ਟਮੌਲੀਪਾਸ: ਇੱਕ ਸ਼ਰਨਾਰਥੀ ਦੀ ਕੀ ਪਰੇਸ਼ਾਨੀਆਂ ਹੁੰਦੀਆਂ, ਉਸਦੀ ਤਕਲੀਫ ਕਿੰਨੀ ਕੁ ਭਿਆਨਕ ਹੁੰਦੀ ਹੈ ਤੇ ਉਸਦਾ ਦਰਦ ਕਿੰਨਾ ਡੂੰਘਾ ਹੁੰਦਾ ਹੈ ? ਜੇਕਰ ਤੁਸੀ ਇਹ ਮਹਿਸੂਸ ਕਰਨਾ ਚਾਹੁੰਦੇ ਹੋ ਤਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਪਿਓ-ਧੀ ਦੀਆਂ ਮ੍ਰਿਤਕ ਦੇਹਾਂ ਦੀ ਦਿਲ ਨੂੰ ਦਹਿਲਾਉਣ ਵਾਲੀ ਇਹ ਤਸਵੀਰ ਹੀ ਬਹੁਤ ਹੈ। ਇਹ ਤਸਵੀਰ ਸੀਰੀਆਈ ਬੱਚੇ ਐਲਨ ਕੁਰੀਦੀ ਦੀ ਯਾਦ ਦਵਾਉਂਦੀ ਹੈ ਜਿਸਦੀ ਤਸਵੀਰ ਨੇ ਪੂਰੀ ਦੁਨੀਆਂ ਨੂੰ ਹਿਲਾ ਕੇ ਰੱਖ ਦਿੱਤਾ ਸੀ।
ਤਾਜ਼ਾ ਤਸਵੀਰ ਸਾਲਵਾਡੋਰ ਦੇ ਇੱਕ ਸ਼ਰਨਾਰਥੀ ਪਰਿਵਾਰ ਦੇ ਦਰਦ ਦੀ ਕਹਾਣੀ ਬਿਆਨ ਕਰਦੀ ਹੈ। ਜਿੱਥੇ ਇੱਕ ਪਿਤਾ ਤੇ ਉਸਦੀ ਟੀ ਸ਼ਰਟ ‘ਚ ਲਿਪਟੀ ਉਸਦੀ ਬੱਚੀ ਦੀ ਲਾਸ਼ ਇਨਸਾਨੀਅਤ ਨੂੰ ਸ਼ਰਮਸਾਰ ਕਰ ਰਹੀ ਹੈ, ਇਸ ਮੌਤ ਦੀ ਵਜ੍ਹਾ ਅਮਰੀਕਾ ਦੀ ਨਵੀਂ ਪਾਲਿਸੀ ਹੈ।
25 ਸਾਲਾ ਆਸਕਰ ਮਾਰਟਿਨੇਜ ਰਮਾਇਰੇਜ ਆਪਣੀ ਦੀ ਪਤਨੀ ਤੇ ਬੱਚੀ ਨਾਲ ਅਲ ਸਲਵਾਡੋਰ ਤੋਂ ਭੱਜ ਕੇ ਮੈਕਸਿਕੋ ਤੋਂ ਅਮਰੀਕਾ ਜਾਣ ਦੀ ਕੋਸ਼ਿਸ਼ ਕਰ ਰਹੇ ਸਨ। ਰਮਾਏਰੇਜ ਨੇ ਆਪਣੀ ਬੇਟੀ ਨੂੰ ਸੁਰੱਖਿਅਤ ਰੱਖਣ ਲਈ ਆਪਣੀ ਟੀ-ਸ਼ਰਟ ਦੇ ਅੰਦਰ ਪਾ ਲਿਆ ਤੇ ਨਦੀ ਪਾਰ ਕਰਨ ਲੱਗੇ ਪਰ ਨਦੀ ਦੇ ਤੇਜ਼ ਵਹਾਅ ਦੇ ਕਾਰਨ ਦੋਨੋਂ ਨਦੀ ਵਿਚ ਡੁੱਬ ਗਏ ਹਾਲਾਂਕਿ ਉਸਦੀ ਪਤਨੀ ਆਪਣੇ ਆਪ ਨੂੰ ਬਚਾਉਣ ਵਿਚ ਕਾਮਯਾਬ ਰਹੀ ਅਤੇ ਨਦੀ ਦੇ ਕਿਨਾਰੇ ਤੱਕ ਪਹੁੰਚ ਗਈ।
ਦੋਵੇਂ ਲਾਸ਼ਾਂ ਸੋਮਵਾਰ ਨੂੰ ਮੈਕਸਿਕੋ ਦੇ ਟਮੌਲੀਪਾਸ ਰਾਜ ਦੇ ਮਾਟਾਮੋਰਸ ਤੋਂ ਬਰਾਮਦ ਕੀਤੀਆਂ ਗਈਆਂ। ਪਿਤਾ ਅਤੇ ਬੇਟੀ ਦੀ ਲਾਸ਼ ਨਦੀ ਵਿਚ ਪੁੱਠੀਆਂ ਤੈਰ ਰਹੀਆਂ ਸਨ ਅਤੇ ਇਸ ਘਟਨਾ ਦੀਆਂ ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਲੋਕਾਂ ਵਿਚ ਕਾਫ਼ੀ ਰੋਸ ਦੇਖਿਆ ਜਾ ਰਿਹਾ ਹੈ।
ਇਸ ਘਟਨਾ ਨੂੰ ਦੇਖਦੇ ਹੋਏ ਸਾਲਵਾਡੋਰ ਦੇ ਵਿਦੇਸ਼ ਮੰਤਰੀ ਐਲੇਕਜੇਡਰ ਹਿੱਲ ਨੇ ਕਿਹਾ ਕਿ ”ਸਾਡਾ ਦੇਸ਼ ਇਕ ਵਾਰ ਫਿਰ ਸੋਗ ਵਿਚ ਹੈ ਮੈਂ ਸਾਰੇ ਪਰਵਾਰਾਂ ਨੂੰ ਬੇਨਤੀ ਕਰਦਾ ਹਾਂ ਕਿ ਆਪਣੀ ਜਾਨ ਖ਼ਤਰੇ ਵਿਚ ਪਾ ਕੇ ਕੋਈ ਵੀ ਕੰਮ ਨਾ ਕਰੋ ਕਿਉਂਕਿ ਜਿੰਦਗੀ ਕਈ ਗੁਣਾ ਕੀਮਤੀ ਹੈ”।
ਤ੍ਰਾਸਦੀ: ਅਮਰੀਕਾ ‘ਚ ਸ਼ਰਨ ਲੈਣ ਨਿਕਲੇ ਪਿਓ-ਧੀ ਦੀ ਮੌਤ, ਦਿਲ ਝੰਜੋੜਦੀ ਤਸਵੀਰ ਨੇ ਭਾਵੁਕ ਕੀਤੀ ਦੁਨੀਆ

Leave a Comment
Leave a Comment