ਬਠਿੰਡਾ ‘ਚ ਰਾਜਾ ਵੜਿੰਗ ਨੇ ਹੁਣ ਵੱਡੇ ਬਾਦਲ ਨਾਲ ਵੀ ਲੈ ਲਿਆ ਪੰਗਾ, ਪੁੱਠੀ ਕਹਾਣੀ ਸੁਣਾ ਕੇ ਫਸਿਆ

TeamGlobalPunjab
3 Min Read

ਮੁਕਤਸਰ : ਇੰਝ ਜਾਪਦਾ ਹੈ ਜਿਵੇਂ ਵਿਵਾਦਿਤ ਬਿਆਨ ਦੇਣ ਦੇ ਮਾਮਲੇ ਵਿੱਚ ਕਾਂਗਰਸੀ ਆਗੂ ਰਾਜਾ ਵੜਿੰਗ ਨੇ ਨਵਜੋਤ ਸਿੰਘ ਸਿੱਧੂ ਨਾਲ ਰੇਸ ਲਾ ਰੱਖੀ ਹੈ, ਤੇ ਕਿਹਾ ਜਾ ਰਿਹਾ ਹੈ ਕਿ ਇਹ ਦੋਵੇਂ ਵੱਧ ਤੋਂ ਵੱਧ ਵਿਵਾਦਿਤ ਬਿਆਨ ਦੇ ਕੇ ਇੱਕ ਦੂਜੇ ਤੋਂ ਅੱਗੇ ਲੰਘਣ ਲਈ ਪੁਰ ਜੋਰ ਯਤਨ ਕਰ ਰਹੇ ਹਨ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਜਿੱਥੇ ਇੱਕ ਪਾਸੇ ਨਵਜੋਤ ਸਿੱਧੂ ਨੇ ਸੰਨੀ ਦਿਓਲ ਨੂੰ ਲੈ ਕੇ ਅਜਿਹਾ ਵਿਵਾਦਿਤ ਬਿਆਨ ਦਿੱਤਾ ਜਿਹੜਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪਸੰਦ ਨਹੀਂ ਆਇਆ, ਉੱਥੇ ਰਾਜਾ ਵੜਿੰਗ ਤਾਂ ਕਦੇ, “ਬਜ਼ੁਰਗਾਂ ਲਈ ਮੜ੍ਹੀਆਂ ਦੇਖ ਕੇ ਆਪੇ ਮਰਨ ਨੂੰ ਜੀਅ ਕਰਨ ਵਾਲਾ” ਬਿਆਨ ਦਿੰਦੇ ਹਨ, ਤੇ ਕਦੇ ਉਹ ਲੋਕਾਂ ਦੇ ਘਰ ਜਾ ਕੇ ਪੈਸੇ ਵੰਡਣ ਦੇ ਇਲਜ਼ਾਮ ਸਹੇੜ ਲੈਂਦੇ ਹਨ। ਤਾਜਾ ਮਾਮਲੇ ਵਿੱਚ ਰਾਜਾ ਵੜਿੰਗ ਨੇ ਵੱਡੇ ਬਾਦਲ ਨਾਲ ਸਿਆਸੀ ਪੰਗਾ ਲਿਆ ਹੈ ਤੇ ਕਿਹਾ ਹੈ ਕਿ ਬਾਦਲ ਆਪ ਖੁਦ ਪੈਸੇ ਅਤੇ ਸ਼ਰਾਬ ਵੰਡ ਕੇ ਚੋਣਾਂ ਜਿੱਤਦੇ ਹਨ ਤੇ ਮੇਰੇ ਵਰਗੇ ਨਿਮਾਣੇ ਖਿਲਾਫ ਸ਼ਰਮਾਏਦਾਰ ਲੋਕ ਝੂਠੀਆਂ ਸ਼ਿਕਾਇਤਾਂ ਕਰ ਰਹੇ ਹਨ।

ਦੱਸ ਦਈਏ ਕਿ ਇਸ ਤੋਂ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਨੂੰ ਜਦੋਂ ਪੱਤਰਕਾਰਾਂ ਨੇ ਪੁੱਛਿਆ ਸੀ ਕਿ ਮੋਦੀ ਅਤੇ ਰਾਹੁਲ ਗਾਂਧੀ ਦੀ ਇਸ ਲੜਾਈ ਤੁਸੀਂ ਕੀ ਫਰਕ ਦੇਖਦੇ ਹੋਂ? ਤਾਂ ਬਾਦਲ ਨੇ ਕਿਹਾ ਸੀ ਕਿ ਓਨਾਂ ਫਰਕ ਜਿੰਨਾਂ ਕੀੜੀ ਅਤੇ ਹਾਥੀ ਦਾ ਹੁੰਦਾ ਹੈ। ਪ੍ਰਕਾਸ਼ ਸਿੰਘ ਬਾਦਲ ਨੇ ਸਵਾਲ ਕੀਤਾ ਕਿ ਉਨ੍ਹਾਂ ਨੂੰ ਸਮਝ ਨਹੀਂ ਆ ਰਿਹਾ ਹੈ ਕਿ ਮੋਦੀ ਦੇ ਮੁਕਾਬਲੇ ਕੌਣ ਹੈ ਜੋ ਪ੍ਰਧਾਨ ਮੰਤਰੀ ਦੀ ਕੁਰਸੀ ‘ਤੇ ਬੈਠ ਕੇ ਦੇਸ਼ ਨੂੰ ਅੱਗੇ ਲੈ ਜਾ ਸਕੇ? ਉਨ੍ਹਾਂ ਪੁੱਛਿਆ ਕਿ ਲੋਕ ਦੱਸਣ ਮੋਦੀ ਦੇ ਮੁਕਾਬਲੇ ਕਿਹੜਾ ਤਜ਼ਰਬੇਕਾਰ, ਫੈਸਲਾ ਲੈਣ ਵਾਲਾ ਤੇ ਸਿਆਣਾ ਬੰਦਾ ਪ੍ਰਧਾਨ ਮੰਤਰੀ ਬਣਨ ਦੇ ਲਾਇਕ ਹੈ?

ਬਾਦਲ ਦੇ ਇਸ ਬਿਆਨ ‘ਤੇ ਜਦੋਂ ਟਿੱਪਣੀ ਕਰਨ ਲਈ ਪੱਤਰਕਾਰਾਂ ਨੇ ਰਾਜਾ ਵੜਿੰਗ ਨਾਲ ਸੰਪਰਕ ਕੀਤਾ ਤਾਂ ਵੜਿੰਗ ਨੇ ਕਿਹਾ ਕਿ ਬਾਦਲ ਸਾਬ੍ਹ ਬਜ਼ੁਰਗ ਆਗੂ ਹਨ। ਇਸ ਲਈ ਮੈਂ ਉਨ੍ਹਾਂ ‘ਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦਾ, ਪਰ ਜਿਸ ਤਰ੍ਹਾਂ ਵੱਡੇ ਬਾਦਲ ਕਹਿੰਦੇ ਨੇ ਉਸੇ ਤਰ੍ਹਾਂ ਹਰਸਿਮਰਤ ਕੌਰ ਬਾਦਲ ਵੀ ਕਹਿੰਦੇ ਨੇ ਕਿ ਇਹ ਹਾਥੀ ਕੀੜੀ ਦਾ ਮੁਕਾਬਲਾ ਹੈ, ਪਰ ਉਹ ਦੱਸ ਦੇਣਾ ਚਾਹੁੰਦੇ ਹਨ ਕਿ ਹਾਥੀ ਤੇ ਕੀੜੀ ਦੇ ਮੁਕਾਬਲੇ ਵਿੱਚ ਜੇਕਰ ਕੀੜੀ ਹਾਥੀ ਦੇ ਕੰਨ ਵਿੱਚ ਵੜ ਜਾਵੇ ਤਾਂ ਹਾਥੀ ਨੂੰ ਮੂਧਾ ਕਰ ਦਿੰਦੀ ਹੈ। ਉਨ੍ਹਾਂ ਕਿਹਾ ਕਿ ਮੈਂ ਖੁਸ਼ ਹਾਂ ਕਿ ਪੰਜਾਬ ਦੇ ਸਰਮਾਏਦਾਰ ਮੇਰੀਆਂ ਝੂਠੀਆਂ ਸ਼ਿਕਾਇਤਾਂ ਕਰ ਰਹੇ ਹਨ। ਜਿਸ ਤੋਂ ਪਤਾ ਲਗਦਾ ਹੈ ਕਿ ਇਹ ਲੋਕ ਘਬਰਾ ਚੁਕੇ ਨੇ ਤੇ ਇਹ ਇਨ੍ਹਾਂ ਦੀ ਹਾਰ ਦੀ ਨਿਸ਼ਾਨੀ ਹੈ।

ਜ਼ਿਕਰਯੋਗ ਹੈ ਕਿ ਅਕਾਲੀ ਦਲ ਨੇ ਰਾਜਾ ਵੜਿੰਗ ਦੇ ਖਿਲਾਫ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਹੈ ਤੇ ਚੋਣ ਕਮਿਸ਼ਨ ਦੇ ਫੈਸਲੇ ‘ਤੇ ਸਾਰਿਆਂ ਦੀ ਨਜ਼ਰ ਟਿਕੀ ਹੋਈ ਹੈ। ਹੁਣ ਇਸ ‘ਤੇ ਕੀ ਫੈਸਲਾ ਆਉਂਦਾ ਹੈ ਇਹ ਤਾਂ ਅਜੇ ਭਵਿੱਖ ਦੇ ਗਰਭ ਵਿੱਚ ਹੈ, ਪਰ ਇੰਨਾ ਜਰੂਰ ਹੈ ਕਿ ਵੱਡੇ ਬਾਦਲ ਦੇ ਬਿਆਨ ਦਾ ਜਵਾਬ ਦੇ ਕੇ ਰਾਜਾ ਵੜਿੰਗ ਇੱਕ ਵਾਰ ਫਿਰ ਸੁਰਖੀਆਂ ਜਰੂਰ ਬਟੋਰ ਗਏ ਹਨ।

- Advertisement -

 

Share this Article
Leave a comment