ਨਵੀਂ ਦਿੱਲੀ : ਨਿਰਭਿਆ ਸਮੂਹਿਕ ਬਲਾਤਕਾਰ ਦੇ ਦੋਸ਼ੀਆਂ ਵੱਲੋਂ ਆਪਣੀ ਫਾਂਸੀ ਰੋਕਣ ਲਈ ਹਰ ਕਨੂੰਨੀ ਪੈਂਤੜਾ ਅਪਣਾਇਆ ਜਾ ਰਿਹਾ ਹੈ। ਇਸ ਦੇ ਚਲਦਿਆਂ ਤੀਜੀ ਵਾਰ ਨਿਰਭਿਆ ਦੇ ਦੋਸ਼ੀਆਂ ਨੂੰ ਫਾਂਸੀ ਦੇਣ ਲਈ ਤਾਰੀਖ ਨਿਰਧਾਰਿਤ ਕੀਤੀ ਜਾਵੇਗੀ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਬੀਤੀ ਕੱਲ੍ਹ ਯਾਨੀ 3 ਮਾਰਚ ਨੂੰ ਫਾਂਸੀ ਦਿੱਤੀ ਜਾਣੀ ਸੀ ਪਰ ਪਟਿਆਲਾ ਹਾਉਸ ਕੋਰਟ ਵੱਲੋਂ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ। ਖੈਰ ਇਸ ਦੌਰਾਨ ਦੋਸ਼ੀ ਪਵਨ ਗੁਪਤਾ ਵੱਲੋਂ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਕੋਲ ਰਹਿਮ ਦੀ ਪਟੀਸ਼ਨ ਪਾਈ ਗਈ ਸੀ ਜਿਹੜੀ ਕਿ ਖਾਰਿਜ਼ ਕਰ ਦਿੱਤੀ ਗਈ ਹੈ।
ਦੱਸ ਦਈਏ ਕਿ ਉਸ ਕੋਲ ਫਾਂਸੀ ਤੋਂ ਬਚਣ ਲਈ ਇਹ ਆਖਰੀ ਦਾਅ ਬਚਿਆ ਸੀ । ਸੁਪਰੀਮ ਕੋਰਟ ਵੱਲੋਂ ਬੀਤੇ ਸੋਮਵਾਰ ਨੂੰ ਉਸ ਦੀ ਕਿਉਰੇਟਿਵ ਪਟੀਸ਼ਨ ਰੱਦ ਕਰ ਦਿੱਤੀ ਗਈ ਸੀ ਜਿਸ ਤੋਂ ਬਾਅਦ ਪਵਨ ਗੁਪਤਾ ਨੇ ਰਹਿਮ ਦੀ ਪਟੀਸ਼ਨ ਪਾਈ ਸੀ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਨਿਰਭਿਆ ਦੇ ਤਿੰਨਾਂ ਦੋਸ਼ੀਆਂ ਵੱਲੋਂ ਵੀ ਰਹਿਮ ਦੀ ਪਟੀਸ਼ਨ ਪਾਈ ਗਈ ਸੀ ਜਿਸ ਨੂੰ ਰਾਸ਼ਟਰਪਤੀ ਵੱਲੋਂ ਖਾਰਜ ਕਰ ਦਿੱਤਾ ਗਿਆ ਸੀ। ਬੀਤੀ ਕੱਲ੍ਹ ਨਿਰਭਿਆ ਦੇ ਦੋਸ਼ੀਆਂ ਦੀ ਫਾਂਸੀ ਮੁਲਤਵੀ ਹੋਣ ‘ਤੇ ਨਿਰਭਿਆ ਦੀ ਮਾਂ ਨੇ ਨਿਰਾਸ਼ਾ ਪ੍ਰਗਟ ਕਰਦਿਆਂ ਸਖਤ ਪ੍ਰਤੀਕਿਰਿਆ ਦਿੱਤੀ ਸੀ।