ਮੁਕਤਸਰ ਸਾਹਿਬ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੇ ਹਲਕਾ ਫਰੀਦਕੋਟ ਦੇ ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ ਨੂੰ “ਵਿਚਾਰਾ” ਕਰਾਰ ਦਿੰਦਿਆਂ ਕਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਿਚਾਰੇ ਬੇਕਸੂਰੇ ਮਨਤਾਰ ਬਰਾੜ ਨੂੰ ਫਸਾਉਣ ਵਿੱਚ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੀ ਸ਼ੁਰੂ ਤੋਂ ਹੀ ਰਾਜਨੀਤਕ ਰੰਜ਼ਿਸ਼ ਕੱਢਣ ਵਾਲੀ ਨੀਤੀ ਰਹੀ ਹੈ, ਜਿਨ੍ਹਾਂ ਨੇ ਜਦੋਂ ਪਿਛਲੀ ਵਾਰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣੀ ਤਾਂ ਉਸ ਵੇਲੇ ਨਾ ਸਿਰਫ ਉਨ੍ਹਾਂ ਅਤੇ ਸੁਖਬੀਰ ਬਾਦਲ ‘ਤੇ ਪਰਚੇ ਦਰਜ਼ ਕੀਤੇ ਸਨ, ਬਲਕਿ ਉਨ੍ਹਾਂ (ਵੱਡੇ ਬਾਦਲ) ਦੀ ਧਰਮ ਪਤਨੀ ਦਾ ਨਾਮ ਵੀ ਪਰਚੇ ਵਿੱਚ ਦੇ ਦਿੱਤਾ ਸੀ। ਇਸ ਮੌਕੇ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਬੇਅਦਬੀ ਅਤੇ ਗੋਲੀ ਕਾਂਡ ਮਾਮਲਿਆਂ ਦੀ ਜਾਂਚ ਲਈ ਬਣਾਈ ਗਈ ਐਸਆਈਟੀ ਬਣਾਈ ਹੀ ਇਸ ਲਈ ਹੈ ਕਿ ਉਹ ਅਕਾਲੀ ਆਗੂਆਂ ਨੂੰ ਮੁਸੀਬਤ ‘ਚ ਪਾ ਸਕਣ, ਜਿਵੇਂ ਕਿ ਮਨਤਾਰ ਸਿੰਘ ਬਰਾੜ ਤੇ ਕੁਝ ਹੋਰਾਂ ਨੂੰ ਪਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਗੱਲ ਤੋਂ ਉਹ ਹੈਰਾਨ ਨਹੀਂ ਹਨ ਇਹ ਸਭ ਉਨ੍ਹਾਂ ਨੂੰ ਪਹਿਲਾਂ ਹੀ ਪਤਾ ਸੀ। ਵੱਡੇ ਬਾਦਲ ਇੱਥੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦੇ ਰਹੇ ਸਨ।
ਇੱਕ ਸਵਾਲ ਦੇ ਜਵਾਬ ਵਿੱਚ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਜਿਸ ਸਮੇਂ ਦੌਰਾਨ ਉਹ ਮੁੱਖ ਮੰਤਰੀ ਰਹੇ ਹਨ, ਉਸ ਸਮੇਂ ਦੌਰਾਨ ਜੇਕਰ ਕਿਸੇ ਨੂੰ ਥੋੜ੍ਹੀ ਜਿਨ੍ਹੀਂ ਵੀ ਤੰਗੀ ਹੋਈ ਹੈ ਤਾਂ ਲੋਕ ਦੱਸਣ। ਉਨ੍ਹਾਂ ਕਿਹਾ ਕਿ ਉਸ ਸਮੇਂ ਜੇਕਰ ਕੋਈ ਗਲਤ ਵੀ ਸੀ ਤਾਂ ਉਸ ਨੂੰ ਵੀ ਮਾਫ ਕਰ ਦਿੱਤਾ ਗਿਆ ਕਿ ਚਲੋ ਛੱਡੋ ਆਪਾਂ ਨਹੀਂ ਇਹ ਕੰਮ (ਰਾਜਨੀਤਿਕ ਰੰਜਿਸ਼) ਇਹ ਕੰਮ ਕਰਨਾ। ਪਰ ਮੌਜੂਦਾ ਸਮੇਂ ਬਣਾਈ ਗਈ ਸਿੱਟ ਸਿਆਸਤ ਤੋਂ ਪ੍ਰੇਰਿਤ ਹੋ ਕੇ ਕੰਮ ਕਰ ਰਹੀ ਹੈ। ਉਨ੍ਹਾਂ ਪੁੱਛਿਆ ਕਿ ਦੱਸੋ ਵਿਚਾਰੇ ਮਨਤਾਰ ਬਰਾੜ ਦਾ ਕੀ ਕਸੂਰ ਹੈ ਉਸ ਨੂੰ ਵੀ ਫੜ ਕੇ ਅੰਦਰ ਦੇਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ। ਇਹ ਕੋਈ ਤਰੀਕਾ ਨਹੀਂ ਹੈ।
ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਪ੍ਰਕਾਸ਼ ਸਿੰਘ ਬਾਦਲ ਨੇ ਟਕਸਾਲੀ ਅਕਾਲੀ ਦਲ ਵਾਲਿਆਂ ਬਾਰੇ ਕਿਹਾ ਕਿ ਟਕਸਾਲੀ ਉਹ ਨਹੀਂ ਹੁੰਦੇ ਜਿਹੜੇ ਆਪਣੀ ਮਾਂ ਪਾਰਟੀ ਨੂੰ ਛੱਡ ਕੇ ਤੁਰ ਜਾਣ, ਟਕਸਾਲੀ ਉਹ ਹੁੰਦੇ ਹਨ ਜਿਹੜੇ ਪਾਰਟੀ ‘ਚ ਰਹਿ ਕੇ ਔਖੇ ਸਮੇਂ ਪਾਰਟੀ ਦਾ ਸਾਥ ਦੇਣ। ਉਨ੍ਹਾਂ ਕਿਹਾ ਕਿ ਲੋਕ ਉਨ੍ਹਾਂ ਨੂੰ ਐਵੇਂ ਹੀ ਟਕਸਾਲੀ ਕਹੀ ਜਾ ਰਹੇ ਹਨ।
ਡੇਰਾ ਮੁਖੀ ਤੋਂ ਐਸਆਈਟੀ ਵੱਲੋਂ ਪੁੱਛ ਗਿੱਛ ਕੀਤੇ ਜਾਣ ਦੀਆਂ ਖ਼ਬਰਾਂ ਆਉਣ ਸਬੰਧੀ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਜਿਸ ਕੋਲੋਂ ਮਰਜ਼ੀ ਪੁੱਛ ਗਿੱਛ ਕਰ ਲਈ ਜਾਵੇ, ਇਸ ਨਾਲ ਉਨ੍ਹਾਂ ਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਇਹ ਸਿੱਟ ਬਣਾਈ ਗਈ ਹੀ ਅਕਾਲੀ ਆਗੂਆਂ ਨੂੰ ਮੁਸੀਬਤ ‘ਚ ਪਾਉਣ ਲਈ ਹੈ।
- Advertisement -