ਅਦਾਲਤ ਨੇ ਆਈ ਜੀ ਉਮਰਾਨੰਗਲ ਦੇ ਪੁਲਿਸ ਰਿਮਾਂਡ ‘ਚ ਕੀਤਾ ਵਾਧਾ, ਸਿੱਟ ਨੇ ਫਿਰ 10 ਦਿਨ ਦਾ ਮੰਗਿਆ ਰਿਮਾਂਡ

Prabhjot Kaur
1 Min Read

ਫਰੀਦਕੋਟ : ਸਾਲ 2015 ਦੌਰਾਨ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਤੋਂ ਬਾਅਦ ਵਾਪਰੇ ਪੁਲਿਸ ਗੋਲੀਕਾਂਡ ਦੀ ਤਫਤੀਸ਼ ਕਰ ਰਹੀ ਸੀਨੀਅਰ ਪੁਲਿਸ ਅਧਿਕਾਰੀਆਂ ਦੀ ਵਿਸ਼ੇਸ਼ ਜਾਂਚ ਟੀਮ  ਵੱਲੋਂ ਗ੍ਰਿਫਤਾਰ ਕੀਤੇ ਗਏ ਇੰਨਸਪੈਕਟਰ ਜਨਰਲ ਪਰਮਰਾਜ ਸਿੰਘ ਉਮਰਾਨੰਗਲ ਨੂੰ 4 ਦਿਨ ਦਾ ਪੁਲਿਸ ਰਿਮਾਂਡ ਖਤਮ ਹੋਣ ਤੋਂ ਬਾਅਦ ਇੱਕ ਵਾਰ ਮੁੜ ਅਦਾਲਤ ਵਿੱਚ ਪੇਸ਼ ਕੀਤਾ। ਜਿੱਥੇ ਐਸਆਈਟੀ ਨੇ ਅਦਾਲਤ ਨੂੰ ਉਮਰਾਨੰਗਲ ਦਾ 10 ਦਿਨ ਹੋਰ ਪੁਲਿਸ ਰਿਮਾਂਡ ਵਧਾਏ ਜਾਣ ਦੀ ਬੇਨਤੀ ਕੀਤੀ ਪਰ ਦੋਵਾਂ ਪੱਖਾਂ ਦੇ ਵਕੀਲਾਂ ਦੀ ਬਹਿਸ ਸੁਣਨ ਤੋਂ ਬਾਅਦ ਅਦਾਲਤ ਨੇ ਆਈਜੀ ਦੇ ਪੁਲਿਸ ਰਿਮਾਂਡ ਵਿੱਚ 3 ਦਿਨ ਦਾ ਹੋਰ ਵਾਧਾ ਕੀਤਾ ਹੈ।

ਦੱਸ ਦਈਏ ਕਿ ਪਰਮਰਾਜ ਸਿੰਘ ਉਮਰਾਨੰਗਲ ਨੂੰ ਐਸਆਈਟੀ ਨੇ ਬੀਤੀ 18 ਫਰਵਰੀ ਨੂੰ ਗ੍ਰਿਫਤਾਰ ਕਰਕੇ ਫਰੀਦਕੋਟ ਦੇ ਡਿਊਟੀ ਮੈਜਿਸ਼ਟ੍ਰੇਟ ਏਕਤਾ ਉੱਪਲ ਦੀ ਅਦਾਲਤ ਵਿੱਚ ਪੇਸ਼ ਕੀਤਾ ਸੀ। ਜਿੱਥੇ ਇਸ ਜਾਂਚ ਏਜੰਸੀ ਨੇ ਅਦਾਲਤ ਤੋਂ ਮੰਗ ਕੀਤੀ ਸੀ ਕਿ ਉਨ੍ਹਾਂ ਨੇ ਇਸ ਪੁਲਿਸ ਅਧਿਕਾਰੀ ਤੋਂ ਅਕਤੂਬਰ 2015 ਦੌਰਾਨ ਕੋਟਕਪੁਰਾ ਵਿਖੇ ਵਾਪਰੇ ਗੋਲੀ ਕਾਂਡ ਸਬੰਧੀ ਪੁੱਛਗਿੱਛ ਕਰਨੀ ਹੈ। ਉਸ ਵੇਲੇ ਵੀ ਐਸਆਈਟੀ ਨੇ ਉਮਰਾਨੰਗਲ ਦਾ 10 ਦਿਨ ਦਾ ਰਿਮਾਂਡ ਮੰਗਿਆ ਸੀ। ਉਸ ਵੇਲੇ ਵੀ ਅਦਾਲਤ ਨੇ ਉਮਰਾਨੰਗਲ ਨੂੰ 4 ਦਿਨ ਦੇ ਪੁਲਿਸ ਰਿਮਾਂਡ‘ਤੇ ਐਸਆਈਟੀ ਦੇ ਹਵਾਲੇ ਕੀਤਾ ਸੀ। ਹੁਣ ਇੱਕ ਵਾਰ ਫਿਰ ਆਈਜੀ ਦੇ ਪੁਲਿਸ ਰਿਮਾਂਡ ਵਿੱਚ 26 ਫਰਵਰੀ ਤੱਕ ਵਾਧਾ ਕੀਤਾ ਗਿਆ ਹੈ।

Share this Article
Leave a comment