ਨਿੱਕਲ ਗਈ ਫੂਕ, ਕੁੰਵਰ ਵਿਜੇ ਪ੍ਰਤਾਪ ਦੇ ਬਦਲਦਿਆਂ ਹੀ ਬਹਿਬਲ ਕਲਾਂ ਕੇਸ ‘ਚੋਂ ਸਿੱਟ ਨੇ ਅਕਾਲੀਆਂ ਨੂੰ ਦਿੱਤੀ ਕਲੀਨ ਚਿੱਟ

TeamGlobalPunjab
7 Min Read

ਫ਼ਰੀਦਕੋਟ : ਇੱਕ ਸਮਾਂ ਸੀ ਜਦੋਂ ਸਾਲ 2015 ਦੌਰਾਨ ਵਾਪਰੇ ਬੇਅਦਬੀ ਅਤੇ ਗੋਲੀ ਕਾਂਡ ਮਾਮਲਿਆਂ ਦੀ ਜਾਂਚ ਲਈ ਬਣਾਈ ਗਈ ਐਸਆਈਟੀ ‘ਤੇ ਲੋਕ ਅੱਖਾਂ ਬੰਦ ਕਰਕੇ ਭਰੋਸਾ ਕਰਦਿਆਂ ਜਾਰੀ ਜਾਂਚ ਦੀਆਂ ਖ਼ਬਰਾਂ ਪੜ੍ਹ ਕੇ ਹੀ ਇੱਥੋਂ ਤੱਕ ਦੱਸਣ ਲੱਗ ਪਏ ਸਨ, ਕਿ ਹੁਣ ਅਗਲਾ ਨੰਬਰ ਕਿਸ ਦਾ ਹੈ, ਪਰ ਇੰਝ ਜਾਪਦਾ ਹੈ ਜਿਵੇਂ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਚੋਣ ਕਮਿਸ਼ਨ ਨੂੰ ਸ਼ਿਕਾਇਤ ਕਰਕੇ ਬਦਲਾਏ ਗਏ ਆਈ ਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਬਦਲਦਿਆਂ ਹੀ ਇਸ ਜਾਂਚ ਦੀ ਫੂਕ ਨਿੱਕਲ ਗਈ ਹੈ। ਲੋਕਾਂ ਵੱਲੋਂ ਇਹ ਦੋਸ਼ ਇਸ ਲਈ ਲਾਏ ਜਾ ਰਹੇ ਹਨ ਕਿਉਂਕਿ ਬਹਿਬਲ ਕਲਾਂ ਗੋਲੀ ਕਾਂਡ ਕੇਸ ਵਿੱਚ ਸਪੈਸ਼ਲ ਇੰਨਵੈਸਟੀਗੇਸ਼ਨ ਟੀਮ (ਸਿੱਟ) ਵੱਲੋਂ ਜਿਹੜਾ 792 ਪੰਨਿਆਂ ਦਾ ਚਲਾਨ ਫ਼ਰੀਦਕੋਟ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ ਉਸ ਵਿੱਚ ਇੱਕ ਵੀ ਅਕਾਲੀ ਆਗੂ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਦਾ ਜਿਕਰ ਤੱਕ ਨਹੀਂ ਕੀਤਾ ਗਿਆ। ਇਹ ਚਲਾਨ ਪੜ੍ਹਦਿਆਂ ਸਾਰ ਬਹੁਤ ਸਾਰੇ ਲੋਕਾਂ ਨੇ ਨੱਕ ਬੁੱਲ ਚਾੜ੍ਹ ਕੇ ਇਹ ਦੋਸ਼ ਲਾਉਣੇ ਸ਼ੁਰੂ ਕਰ ਦਿੱਤਾ ਹੈ, ਕਿ ਇਹ ਤਾਂ ਹੋਣਾ ਹੀ ਸੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਬਦਲਿਆ ਹੀ ਇਸ ਲਈ ਗਿਆ ਸੀ।

ਐਸਆਈਟੀ ਵੱਲੋਂ ਪੇਸ਼ ਕੀਤੇ ਗਏ ਚਲਾਨ ਵਿੱਚ ਕਿਹਾ ਗਿਆ ਹੈ ਕਿ 14 ਅਕਤੂਬਰ 2015 ਨੂੰ ਬਹਿਬਲ ਕਲਾਂ ਵਿਖੇ ਵਾਪਰੀ ਘਟਨਾ ਗੈਰ ਕਾਨੂੰਨੀ ਕਾਰਵਾਈ ਸੀ, ਤੇ ਪੁਲਿਸ ਨੇ ਆਪਣੀ ਕਰਤੂਤ ਨੂੰ ਸੱਚਾ ਸਾਬਤ ਕਰਨ ਲਈ ਮਨ ਘੜਤ ਤੱਥ, ਸਬੂਤ ਅਤੇ ਗਵਾਹ ਤਿਆਰ ਕੀਤੇ। ਚਲਾਨ ਨੂੰ ਧਿਆਨ ਨਾਲ ਪੜ੍ਹਨ ਤੇ ਸਾਹਮਣੇ ਆਇਆ ਕਿ ਘਟਨਾ ਤੋਂ ਬਾਅਦ ਪੁਲਿਸ ਨੇ ਇੱਕ ਫਰਜੀ ਰੁੱਕਾ ਤਿਆਰ ਕੀਤਾ ਤੇ ਆਪਣੇ ਕਾਰੇ ਨੂੰ ਸੱਚਾ ਸਾਬਤ ਕਰਨ ਲਈ ਸੱਚਾਈ ਨੂੰ ਤੋੜਨ ਮਰੋੜਨ ਦੀ ਕੋਸ਼ਿਸ਼ ਕੀਤੀ। ਚਲਾਨ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਮੋਗੇ ਦੇ ਸਾਬਕਾ ਐਸਐਸਪੀ ਚਰਨਜੀਤ ਸ਼ਰਮਾਂ ਤੇ ਉਨ੍ਹਾਂ ਦੇ ਸਾਥੀ ਪੁਲਿਸ ਅਧਿਕਾਰੀਆਂ ਨੇ ਥਾਣਾ ਬਾਜਾਖਾਨਾਂ ਵਿਖੇ ਸਾਜ਼ਿਸ਼ ਅਧੀਨ ਇੱਕ ਪਰਚਾ ਦਰਜ ਕੀਤਾ ਜਿਸ ਵਿੱਚ ਕਹਾਣੀ ਇਹ ਬਣਾਈ ਕਿ ਧਰਨਾਂ ਕਾਰੀਆਂ ਕੋਲ ਅਸਲਾ ਸੀ ਤੇ ਉਨ੍ਹਾਂ ਨੇ ਮਾਰ ਦੇਣ ਦੀ ਨੀਅਤ ਨਾਲ ਪੁਲਿਸ ‘ਤੇ ਫਾਇਰਿੰਗ ਕੀਤੀ।

ਚਲਾਨ ਅਨੁਸਾਰ ਉੱਚ ਅਧਿਕਾਰੀਆਂ ਦੇ ਹੁਕਮ ‘ਤੇ ਐਸਐਸਪੀ ਫਿਰੋਜ਼ਪੁਰ ਪ੍ਰੀਤਮ ਸਿੰਘ ਦੀ ਅਗਵਾਈ ਵਿੱਚ 3 ਮੈਂਬਰੀ ਜਾਂਚ ਕਮੇਟੀ ਬਣਾਈ ਗਈ। ਜਿਨ੍ਹਾਂ ਨੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਦੇ ਅਧਾਰ ‘ਤੇ 11 ਨਵੰਬਰ 2018 ਨੂੰ ਚਰਨਜੀਤ ਸ਼ਰਮਾਂ, ਸਾਬਕਾ ਐਸਪੀ ਫਾਜਿਲਕਾ ਬਿਕਰਮਜੀਤ ਸਿੰਘ, ਚਰਨਜੀਤ ਸ਼ਰਮਾਂ ਦੇ ਰੀਡਰ ਪ੍ਰਦੀਪ ਸਿੰਘ ਤੇ ਸਮੇਂ ਦੇ ਥਾਣਾ ਬਾਜਾਖਾਨਾਂ ਮੁਖੀ ਅਮਰਜੀਤ ਸਿੰਘ ਕੁਲਾਰ ‘ਤੇ ਪਰਚਾ ਦਰਜ ਕਰ ਦਿੱਤਾ। ਭਾਵੇਂ ਕਿ ਏਡੀਜੀਪੀ ਪ੍ਰਬੋਧ ਕੁਮਾਰ ਦੀ ਅਗਵਾਈ ਵਿੱਚ ਬਣਾਈ ਸਿੱਟ ਨੇ ਬਹਿਬਲ ਕਲਾਂ ਗੋਲੀ ਕਾਂਡ ਵਿੱਚ ਸਿਰਫ ਸਾਬਕਾ ਐਸਐਸਪੀ ਚਰਨਜੀਤ ਸ਼ਰਮਾਂ ਦੇ ਖਿਲਾਫ ਹੀ ਚਲਾਨ ਪੇਸ਼ ਕੀਤਾ ਹੈ ਤੇ ਪ੍ਰਦੀਪ ਕੁਮਾਰ, ਬਿਕਰਮਜੀਤ ਸਿੰਘ ਅਤੇ ਅਮਰਜੀਤ ਸਿੰਘ ਕੁਲਾਰ ਦੇ ਖਿਲਾਫ ਚਲਾਨ ਪੇਸ਼ ਕੀਤਾ ਜਾਣਾ ਅਜੇ ਬਾਕੀ ਹੈ, ਪਰ ਇਸ ਚਲਾਨ ਵਿੱਚ ਕਿਸੇ ਰਾਜਨੀਤਕ ਬੰਦੇ ਦਾ ਨਾਮ ਨਾ ਆਉਣਾ ਨਾ ਤਾਂ ਕਾਂਗਰਸੀਆਂ ਨੂੰ ਪਸੰਦ ਆਇਆ ਹੈ ਤੇ ਨਾ ‘ਆਪ’ ਵਾਲਿਆਂ ਨੂੰ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਇਸ ਚਲਾਨ ਵਿੱਚ ਅਜਿਹਾ ਕੋਈ ਇਸ਼ਾਰਾ ਵੀ ਨਹੀਂ ਕੀਤਾ ਗਿਆ ਕਿ ਅੱਗੇ ਪੇਸ਼ ਹੋਣ ਵਾਲੇ ਚਲਾਨ ਵਿੱਚ ਕਿਸੇ ਸਿਆਸੀ ਬੰਦੇ ਦਾ ਨਾਮ ਵੀ ਹੋਵੇਗਾ। ਜਦਕਿ ਅਕਾਲੀ ਦਲ ਦੇ ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ ਦੇ ਖਿਲਾਫ ਆਪ ਖੁਦ ਪਰਚਾ ਦਰਜ ਕਰ ਚੁੱਕੀ ਹੈ।

ਪੇਸ਼ ਕੀਤੇ ਗਏ ਇਸ ਚਲਾਨ ਵਿੱਚ ਇਸ ਘਟਨਾ ਦਾ ਪੂਰਾ ਵਿਸਥਾਰ ਦਿੱਤਾ ਗਿਆ ਹੈ ਕਿ ਕਿਸ ਤਰ੍ਹਾਂ ਚਰਨਜੀਤ ਸ਼ਰਮਾਂ ਜਦੋਂ ਸਵੇਰੇ ਸਾਢੇ 9 ਵਜੇ ਦੇ ਕਰੀਬ ਜਦੋਂ ਉੱਥੇ ਮੌਕੇ ‘ਤੇ ਪਹੁੰਚੇ ਤਾਂ ਲੋਕ ਸਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਸਨ, ਤੇ ਚਲਾਨ ਵਿੱਚ ਦਾਅਵਾ ਕੀਤਾ ਗਿਆ ਹੈ, ਕਿ ਮੌਕੇ ‘ਤੇ ਬੈਠੇ ਪ੍ਰਦਰਸ਼ਨਕਾਰੀਆਂ ਨੂੰ ਉਠਾਉਣ ਲਈ ਪੁਲਿਸ ਨੇ ਉਨ੍ਹਾਂ ਨੂੰ ਠੁੱਡੇ ਮਾਰੇ ਤੇ ਬਦਸਲੂਕੀ ਕੀਤੀ। ਜਿਸ ਤੋਂ ਬਾਅਦ ਹਾਲਾਤ ਖਰਾਬ ਹੋ ਗਏ। ਸਿੱਟ ਵੱਲੋਂ ਪੇਸ਼ ਕੀਤੇ ਗਏ ਚਲਾਨ ਵਿੱਚ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਕਿ ਪੁਲਿਸ ਵੱਲੋਂ ਉਸ ਮੌਕੇ ਚਲਾਈ ਗਈ ਗੋਲੀ ਵਿੱਚ ਭਾਈ ਗੁਰਜੀਤ ਸਿੰਘ ਤੇ ਭਾਈ ਕ੍ਰਿਸ਼ਨ ਭਗਵਾਨ ਸਿੰਘ ਦੀ ਮੌਤ ਹੋ ਗਈ ਤੇ ਬੇਅੰਤ ਸਿੰਘ,ਰਜਿੰਦਰ ਸਿੰਘ, ਗੁਰਦਿੱਤ ਸਿੰਘ ਜਖਮੀ ਹੋ ਗਏ।  ਇਸ ਚਲਾਨ ਅਨੁਸਾਰ ਸੰਗਤ ਬਹਿਬਲ ਕਲਾਂ ਲਿੰਕ ਰੋਡ ‘ਤੇ ਸ਼ਾਂਤਮਈ ਢੰਗ ਨਾਲ ਰੋਸ ਪ੍ਰਦਰਸ਼ਨ ਕਰ ਰਹੀ ਸੀ ਤੇ ਪੁਲਿਸ ਵੱਲੋਂ ਉਨ੍ਹਾਂ ਦੇ ਇਕੱਠ ਨੂੰ ਗੈਰ ਕਾਨੂੰਨੀ ਕਹਿਣਾ ਗਲਤ ਹੈ। ਅਦਾਲਤ ਵਿੱਚ ਪੇਸ਼ ਕੀਤਾ ਗਿਆ ਇਹ ਚਲਾਨ ਕਹਿੰਦਾ ਹੈ ਕਿ ਸਿੱਟ ਵੱਲੋਂ ਕੀਤੀ ਗਈ ਤਫਤੀਸ਼ ਵਿੱਚ ਇਹ ਗੱਲ ਸਾਬਤ ਹੋਈ ਹੈ ਕਿ ਜਿਸ ਵੇਲੇ ਇਹ ਘਟਨਾ ਵਾਪਰੀ ਉਸ ਵੇਲੇ ਪ੍ਰਿਤਪਾਲ ਸਿੰਘ ਨਾਇਬ ਤਹਿਸੀਲਦਾਰ ਬਤੌਰ ਡਿਊਟੀ ਮੈਜਿਸਟ੍ਰੇਟ ਮੌਕੇ ‘ਤੇ ਮੌਜੂਦ ਸੀ ਪਰ ਇਸ ਦੇ ਬਾਵਜੂਦ ਪੁਲਿਸ ਨੇ ਨਾ ਤਾਂ ਉਨ੍ਹਾਂ ਤੋਂ ਲਾਠੀਚਾਰਜ ਵੇਲੇ, ਤੇ ਨਾ ਹੀ ਗੋਲੀ ਚਲਾਉਣ ਵੇਲੇ ਕੋਈ ਲਿਖਤੀ ਜਾਂ ਜ਼ੁਬਾਨੀ ਹੁਕਮ ਲਏ ਸਨ। ਚਲਾਨ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਪੁਲਿਸ ਦੀ ਜਿਹੜੀ ਜਿਪਸੀ ‘ਤੇ ਪ੍ਰਦਰਸ਼ਨਕਾਰੀਆਂ ਵੱਲੋਂ ਗੋਲੀ ਚਲਾਉਣ ਦਾ ਦਾਅਵਾ ਕੀਤਾ ਗਿਆ ਸੀ ਉਸ ਜਿਪਸੀ ਨੂੰ ਐਸਪੀ ਬਿਕਰਮਜੀਤ ਸਿੰਘ ਨੇ ਆਪਣੇ ਇੱਕ ਦੋਸਤ ਦੇ ਘਰ ਲਿਜਾ ਕੇ ਇੱਕ ਨਿੱਜੀ ਫਰਮ ਦੇ ਸੁਰੱਖਿਆ ਮੁਲਾਜ਼ਮ ਦੀ 12 ਬੋਰ ਗੰਨ ਰਾਹੀਂ ਖੁਦ ਗੋਲੀਆਂ ਚਲਾ ਕੇ ਉਸ ‘ਤੇ ਗੋਲੀਆਂ ਦੇ ਨਿਸ਼ਾਨ ਬਣਾਏ ਸਨ। ਚਲਾਨ ਮੁਤਾਬਕ ਹੁਣ ਇਹ ਜਿਪਸੀ ਪੁਲਿਸ ਦੇ ਕਬਜੇ ਵਿੱਚ ਹੈ।

ਦੱਸ ਦਈਏ ਕਿ ਇਸ ਕੇਸ ਵਿੱਚ 90 ਦਿਨ ਪੂਰੇ ਹੋ ਜਾਣ ਤੋਂ ਬਾਅਦ ਚਰਨਜੀਤ ਸ਼ਰਮਾਂ ਨੂੰ ਜੇਲ੍ਹ ਵਿੱਚੋਂ ਅਦਾਲਤ ਨੇ ਜ਼ਮਾਨਤ ਤੇ ਰਿਹਾਅ ਕਰ ਦਿੱਤਾ ਸੀ ਜਦਕਿ ਬਾਕੀ 3 ਮੁਲਜ਼ਮਾਂ ਨੂੰ ਪਹਿਲਾਂ ਹੀ ਅਦਾਲਤ ਵੱਲੋਂ ਜ਼ਮਾਨਤ ਮਿਲ ਚੁੱਕੀ ਹੈ।

ਚੋਣਾਂ ਮੌਕੇ ਸਿੱਟ ਵੱਲੋਂ ਅਦਾਲਤ ਵਿੱਚ ਪੇਸ਼ ਕੀਤਾ ਗਿਆ ਇਹ ਚਲਾਨ ਭਾਵੇਂ ਕਿ ਪੁਲਿਸ ਲਈ ਰੋਟੀਨ ਕਾਰਵਾਈ ਹੈ, ਪਰ ਇਸ ਚਲਾਨ ਦੇ ਅੰਦਰਲੇ ਤੱਥ ਕਈ ਦੀ ਭਰਵਿੱਟੇ ਉੱਪਰ ਚੜ੍ਹਨ ਲਈ ਕਾਫੀ ਹਨ। ਹੁਣ ਜੇਕਰ ਇਹ ਉੱਪਰ ਚੜ੍ਹੇ ਭਰਵਿੱਟਿਆਂ ਵਾਲਿਆਂ ਨੇ ਇੱਕਜੁੱਟ ਹੋ ਕੇ ਇਸ ਨੂੰ ਚੋਣ ਮੁੱਦਾ ਬਣਾ ਲਿਆ ਤਾਂ ਇਸ ਨਾਲ ਅਕਾਲੀਆਂ ਨੂੰ ਤਾਂ ਨੁਕਸਾਨ ਹੋਵੇਗਾ ਹੀ ਹੋਵੇਗਾ, ਕਾਂਗਰਸੀ ਉਮੀਦਵਾਰ ਵੀ ਇਸ ਗੱਲ ਦੇ ਸੇਕ ਤੋਂ ਬਚ ਨਹੀਂ ਸਕਣਗੇ। ਫਿਰ ਉਹ ਭਾਵੇਂ ਜਿਨ੍ਹਾਂ ਮਰਜੀ ਰੌਲਾ ਪਾਈ ਜਾਣ ਕਿ ਸਾਡਾ ਕੀ ਕਸੂਰ ਹੈ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਤਾਂ ਚੋਣ ਕਮਿਸ਼ਨ ਨੇ ਬਦਲਾਇਆ ਹੈ, ਪਰ ਜਨਤਾ ਜੇਕਰ ਇੱਕ ਵਾਰੀ ਗੁੱਸੇ ‘ਚ ਅੰਨ੍ਹੀ ਹੋ ਗਈ ਤਾਂ ਇਤਿਹਾਸ ਗਵਾਹ ਹੈ ਕਿ ਉਸ ਨੇ ਨਾ ਕਿਸੇ ਨੂੰ ਬਖ਼ਸਿਆ ਹੈ ਤੇ ਨਾ ਕਿਸੇ ਨੂੰ ਹੁਣ ਬਖਸੇਗੀ।

 

Share This Article
Leave a Comment