ਕ੍ਰਾਈਸਚਰਚ (ਨਿਊਜ਼ੀਲੈਂਡ) : ਬੀਤੀ ਕੱਲ੍ਹ ਨਿਊਜ਼ੀਲੈਂਡ ‘ਚ ਸੈਟਰਲ ਕ੍ਰਾਈਸਚਰਚ ਇਲਾਕੇ ‘ਚ ਪੈਂਦੀਆਂ ਦੋ ਮਸਜ਼ੀਦਾਂ ਅੰਦਰ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਉੱਥੇ ਸਿੱਖ ਭਾਈਚਾਰਾ ਵੱਡੀ ਪੱਧਰ ‘ਤੇ ਆਪਣੇ ਕੰਮ-ਕਾਰ ਅਤੇ ਹੋਰ ਰੁਝੇਵੇਂ ਛੱਡ ਕੇ ਪੀੜ੍ਹਤਾਂ ਦੀ ਹਰ ਸੰਭਵ ਮਦਦ ਲਈ ਸਾਹਮਣੇ ਆਇਆ ਹੈ। ਇੱਥੋਂ ਦੇ ਆਕਲੈਂਡ ਸ਼ਹਿਰ ਦੀ ਇੱਕ ਸਮਾਜ ਸੇਵੀ ਸੰਸਥਾ ਗੁਰੂ ਨਾਨਕ ਕੰਮਿਊਨਿਟੀ ਕਿਚਨ ਨੇ ਲੋਕਾਂ ਤੇ ਖਾਸ ਕਰ ਸਿੱਖ ਭਾਈਚਾਰੇ ਨੂੰ ਅਪੀਲ ਕੀਤੀ ਹੈ ਕਿ ਉਹ ਬਿਨਾਂ ਕਿਸੇ ਭੇਦ-ਭਾਵ ਦੇ ਆਪਣੇ ਆਪ ਪੀੜ੍ਹਤ ਪਰਿਵਾਰਾਂ ਨੂੰ ਕਬਰਗਾਹਾਂ ਤੱਕ ਲਿਜਾਣ ਅਤੇ ਉੱਥੋਂ ਵਾਪਸ ਲਿਆਉਣ ਦਾ ਮੁਫਤ ਪ੍ਰਬੰਧ ਕਰਨ ਤੋਂ ਇਲਾਵਾ ਜਿਹੜੇ ਲੋਕ ਉੱਥੇ ਆਪਣਿਆਂ ਨੂੰ ਦਫਨਾਉਣ ਆਏ ਹਨ ਉਨ੍ਹਾਂ ਲਈ ਲੰਗਰ ਦਾ ਪ੍ਰਬੰਧ ਕਰਨ ਤੇ ਮ੍ਰਿਤਕਾਂ ਨੂੰ ਦਫਨਾਉਣ ਵਿੱਚ ਪੀੜ੍ਹਤ ਪਰਿਵਾਰਾਂ ਦੀ ਹਰ ਤਰ੍ਹਾਂ ਦੀ ਮਦਦ ਕਰਨ। ਇਹ ਅਪੀਲ ਸੁਣਦਿਆਂ ਹੀ ਉੱਥੇ ਰਹਿੰਦੇ ਸਿੱਖਾਂ ਨੇ ਆਪੋ ਆਪਣੇ ਕੰਮ ਕਾਰ ਛੱਡ ਦਿੱਤੇ ਤੇ ਵੱਡੀ ਤਦਾਦ ਵਿੱਚ ਇਨ੍ਹਾਂ ਹਲਾਤਾਂ ਨਾਲ ਲੜ੍ਹ ਰਹੇ ਲੋਕਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ੍ਹ ਗਏ।
ਗੁਰੂ ਨਾਨਕ ਫਰੀ ਕਿਚਨ ਸੰਸਥਾ ਨੇ ਇਸ ਮੌਕੇ ਇੱਕ ਫੇਸਬੁੱਕ ਪੋਸਟ ਪਾ ਕੇ ਉਨ੍ਹਾਂ ਲੋਕਾਂ ਦਾ ਧੰਨਵਾਦ ਕੀਤਾ ਹੈ ਜਿਨ੍ਹਾਂ ਨੇ ਉਨ੍ਹਾਂ ਦੀ ਅਪੀਲ ਸੁਣ ਕੇ ਪੀੜ੍ਹਤਾਂ ਦਾ ਸਾਥ ਦੇਣਾਂ ਸ਼ੁਰੂ ਕਰ ਦਿੱਤਾ ਹੈ। ਇਸ ਪੋਸਟ ਨੂੰ ਪੜ੍ਹ ਕੇ ਦੁਨੀਆਂ ਭਰ ‘ਚ ਲੋਕਾਂ ਦੇ ਮਨਾਂ ਅੰਦਰ ਸਿੱਖਾਂ ਪ੍ਰਤੀ ਸਤਿਕਾਰ ਇੰਨਾ ਵਧਿਆ ਹੈ ਕਿ ਉਹ ਪੋਸਟ ਉੱਤੇ ਕਮੈਂਟ ਕਰਕੇ ਸਿੱਖ ਭਾਈਚਾਰੇ ਨੂੰ ਦੁਆਵਾਂ ਦੇਣ ਦੇ ਨਾਲ ਨਾਲ ਧੰਨਵਾਦ ਕਰ ਰਹੇ ਹਨ। ਅਜਿਹੇ ਹੀ ਇੱਕ ਕਮੈਂਟ ਕਰਨ ਵਾਲੇ ਪੀੜ੍ਹਤ ਸਖਸ਼ ਸੈਫੂਦੀਨ ਅਹਿਮਦ ਨੇ ਆਪਣੇ ਕਮੈਂਟ ਵਿੱਚ ਲਿਖਿਆ ਹੈ ਕਿ ਮੈਂ ਇਹ ਅਰਦਾਸ ਕਰਾਂਗਾ ਕਿ ਰੱਬ ਮੇਰੀ ਮੌਤ ਤੋਂ ਪਹਿਲਾਂ ਮੈਨੂੰ ਮੇਰੇ ਸਿੱਖ ਭਰਾਵਾਂ ਦੀ ਕਿਸੇ ਵੀ ਰੂਪ ਵਿੱਚ ਸੇਵਾ ਕਰਨ ਦਾ ਘੱਟੋ-ਘੱਟ ਇੱਕ ਮੌਕਾ ਜਰੂਰ ਦੇਵੇ। ਸਿੱਖ ਵੀਰੋ ਤੁਸੀਂ ਮੇਰਾ ਦਿਲ, ਮਨ ਅਤੇ ਆਤਮਾਂ ਨੂੰ ਪੂਰੀ ਤਰ੍ਹਾਂ ਜਿੱਤ ਲਿਆ ਹੈ।
ਦੱਸ ਦਈਏ ਕਿ ਗੁਰੂ ਨਾਨਕ ਫਰੀ ਕਿਚਨ ਸੰਸਥਾ ਦੀ ਆਕਲੈਂਡ ਵਿੱਚ ਸਾਲ 2007 ਦੌਰਾਨ ਸ਼ੁਰੂਆਤ ਕੀਤੀ ਗਈ ਸੀ ਤੇ ਇਹ ਭਰਾਤਰੀ ਸੋਚ ਵਾਲੀ ਲੋਕਾਂ ਦੀ ਇੱਕ ਅਜਿਹੀ ਸੰਸਥਾ ਹੈ ਜਿਹੜੀ ਕਿ ਉਨ੍ਹਾਂ ਲੋਕਾਂ ਦੀ ਮਦਦ ਕਰਦੀ ਹੈ ਜਿਨ੍ਹਾਂ ਕੋਲ ਖਾਣਾ ਅਤੇ ਹੋਰ ਜਰੂਰੀ ਵਸਤਾਂ ਨਹੀਂ ਹੁੰਦੀਆਂ। ਇਹ ਗਰੁੱਪ ਉਨ੍ਹਾਂ ਨਿਸ਼ਕਾਮ ਲੋਕਾਂ ਦੀ ਮਦਦ ਨਾਲ ਕੰਮ ਕਰਦਾ ਹੈ ਜਿਹੜੇ ਉਸ ਵੇਲੇ ਅੱਗੇ ਆਉਂਦੇ ਹਨ ਜਦੋਂ ਉਨ੍ਹਾਂ ਦੀਆਂ ਸੇਵਾਵਾਂ ਦੀ ਅਸਲ ਵਿੱਚ ਲੋੜ ਹੁੰਦੀ ਹੈ।
ਜ਼ਿਕਰਯੋਗ ਹੈ ਕਿ ਆਸ਼ਟ੍ਰੇਲੀਅਨ ਮੂਲ ਦੇ ਇੱਕ 28 ਸਾਲ ਬਰੈਨਟੋਨ ਟੈਰੰਟ ਨੇ ਬੀਤੀ ਕੱਲ੍ਹ ਸੈਂਟਰਲ ਕ੍ਰਾਈਸਚਰਚ ਦੀ ਅਲਨੂਰ ਅਤੇ ਲਿਨਵੁੱਡ ਮਸਜ਼ਿਦ ‘ਤੇ ਅੱਤਵਾਦੀ ਹਮਲਾ ਕਰਕੇ ਘੱਟੋ-ਘੱਟ 49 ਬੰਦੇ ਮਾਰ ਦਿੱਤੇ ਸਨ ਤੇ 20 ਨੂੰ ਗੰਭੀਰ ਜਖਮੀ ਕਰ ਦਿੱਤਾ ਸੀ।
- Advertisement -