ਚੰਡੀਗੜ੍ਹ : ਚੰਡੀਗੜ੍ਹ ਲੋਕ ਸਭਾ ਸੀਟ ਜੋ ਕਾਂਗਰਸੀ ਉਮੀਦਵਾਰਾਂ ਲਈ ਟੀਸੀ ਵਾਲਾ ਬੇਰ ਬਣੀ ਹੋਈ ਸੀ ਉਹੀ ਟੀਸੀ ਵਾਲਾ ਬੇਰ ਪਾਰਟੀ ਨੇ ਬੀਤੇ ਦਿਨੀਂ ਤੋੜ ਕੇ ਇਸ ਸੀਟ ਲਈ ਦਾਅਵੇਦਾਰ ਪਵਨ ਬਾਂਸਲ ਦੀ ਝੋਲੀ ਪਾ ਦਿੱਤਾ ਹੈ। ਜਿਸ ਨਾਲ ਇਸੇ ਸੀਟ ਤੋਂ ਆਪਣੀ ਮਜ਼ਬੂਤ ਦਾਅਵੇਦਾਰੀ ਪੇਸ਼ ਕਰ ਰਹੀ ਪੰਜਾਬ ਦੇ ਕੈਬਨਿੱਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਦਾ ਪੱਤਾ ਕੱਟ ਗਿਆ ਹੈ। ਪਾਰਟੀ ਦੇ ਇਸ ਫੈਸਲੇ ਨਾਲ ਡਾ. ਸਿੱਧੂ ਨੂੰ ਇੰਨੀ ਨਿਰਾਸ਼ਾ ਹੋਈ ਹੈ ਕਿ ਉਨ੍ਹਾਂ ਨੇ ਇਸ ਤੋਂ ਬਾਅਦ ਇੱਕ ਟਵੀਟ ਕਰਕੇ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਹੁਣ ਉਹ ਕਿਤੋਂ ਹੋਰੋਂ ਚੋਣ ਨਹੀਂ ਲੜਨਗੇ। ਇਸ ਮਹੌਲ ਵਿੱਚ ਵਿਰੋਧੀ ਪਾਰਟੀਆਂ ਖੂਬ ਚਟਕਾਰੇ ਲੈਣ ਦੀ ਕੋਸ਼ਿਸ਼ ਕਰ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਤਾਂ ਨਵਜੋਤ ਕੌਰ ਸਿੱਧੂ ਨੂੰ ਸੰਬੋਧਨ ਕਰਦਿਆਂ ਇੱਥੋਂ ਤੱਕ ਪੇਸ਼ਕਸ਼ ਕਰ ਦਿੱਤੀ ਹੈ ਕਿ ਬੀਬੀ ਜੀ, ਜੇਕਰ ਚੰਡੀਗੜ੍ਹ ਤੋਂ ਟਿਕਟ ਨਹੀਂ ਮਿਲੀ ਤਾਂ ਚੋਣ ਲੜਨ ਲਈ ਬਠਿੰਡਾ ਆ ਜਾਓ। ਇੱਥੇ ਦੱਸ ਦਈਏ ਕਿ ਬਠਿੰਡਾ ਤੋਂ ਅਕਾਲੀ ਦਲ ਦੇ ਉਮੀਦਵਾਰ ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਚੋਣ ਲੜਨਾਂ ਲਗਭਗ ਤੈਅ ਹੈ।
ਜ਼ਿਕਰਯੋਗ ਹੈ ਕਿ ਕਾਂਗਰਸ ਪਾਰਟੀ ਵੱਲੋਂ ਨਵਜੋਤ ਕੌਰ ਸਿੱਧੂ ਦਾ ਚੰਡੀਗੜ੍ਹ ਤੋਂ ਟਿਕਟ ਕੱਟਣ ਮਗਰੋਂ ਪਾਰਟੀ ਆਗੂਆਂ ਵੱਲੋਂ ਉਨ੍ਹਾਂ ਨੂੰ ਕਿਸੇ ਹੋਰ ਸੀਟ ਤੋਂ ਅਡਜਸਟ ਕਰਨ ਦੀ ਮੰਗ ਉਠ ਖੜ੍ਹੀ ਹੋਈ ਹੈ। ਇੱਧਰ ਦੂਜੇ ਪਾਸੇ ਬਠਿੰਡਾ ਹਲਕੇ ਤੋਂ ਸਾਲ 2014 ਦੌਰਾਨ ਲੋਕ ਸਭਾ ਚੋਣ ਲੜ ਚੁੱਕੇ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਵੱਲੋਂ ਇਸ ਹਲਕੇ ਤੋਂ ਚੋਣ ਲੜਨੋ ਇਨਕਾਰ ਕੀਤਾ ਜਾ ਚੁਕਿਆ ਹੈ ਤੇ ਹੁਣ ਪਾਰਟੀ ਨੂੰ ਇਸ ਹਲਕੇ ਤੋਂ ਹਰਸਿਮਰਤ ਨੂੰ ਟੱਕਰ ਦੇਣ ਲਈ ਕਿਸੇ ਮਜ਼ਬੂਤ ਉਮੀਦਵਾਰ ਦੀ ਤਲਾਸ਼ ਵੀ ਹੈ। ਕਿਆਸ ਇਹ ਲਾਏ ਜਾ ਰਹੇ ਹਨ ਕਿ ਇਨ੍ਹਾਂ ਹਲਾਤਾਂ ਵਿੱਚ ਪਾਰਟੀ ਬਠਿੰਡਾ ਸੀਟ ਤੋਂ ਨਵਜੋਤ ਕੌਰ ਸਿੱਧੂ ਨੂੰ ਚੋਣ ਮੈਦਾਨ ਵਿੱਚ ਉਤਾਰ ਸਕਦੀ ਹੈ। ਪਰ ਡਾ. ਸਿੱਧੂ ਵੱਲੋਂ ਚੋਣ ਲੜਨ ਤੋਂ ਪਹਿਲਾਂ ਹੀ ਇਨਕਾਰ ਕੀਤੇ ਜਾਣ ਕਾਰਨ ਪੇਚ ਫਸ ਗਿਆ ਹੈ। ਇਸ ਦੇ ਬਾਵਜੂਦ ਅਜੇ ਤੱਕ ਇਸ ਸਬੰਧੀ ਪਾਰਟੀ ਅੰਦਰ ਸ੍ਰੀਮਤੀ ਸਿੱਧੂ ਨੂੰ ਚੋਣ ਲੜਾਉਣ ਬਾਰੇ ਚਰਚਾਵਾਂ ਦਾ ਬਜ਼ਾਰ ਪੁਰੀ ਤਰ੍ਹਾਂ ਇਸ ਲਈ ਵੀ ਗਰਮ ਹੈ, ਕਿਉਂਕਿ ਕਾਂਗਰਸ ਵੱਲੋਂ ਪੰਜਾਬ ‘ਚ ਪੈਂਦੇ ਕਈ ਲੋਕ ਸਭ ਹਲਕਿਆਂ ਦੀਆਂ ਟਿਕਟਾਂ ਦੀ ਵੰਡ ਬਾਰੇ ਅਜੇ ਮੀਟਿੰਗ ਹੋਣੀ ਹੈ ਤੇ ਸੂਤਰ ਦਾਅਵਾ ਕਰਦੇ ਹਨ ਕਿ ਇਸ ਮੀਟਿੰਗ ਵਿੱਚ ਬਠਿੰਡਾ ਹਲਕੇ ਲਈ ਨਵਜੋਤ ਕੌਰ ਸਿੱਧੂ ਦੇ ਨਾਮ ਵਿਚਾਰੇ ਜਾਣ ਦੀ ਪੂਰੀ ਪੂਰੀ ਸੰਭਾਵਨਾ ਹੈ।