ਅਮਰੀਕਾ ਦੀ ਸੰਸਦ ‘ਚ ਗੂੰਜਿਆ 1984 ਸਿੱਖ ਕਤਲੇਆਮ ਦਾ ਮੁੱਦਾ

Prabhjot Kaur
2 Min Read

ਵਾਸ਼ਿੰਗਟਨ: ਅਮਰੀਕੀ ਸੰਸਦ ‘ਚ 1984 ਸਿੱਖ ਕਤਲੇਆਮ ਦਾ ਮੁੱਦਾ ਉਸ ਵੇਲੇ ਗੂੰਜਿਆ ਜਦੋਂ ਡੈਮੋਕ੍ਰੇਟਿਕ ਪਾਰਟੀ ਦੇ ਡੋਨਲਡ ਨੌਰਕਰੋਸ ਨੇ ਸਦਨ ‘ਚ ਪੀੜਤ ਪਰਿਵਾਰਾਂ ਨਾਲ ਇਕਜੁਟਤਾ ਦਾ ਇਜ਼ਹਾਰ ਕਰਦਿਆਂ ਇਸ ਘਟਨਾ ਨੂੰ ਘਿਨਾਉਣਾ ਕਰਾਰ ਦਿੱਤਾ। ਨੌਰਕਰੋਸ ਨੇ ਕਿਹਾ ਕਿ ਉਹ ਸਿੱਖ ਭੈਣ-ਭਰਾਵਾਂ ਦੇ ਸ਼ੁਕਰਗੁਜ਼ਾਰ ਹਨ, ਜਿਨ੍ਹਾਂ ਨੇ ਅਮਰੀਕਾ ਦੀ ਸਭਿਆਚਾਰਕ, ਵਿਦਿਅਕ, ਆਰਥਿਕ ਅਤੇ ਧਾਰਮਿਕ ਖੁਸ਼ਹਾਲੀ ਵਿਚ ਯੋਗਦਾਨ ਪਾਇਆ।

ਉਨ੍ਹਾਂ ਕਿਹਾ ਕਿ ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਨਵੀਂ ਦਿੱਲੀ ਸਣੇ ਕਈ ਥਾਵਾਂ ‘ਤੇ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਗਿਆ। ਸਮੂਹਿਕ ਕਤਲੇਆਮ ਹੋਏ ਅਤੇ ਔਰਤਾਂ ਨੂੰ ਬੇਪੱਤ ਕੀਤਾ ਗਿਆ। ਇਸ ਤੋਂ ਬਾਅਦ ਕਈ ਸਿੱਖ ਪਰਿਵਾਰਾਂ ਨੇ ਭਾਰਤ ਛੱਡਣ ਦਾ ਫੈਸਲਾ ਲਿਆ ਅਤੇ ਉਹ ਅਮਰੀਕਾ ਦੇ ਦੱਖਣੀ ਜਰਸੀ ਇਲਾਕੇ ‘ਚ ਆ ਕੇ ਵਸ ਗਏ। ਇਥੇ ਆਏ ਸਿੱਖਾਂ ਨੇ ਨਾਂ ਸਿਰਫ਼ ਆਪਣੀ ਜ਼ਿੰਦਗੀ ਨੂੰ ਸਵਾਰਿਆ ਬਲਕਿ ਇਲਾਕੇ ਨੂੰ ਅੱਗੇ ਲਿਜਾਣ ‘ਚ ਵੀ ਮਦਦ ਕੀਤੀ।

ਨਿਊਜਰਸੀ ਦੇ ਕਾਂਗਰਸਮੈਨ ਡੌਨਲਡ ਨੌਰਉਸ ਨੇ ਕਿਹਾ ਸਿੱਖਾਂ ਕਾਰੋਬਾਰ ਤਬਾਹ ਹੋ ਚੁੱਕੇ ਸਨ ਪਰ ਉਨ੍ਹਾਂ ਨੇ ਇਥੇ ਆ ਕੇ ਨਵੇਂ ਸਿਰੇ ਤੋਂ ਜ਼ਿੰਦਗੀ ਸ਼ੁਰੂ ਕੀਤੀ। ਅਮਰੀਕਾ ‘ਚ ਰਹਿ ਰਹੇ ਸਿੱਖਾਂ ਦੇ ਜ਼ਖ਼ਮ ਹਾਲੇ ਵੀ ਨਹੀਂ ਭਰੇ ਅਤੇ ਉਨ੍ਹਾਂ ਦੇ ਮਨ ‘ਚ ਆਪਣੇ ਵਿਛੜੇ ਪਰਿਵਾਰਕ ਮੈਂਬਰਾਂ ਦੀਆਂ ਯਾਦਾਂ ਹਰ ਵੇਲੇ ਤਾਜ਼ਾ ਰਹਿੰਦੀਆਂ ਹਨ। ਇਸੇ ਦੌਰਾਨ ਰਿਪਬਲਿਕਨ ਪਾਰਟੀ ਦੇ ਸੰਸਦ ਮੈਂਬਰ ਜੌਹਨ ਕਾਰਟਰ ਨੇ ਕਿਹਾ ਕਿ ਭਾਰਤ ਦਾ ਭਵਿੱਖ ਪਹਿਲਾਂ ਦੇ ਮੁਕਾਬਲੇ ਹੋਰ ਸੁਨਹਿਰੀ ਮਹਿਸੂਸ ਹੋ ਰਿਹਾ ਹੈ ਅਤੇ ਭਾਰਤ ਨਾਲ ਅਮਰੀਕਾ ਦੇ ਮਜ਼ਬੂਤ ਹੁੰਦੇ ਰਿਸ਼ਤੇ ਇਕ ਚੰਗਾ ਸੰਕੇਤ ਦੇ ਰਹੇ ਹਨ।

ਕਾਰਟਰ ਨੇ ਅੱਗੇ ਕਿਹਾ ਕਿ ਪਹਿਲੀ ਨਜ਼ਰ ਵਿਚ ਅਜਿਹਾ ਲੱਗ ਸਕਦਾ ਹੈ ਕਿ ਭਾਰਤ ਅਤੇ ਅਮਰੀਕਾ ਵਿਚ ਜ਼ਿਆਦਾਤਰ ਚੀਜ਼ਾਂ ਇਕਸਾਰ ਨਹੀਂ ਪਰ ਗੌਰ ਨਾਲ ਦੇਖੇ ਜਾਣ ਮਹਿਸੂਸ ਕੀਤਾ ਜਾ ਸਕਦਾ ਹੈ ਦੋਵੇਂ ਮੁਲਕ ਇੱਕੋ ਜਿਹੇ ਹਾਲਾਤ ਵਿਚੋਂ ਲੰਘੇ ਅਤੇ ਹੁਣ ਤਰੱਕੀ ਦੀਆਂ ਬੁਲੰਦੀਆਂ ਛੂਹ ਰਹੇ ਹਨ।

- Advertisement -

Share this Article
Leave a comment