ਮਾਨਵਤਾ ਦੀ ਸੇਵਾ ਤੇ ਕਰੋਨਾ ਮਹਾਮਾਰੀ : 137 ਲਾਵਾਰਸ ਅਸਥੀਆਂ ਜਲ ਪ੍ਰਵਾਹ ਕੀਤੀਆਂ

TeamGlobalPunjab
3 Min Read

ਚੰਡੀਗੜ੍ਹ, (ਅਵਤਾਰ ਸਿੰਘ): ਲੁਧਿਆਣਾ ਦੀ ਮਹਾਨ ਹਸਤੀ ਸਰਦਾਰ ਗੁਰਮੁਖ ਸਿੰਘ ਨੇ ਆਪਣੇ ਸਮੇਂ ਬਹੁਤ ਸਾਰੇ ਲੋਕ ਭਲਾਈ ਦੇ ਕੰਮ ਕੀਤੇ ਅਤੇ ਮਦਦ ਕਰਦੇ ਰਹੇ। ਉਨ੍ਹਾਂ ਤੋਂ ਬਾਅਦ ਉਨ੍ਹਾਂ ਦੇ ਪੁੱਤਰ ਸਰਦਾਰ ਭਗਤ ਸਿੰਘ ਨੇ ਇਸ ਕਾਰਜ ਨੂੰ ਸੰਭਾਲਿਆ ਅਤੇ ਉਨ੍ਹਾਂ ਨੇ ਵੀ ਬਹੁਤ ਸਾਰੇ ਲੋਕ ਭਲਾਈ ਦੇ ਕੰਮ ਨੇਪਰੇ ਚਾੜ੍ਹੇ। ਇਸੇ ਤਰ੍ਹਾਂ ਲੋਕ ਭਲਾਈ ਦੇ ਕੰਮਾਂ ਦੀ ਲੜੀ ਨੂੰ ਸੰਭਾਲਿਆ ਇਸ ਪਰਿਵਾਰ ਦੀ ਤੀਜੀ ਪੀੜ੍ਹੀ ਦੇ ਸਰਦਾਰ ਰਣਜੋਧ ਸਿੰਘ ਨੇ। ਉਹ ਵੀ ਉਸੇ ਤਰ੍ਹਾਂ ਭਲਾਈ ਦਾ ਹਰ ਕੰਮ ਮੂਹਰੇ ਹੋ ਕੇ ਕਰਦੇ ਹਨ। ਮੌਜੂਦਾ ਮਹਾਮਾਰੀ ਦੇ ਦੌਰ ਵਿਚ ਵੀ ਉਨ੍ਹਾਂ ਨੇ ਲੋਕਾਂ ਦੀ ਭਲਾਈ ਨੂੰ ਜਾਰੀ ਰੱਖਿਆ। ਇਹ ਅਜਿਹਾ ਸਮਾਂ ਹੈ ਜਦੋਂ ਆਪਣੇ ਸਕੇ ਸੰਬੰਧੀ ਵੀ ਆਪਣੀਆਂ ਦਾ ਸਾਥ ਛੱਡ ਗਏ ਪਰ ਰਣਜੋਧ ਸਿੰਘ ਇਸ ਸਮੇਂ ਦੁਖੀਆਂ ਦੇ ਨਾਲ ਖੜੇ।

ਕਰੋਨਾ ਮਹਾਂਮਾਰੀ ਦੀ ਅਰੰਭਤਾ ਤੋਂ ਹੁਣ ਤੱਕ ਅਜਿਹੀਆਂ 137 ਲਾਵਾਰਸ ਅਸਥੀਆਂ ਜਿਨ੍ਹਾਂ ਦੇ ਵਾਰਸ ਜਾਂ ਪ੍ਰਵਾਰਕ ਸਾਕ-ਸਬੰਧੀਆਂ ਵਲੋਂ ਅੰਤਿਮ ਸਸਕਾਰ ਤਾਂ ਕਿਸੇ ਤਰ੍ਹਾਂ ਕਰਵਾਇਆ, ਪਰ ਕੋਵਿਡ ਜਾਂ ਕਿਸੇ ਹੋਰ ਕਾਰਣ ਕਰਕੇ ਅਸਥੀਆਂ ਦੀ ਸਾਂਭ ਅਤੇ ਧਾਰਮਿਕ/ਸਮਾਜਿਕ ਮਰਿਆਦਾ ਨਹੀਂ ਕੀਤੀ, ਲਿਹਾਜ਼ਾ ਲਾਵਾਰਸ ਅਸਥੀਆਂ ਰਾਮਗੜ੍ਹੀਆ ਸ਼ਮਸ਼ਾਨਘਾਟ ਢੋਲੇਵਾਲ ਵਿਖੇ ਸਾਭੀਆਂ ਪਈਆਂ ਸਨ, ਨੂੰ ਰਾਮਗੜ੍ਹੀਆ ਸ਼ਮਸ਼ਾਨਘਾਟ ਵਲੋਂ ਦੁੱਖ ਭੰਜਨ ਸੇਵਾ ਸੋਸਾਇਟੀ ਦੇ ਸਹਿਯੋਗ ਨਾਲ ਪੂਰਨ ਧਾਰਮਿਕ ਮਰਿਆਦਾ ਅਨੁਸਾਰ ਸਾਂਭ-ਸੰਭਾਲ ਨਾਲ ਗੁਰਦੁਆਰਾ ਦੇਗਸਰ ਕਟਾਣਾ ਸਾਹਿਬ ਵਿਖੇ ਜਲ ਪ੍ਰਵਾਹ ਕੀਤੀਆਂ ਗਈਆਂ।

ਪ੍ਰਧਾਨ ਰਾਮਗੜ੍ਹੀਆ ਸ਼ਮਸ਼ਾਨਘਾਟ, ਸ੍ਰ: ਰਣਜੋਧ ਸਿੰਘ ਨੇ ਇਸ ਸਬੰਧੀ ਗੱਲਬਾਤ ਕਰਦਿਆਂ ਦੱਸਿਆ ਕਿ ਬੀਤੇ ਸਾਲ ਦੇ ਮਾਰਚ ਮਹੀਨੇ ਤੋਂ ਹੁਣ ਤੱਕ ਦੇ ਨਾਜੁਕ ਹਾਲਾਤ ਅਸੀ ‘ਤੇ ਤੁਸੀਂ ਵੀ ਕਦੇ ਨਹੀਂ ਵੇਖੇ ਹੋਣੇ। ਇਕ ਪਾਸੇ ਕਰੋਨਾ ਦਾ ਪ੍ਰਕੋਪ ਦੂਜੇ ਪਾਸੇ ਬੰਦਾ ਆਪਣਿਆਂ ਦੇ ਫਰਜ਼ਾਂ ਤੋਂ ਵੀ ਭੱਜਿਆ। ਜਦੋਂ ਅਸੀਂ ਸ਼ਮਸ਼ਾਨਘਾਟ ‘ਚ ਆਪਣਿਆਂ ਦੇ ਸਸਕਾਰ ਤੋਂ ਵੀ ਭੱਜਦੇ ਵੇਖੇ ਤੇ ਅਸਥ ਚੁਗਣੇ ਤਾਂ ਦੂਰ ਹੀ ਹੋਏ। ਉਸ ਵੇਲੇ ਰਾਮਗੜ੍ਹੀਆ ਸ਼ਮਸ਼ਾਨਘਾਟ ਨੇ ਪਹਿਲਕਦਮੀ ਕਰਦਿਆਂ ਅਨੇਕਾਂ ਪ੍ਰਾਣੀਆਂ ਦੇ ਅੰਤਿਮ ਸੰਸਕਾਰ ਕੀਤੇ, ਕਈ ਸਸਕਾਰ ਤਾਂ ਭੇਟਾ ਰਹਿਤ ਵੀ ਕੀਤੇ। ਉਨ੍ਹਾਂ ਦੱਸਿਆ ਕਿ ਸਾਲ ਭਰ ਦੌਰਾਨ ਤੋਂ ਜਿਨ੍ਹਾਂ ਅਸਥੀਆਂ ਨੂੰ ਕੋਈ ਲੈਣ ਨਾ ਆਇਆ, ਉਨ੍ਹਾਂ ਨੂੰ ਅੱਜ ਗ੍ਰੰਥੀ ਭਾਈ ਬਲਵਿੰਦਰ ਸਿੰਘ ਜੀ ਵਲੋਂ ਅਰਦਾਸ ਕਰਨ ਉਪ੍ਰੰਤ ਸ਼ਮਸ਼ਾਨਘਾਟ ਦੇ ਵਾਹਨ ਵਿਚ ਰੱਖ ਕੇ ਇੰਜੀ: ਰਛਪਾਲ ਸਿੰਘ ਚੀਫ ਇੰਜੀਨਿਅਰ, ਮਹਿੰਦਰ ਸਿੰਘ ਮਠਾੜੂ (ਸਕੱੱਤਰ), ਪੰਡਤ ਪੰਕਜ ਸ਼ਰਮਾ, ਬਲਵਿੰਦਰ ਸਿੰਘ, ਰਜੇਸ਼ ਕੁਮਾਰ ਬੱਬੂ, ਅਮਰਜੀਤ ਸਿੰਘ ਸ਼ੈਣੀ, ਸੁਰਿੰਦਰ ਸਿੰਘ ਮਲਿਕ, ਚਰਨਜੀਤ ਸਿੰਘ ਚੰਨੀ, ਮੋਹਣ ਦੋਆਬਾ ਆਦਿ ਸਮਾਜ ਸੇਵੀ ਸੱਜਣਾਂ ਨੇ ਪੂਰੀ ਮਰਿਆਦਾ ਅਨੁਸਾਰ ਗੁਰਦੁਆਰਾ ਦੇਗਸਰ ਕਟਾਣਾ ਸਾਹਿਬ ਵਿਖੇ ਬਣੇ ਅਸਥਘਾਟ ਅਤੇ ਪੁਰਾਤਨ ਸ਼ਿਵ ਮੰਦਰ ਚਹਿਲਾਂ ਵਿਖੇ ਧਾਰਮਿਕ ਮਰਿਆਦਾ ਕਰਨ ਉਪ੍ਰੰਤ ਚੱਲਦੇ ਜਲ ਵਿਚ ਪ੍ਰਵਾਹ ਕੀਤੀਆਂ। ਇਸ ਮੌਕੇ ਦੁੱਖ ਭੰਜਨ ਸੇਵਾ ਸੋਸਾਇਟੀ ਨੇ ਲੋੜਵੰਦਾਂ ਦ ਸਸਕਾਰ ਦੀ ਸੇਵਾ ਅਤੇ ਹੋਰ ਸਮਾਜਿਕ ਕਾਰਜ਼ਾਂ ਲਈ ਸਮੂੰਹ ਮੈਂਬਰਾਂ ਦੇ ਸਹਿਯੋਗ ਲਈ ਅਪੀਲ ਕੀਤੀ।

- Advertisement -

Share this Article
Leave a comment