ਪਸ਼ੂ ਪਾਲਣ ਵਿਭਾਗ ਦੇ ਮੁਲਾਜਮ ਅੱਜ ਲਾਉਣਗੇ ਧਰਨਾ

TeamGlobalPunjab
2 Min Read

ਨਾਭਾ : ਪਸ਼ੂ ਪਾਲਣ ਮੁਲਾਜ਼ਮ ਯੂਨੀਅਨ ਦੀ ਮੀਟਿੰਗ ਮੰਗਲਵਾਰ ਨੂੰ ਸਹਾਇਕ ਨਿਰਦੇਸ਼ਕ ਨਾਭਾ ਦੇ ਦਫਤਰ ਵਿਖੇ ਹੋਈ । ਇਸ ਮੀਟਿੰਗ ਵਿਚ 4 ਅਗਸਤ (ਬੁੱਧਵਾਰ) ਦੇ ਧਰਨੇ ਦੀ ਤਿਆਰੀ ਲਈ ਵਿਚਾਰ- ਵਟਾਂਦਰਾ ਕੀਤਾ ਗਿਆ । ਪਸ਼ੂ ਪਾਲਣ ਵਿਭਾਗ ਨਾਲ ਸਬੰਧਤ ਮੁਲਾਜ਼ਮ ਨਾਭਾ ਵਿਖੇ ਵਿਸ਼ਾਲ ਰੋਸ ਧਰਨਾ ਦੇਣਗੇ ਅਤੇ ਆਪਣੀਆਂ ਮੰਗਾਂ ਦਾ ਮੰਗ ਪੱਤਰ ਅਧਿਕਾਰੀਆਂ ਅਤੇ ਪੰਜਾਬ ਸਰਕਾਰ ਤੱਕ ਪੁੱਜਦਾ ਕਰਨਗੇ।

ਇਸ ਮੀਟਿੰਗ ਦੀ ਪ੍ਰਧਾਨਗੀ ਸਰਜੀਤ ਸਿੰਘ, ਦਿਆਲ ਸਿੰਘ ਸਿੱਧੂ, ਚਮਕੌਰ ਸਿੰਘ ਧਾਰੋਂਕੀ ਤੇ ਰਾਜਵੀਰ ਸਿੰਘ ਨੇ ਕੀਤੀ। ਇਕੱਤਰ ਮੁਲਾਜ਼ਮਾਂ ਨੂੰ ਸੰਬੋਧਨ ਕਰਦਿਆਂ ਗੁਰਮੀਤ ਸਿੰਘ ਪੇਧਨ,ਭਜਨ ਸਿੰਘ ਲੰਗ, ਗਰਜੰਟ ਸਿੰਘ ਤੇ ਸਮਸੇਰ ਸਿੰਘ ਥੁਹੀ ਨੇ ਕਿਹਾ ਕੀ ਵਿਭਾਗ ਵਿੱਚ ਲੰਮੇ ਸਮੇਂ ਤੋਂ ਕੰਮ ਕਰਦੇ ਕੱਚੇ ਕਾਮੇ ਪੱਕੇ ਨਹੀਂ ਕੀਤੇ ਜਾ ਰਹੇ ਅਤੇ ਨਾ ਹੀ ਸੀਨੀਅਰਤਾ ਸੂਚੀ ਬਣਾ ਕੇ ਪੰਜਾਬ ਸਰਕਾਰ ਨੂੰ ਭੇਜੀ ਜਾ ਰਹੀ ਹੈ । ਪੰਜਾਬ ਸਰਕਾਰ ਵੱਲੋਂ ਦੋ ਸਾਲ ਤੋ ਕੱਚੇ ਕਾਮਿਆਂ ਦੀਆਂ ਤਨਖਾਹਾਂ ਵਿਚ ਵਾਧਾ ਨਹੀਂ ਕੀਤਾ ਜਾ ਰਿਹਾ ਜਿਸ ਕਾਰਨ ਸਮੁੱਚੇ ਕੱਚੇ ਕਾਮਿਆਂ ਵਿਚ ਭਾਰੀ ਰੋਸ ਤੇ ਬੇਚੈਨੀ ਪਾਈ ਜਾ ਰਹੀ ਹੈ।

  ਮੀਟਿੰਗ ਨੂੰ ਸੰਬੋਧਨ ਕਰਦਿਆਂ ਹਰਬੰਸ ਸਿੰਘ, ਸਤਨਾਮ ਸਿੰਘ ਅਮਨਦੀਪ ਸਿੰਘ ਤੇ ਸੁਭਾਸ ਨਸਾਦ ਨੇ ਕਿਹਾ ਕਿ ਪਸ਼ੂ ਪਾਲਣ ਵਿਭਾਗ ਦਾ ਕੰਮ ਜੋਖਮ ਭਰਿਆ ਹੈ। ਸਰਕਾਰ ਹਰ ਮੁਲਾਜ਼ਮ ਦਾ ਆਪਣੇ ਵੱਲੋਂ ਦੱਸ ਲੱਖ ਦਾ ਬੀਮਾ ਕਰਵਾਏ, ਕਿਉਂਕਿ ਪਹਿਲਾਂ ਇੱਕ ਕਰਮਚਾਰੀ ਦੀ ਮੌਤ ਹੋ ਚੁੱਕੀ ਹੈ ਅਤੇ ਕਈ ਕਰਮਚਾਰੀ ਪਸ਼ੂਆਂ ਵਲੋ ਫ਼ੱਟੜ ਕਰ ਦਿੱਤੇ ਗਏ। ਕਰਮਚਾਰੀਆਂ ਨੂੰ ਸੇਫਟੀ ਕਿੱਟਾਂ ਤੇ ਵਰਦੀਆਂ ਦਿੱਤੀਆਂ ਜਾਣ ।

ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸ਼ਨ ਦੇ ਆਗੂਆਂ ਦਰਸ਼ਨ ਬੇਲੂਮਾਜਰਾ, ਜਸਵੀਰ ਖੋਖਰ ,ਲਖਵਿੰਦਰ ਖਾਨਪੁਰ ਤੇ ਜਸਵਿੰਦਰ ਸੌਜਾ ਨੇ ਕਿਹਾ ਕਿ ਫੈਡਰੇਸ਼ਨ ਵੱਲੋਂ ਇਨ੍ਹਾਂ ਮੁਲਾਜ਼ਮਾਂ ਦੀ ਡਟਵੀਂ ਹਮਾਇਤ ਕੀਤੀ ਜਾਵੇਗੀ ਅਤੇ ਸੰਘਰਸ਼ ਨੂੰ ਜਿੱਤ ਤੱਕ ਲੈ ਕੇ ਜਾਵਾਂਗੇ। ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਨੇ ਰਿੰਕੂ ਲਬਾਣਾ,ਬੰਤ ਭੋੜੇ,ਸੁਰਜ ਪ੍ਸਾਦ,ਕੇਵਲ ਕੋਟ ਕਲਾਂ,ਅਰੁਨ ਕੁਮਾਰ,ਅਮਰੀਕ ਸਿੰਘ,ਭਗਵੰਤ ਸਿੰਘ,ਪ੍ਸੋਤਮ ਲਾਲ ਤੇ ਸੁਰਮੁਖ ਸਿੰਘ ਕਿਹਾ ਕਿ 4 ਅਗਸਤ ਦੇ ਧਰਨੇ ਲਈ ਪਸ਼ੂ ਪਾਲਣ ਮੁਲਾਜ਼ਮਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ । ਵੱਡੀ ਗਿਣਤੀ ਵਿੱਚ ਪਸ਼ੂ ਪਾਲਣ ਵਿਭਾਗ ਦੇ ਮਲਾਜ਼ਮ ਵਹੀਰਾਂ ਘੱਤ ਕੇ ਇਸ ਰੋਸ ਧਰਨੇ ਵਿਚ ਪੁੱਜਣਗੇ ਅਤੇ ਸਰਕਾਰ ਖ਼ਿਲਾਫ਼ ਆਪਣੇ ਰੋਹ ਦਾ ਪ੍ਰਗਟਾਵਾ ਕਰਨਗੇ।

- Advertisement -

Share this Article
Leave a comment