਼ਾ ਜਾਹਰ ਕਿਤਾ ਗਿਆ ਹੈ। ਉਸ ਨੇ ਦੋਸ਼ ਲਗਾਉਂਦੇ ਹੋਏ ਕਿਹਾ ਹੈ ਕਿ ਸਕੂਲ ਵਿਚ ਸਾਥੀ ਵਿਦਿਆਰਥੀਆਂ ਵੱਲੋਂ ਉਸ ਦੇ ਬੱਚੇ ਨੂੰ ਤੰਗ-ਪਰੇਸ਼ਾਨ ਕੀਤਾ ਜਾਂਦਾ ਸੀ ਤੇ ਇਸ ਮਾਮਲੇ ‘ਤੇ ਸਕੂਲ ਦੇ ਵਾਈਸ ਪ੍ਰਿੰਸੀਪਲ ਨੂੰ ਸ਼ਿਕਾਇਤ ਵੀ ਕੀਤੀ ਗਈ ਸੀ ਪਰ ਉਨ੍ਹਾਂ ਵੱਲੋਂ ਇਸ ਖਿਲਾਫ ਕੋਈ ਠੋਸ ਕਦਮ ਨਹੀਂ ਚੁੱਕਿਆ ਗਿਆ। ਦੱਸ ਦੇਈਏ ਕੈਨੇਡਾ ਉਹ ਮੁਲਕ ਹੈ ਜਿੱਥੇ ਹਰ ਸਾਲ ਹਜ਼ਾਰਾਂ ਭਾਰਤੀ ਕਈ ਸੁਪਨੇ ਲੈ ਕੇ ਪਹੁੰਚਦੇ ਹਨ ਤੇ ਉੱਥੇ ਭਾਰਤੀਆ ਨਾਲ ਵਿਤਕਰੇ ਤੇ ਕਤਲ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ।