ਕੀ ਹਰਨ ਵਾਸਤੇ ਖੜ੍ਹੀ ਹੈ ਬੀਬੀ ਖਾਲੜਾ?

Prabhjot Kaur
7 Min Read

ਕੁਲਵੰਤ ਸਿੰਘ

ਸਾਲ 2019 ਦੀਆਂ  ਵਿਧਾਨ ਸਭਾ ਚੋਣਾਂ ਦੌਰਾਨ ਇਸ ਵਾਰ ਹਲਕਾ ਖਡੂਰ ਸਾਹਿਬ ਤੋਂ ਪੰਜਾਬ ਜ਼ਮਹੂਰੀ ਗੱਠਜੋੜ ਵੱਲੋਂ ਖਾੜਕੂਵਾਦ ਦੌਰਾਨ ਮਾਰੇ ਗਏ ਭਾਈ ਜਸਵੰਤ ਸਿੰਘ ਖਾਲੜਾ ਦੀ ਪਤਨੀ ਪਰਮਜੀਤ ਕੌਰ ਖਾਲੜਾ ਨੂੰ ਆਪਣਾ ਉਮੀਦਵਾਰ ਬਣਾਇਆ ਗਿਆ ਹੈ।  ਕਿਹਾ ਇਹ ਜਾ ਰਿਹਾ ਹੈ ਕਿ ਇਸ ਹਲਕੇ ਦੇ ਲੋਕ ਭਾਈ ਜਸਵੰਤ ਸਿੰਘ ਖਾਲੜਾ ਵੱਲੋਂ ਪੰਜਾਬ ਦੇ ਲੋਕਾਂ ਲਈ ਕੀਤੀਆਂ ਗਈਆਂ ਕੁਰਬਾਨੀਆਂ ਨੂੰ ਯਾਦ ਕਰਦਿਆਂ ਬੀਬੀ ਖਾਲੜਾ ਨੂੰ ਵੋਟਾਂ ਪਾ ਕੇ ਜਰੂਰ ਜਿਤਾਉਣਗੇ। ਪਰ ਜੇਕਰ ਪਿਛਲੇ ਇਤਿਹਾਸ ‘ਤੇ ਨਿਗ੍ਹਾ ਮਾਰੀ ਜਾਵੇ ਤਾਂ ਬੀਬੀ ਖਾਲੜਾ ਨੂੰ ਤਰਨ ਤਾਰਨ ਦੇ ਲੋਕ ਇੱਕ ਵਾਰ ਵਿਧਾਇਕੀ ਦੀਆਂ ਚੋਣਾਂ ਦੌਰਾਨ ਹਰਾ ਕੇ ਨਕਾਰ ਚੁਕੇ ਹਨ। ਇੱਥੋਂ ਤੱਕ ਕਿ ਆਪਣੇ ਲੋਕਾਂ ਨੂੰ ਹਥਿਆਰਬੰਦ ਦਸਤੇ ਖ਼ਾਸ ਸ਼ਕਤੀਆਂ ਕਨੂੰਨ (ਆਰਮਡ ਫੋਰਸਿਸ ਸਪੈਸ਼ਲ ਪਾਵਰ ਐਕਟ) ਦੀ ਹੋ ਰਹੀ ਦੁਰਵਰਤੋਂ ਤੋਂ ਨਿਜਾਤ ਦਵਾਉਣ ਲਈ 16 ਸਾਲ ਤੱਕ ਭੁੱਖੀ ਰਹਿਣ ਵਾਲੀ ਮਣੀਪੁਰ ਦੀ ਈਰੋਮ ਚਾਨੂੰ ਸ਼ਰਮੀਲਾ ਨਾਮ ਦੀ ਇੱਕ ਔਰਤ ਦੀ ਉਦਾਹਰਣ ਵੀ ਬੀਬੀ ਖਾਲੜਾ ਦੇ ਸਾਹਮਣੇ ਹੈ। ਜਿਸ ਨੇ ਆਪਣੇ ਲੋਕਾਂ ਨੂੰ ਇੰਨਸਾਫ ਦਵਾਉਣ ਲਈ 16 ਸਾਲ ਤੱਕ ਭੁੱਖੀ ਰਹਿ ਕੇ ਆਪਣੇ ਸ਼ਰੀਰ ‘ਤੇ ਤਸੱਦਦ ਝੱਲੀ, ਤੇ ਜਦੋਂ ਭੁੱਖ ਹੜਤਾਲ ਖਤਮ ਕਰਨ ਤੋਂ ਬਾਅਦ ਸ਼ਰਮੀਲਾ ਨੇ ਮਣੀਪੁਰ ਤੋਂ ਚੋਣ ਲੜਨੀ ਚਾਹੀ ਤਾਂ ਉਸ ਦੇ ਆਪਣੇ ਉਨ੍ਹਾਂ ਹੀ ਲੋਕਾਂ ਨੇ ਸ਼ਰਮੀਲਾ ਨੂੰ ਸਿਰਫ 90 ਵੋਟਾਂ ਪਾ ਕੇ ਅਸਲੀਅਤ ਤੋਂ ਜਾਣੂ ਕਰਵਾ ਦਿੱਤਾ ਕਿ ਲੋਕਾਂ ਦੀ ਸੋਚ ਕਿੱਥੇ ਖੜ੍ਹੀ ਹੈ। ਅਜਿਹੇ ਹਲਾਤਾਂ ਵਿੱਚ ਪਰਮਜੀਤ ਕੌਰ ਖਾਲੜਾ ਨੂੰ ਇੱਕ ਵਾਰ ਫਿਰ ਚੋਣ ਮੈਦਾਨ ‘ਚ ਉਤਰਿਆ ਦੇਖ ਸਿਆਣੇ ਲੋਕ ਇਹ ਕਹਿਣੋਂ ਪਿੱਛੇ ਨਹੀਂ ਹਟ ਰਹੇ ਕਿ ਬੀਬੀ ਜੀ ਬੜੇ ਹਿੰਮਤ ਵਾਲੇ ਹੋ।

ਬੀਬੀ ਪਰਮਜੀਤ ਕੌਰ ਖਾਲੜਾ ਦੇ ਪਰਿਵਾਰ ‘ਤੇ ਜੇਕਰ ਝਾਤ ਮਾਰੀਏ ਤਾਂ ਸਾਨੂੰ ਪਤਾ ਲੱਗੇਗਾ ਕਿ ਬੀਬੀ ਖਾਲੜਾ ਦੇ ਪਤੀ ਜਸਵੰਤ ਸਿੰਘ ਖਾਲੜਾ ਮਨੁੱਖੀ ਅਧਿਕਾਰ ਸੰਸਥਾ ਦੇ ਵਰਕਰ ਸਨ ਤੇ ਖਾੜਕੂਵਾਦ ਦੇ ਸਮੇਂ ਇੱਕ ਦਿਨ ਜਦੋਂ ਉਨ੍ਹਾਂ ਦਾ ਇੱਕ ਸਾਥੀ ਅਚਾਨਕ ਗਾਇਬ ਹੋ ਗਿਆ ਤਾਂ ਉਸ ਦੀ ਭਾਲ ਕਰਦਿਆਂ ਕਰਦਿਆਂ ਭਾਈ ਖਾਲੜਾ ਨੂੰ ਇਹ ਪਤਾ ਲੱਗਾ ਕਿ ਉਨ੍ਹਾਂ ਦਾ ਉਹ ਸਾਥੀ ਇੱਕ ਪੁਲਿਸ ਮੁਕਾਬਲੇ ਵਿੱਚ ਮਾਰਿਆ ਗਿਆ ਸੀ ਜਿਸ ਦਾ ਅਣਪਛਾਤੀ ਲਾਸ਼ ਦੱਸ ਕੇ ਦਾਹ ਸੰਸਕਾਰ ਕਰ ਦਿੱਤਾ ਗਿਆ। ਇਹੋ ਜਿਹੇ ਹੋਰ ਮਾਮਲੇ ਲੱਭਦਿਆਂ ਜਸਵੰਤ ਸਿੰਘ ਖਾਲੜਾ ਨੇ ਜਦੋਂ ਤਰਨਤਾਰਨ, ਪੱਟੀ ਅਤੇ ਅੰਮ੍ਰਿਤਸਰ ਦੇ ਸਮਸਾਨ ਘਾਟਾਂ ਦਾ ਰਿਕਾਰਡ ਛਾਣਿਆਂ ਤਾਂ ਉਹ ਇਹ ਵੇਖ ਕੇ ਦੰਗ ਰਹਿ ਗਿਆ ਕਿ ਉਸ ਦੇ ਦੋਸਤ ਵਰਗੇ ਹਜ਼ਾਰਾਂ ਹੀ ਲੋਕ ਪੁਲਿਸ ਮੁਕਾਬਲਿਆਂ ਵਿੱਚ ਮਾਰ ਦੇਣ ਤੋਂ ਬਾਅਦ ਅਣਪਛਾਤੀਆਂ ਲਾਸ਼ਾਂ ਦੱਸ ਕੇ ਸਾੜ ਦਿੱਤੇ ਗਏ। ਖਾਲੜਾ ਨੇ ਇਸ ਮਸਲੇ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਚੁਕਦਿਆਂ ਇਹ ਸਵਾਲ ਕੀਤਾ ਕਿ ਉਹ ਲੋਕ ਕੌਣ ਸਨ ਜਿਨ੍ਹਾਂ ਦਾ ਅਣਪਛਾਤੇ ਦੱਸ ਕੇ ਦਾਹ ਸੰਸਕਾਰ ਕਰ ਦਿੱਤਾ ਗਿਆ? ਸਰਕਾਰ ਕੋਲ ਤੇ ਨਾ ਹੀ ਪੁਲਿਸ ਕੋਲ ਖਾਲੜਾ ਦੇ ਇਸ ਸਵਾਲ ਦਾ ਜਵਾਬ ਸੀ। ਉਸ ਵੇਲੇ ਸੂਬੇ ਦਾ ਪੁਲਿਸ ਮੁਖੀ ਕੇਪੀਐਸ ਗਿੱਲ ਸੀ। ਜਿਸ ਦੀ ਪੁਲਿਸ ਨੇ ਖਾਲੜਾ ਨੂੰ ਉਨ੍ਹਾਂ ਦੇ ਘਰੋਂ ਚੁੱਕ ਲਿਆ ਤੇ ਉਸ ਤੋਂ ਬਾਅਦ ਉਨ੍ਹਾਂ ਦਾ ਕਤਲ ਕਰਕੇ ਮਨੁੱਖੀ ਅਧਿਕਾਰਾਂ ਦੇ ਹੱਕਾਂ ਲਈ ਉੱਠੀ ਇਸ ਅਵਾਜ਼ ਨੂੰ ਸਦਾ ਲਈ ਦੱਬ ਦਿੱਤਾ ਗਿਆ। ਭਾਵੇਂ ਕਿ ਇਸ ਮਾਮਲੇ ਵਿੱਚ ਸੀਬੀਆਈ ਅਦਾਲਤ ਨੇ 6 ਪੁਲਿਸ ਵਾਲਿਆਂ ਨੂੰ ਸਜਾਵਾਂ ਵੀ ਦਿੱਤੀਆਂ ਤੇ ਅੱਜ ਵੀ ਉਹ ਪੁਲਿਸ ਵਾਲੇ ਜੇਲ੍ਹ ਵਿੱਚ ਹਨ, ਪਰ ਇਸ ਦੇ ਬਾਵਜੂਦ ਖਾਲੜਾ ਦੇ ਪਰਿਵਾਰ ਨੇ ਪੰਜਾਬ ਦੇ ਲੋਕਾਂ ਲਈ ਜੋ ਕੁਰਬਾਨੀ ਦਿੱਤੀਆਂ ਇਲਾਕੇ ਦੇ ਲੋਕਾਂ ਨੇ ਉਸ ਨੂੰ ਭੁਲਾ ਦਿੱਤਾ ਤੇ ਗੁਰਚਰਨ ਸਿੰਘ ਟੌਹੜਾ ਦੀ ਪਾਰਟੀ ਸਰਭ ਹਿੰਦ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ‘ਤੇ ਹਲਕਾ ਤਰਨ ਤਾਰਨ ਤੋਂ ਵਿਧਾਨ ਸਭਾ ਚੋਣ ਲੜਨ ਲਈ ਖੜ੍ਹੀ ਹੋਈ ਬੀਬੀ ਪਰਮਜੀਤ ਕੌਰ ਖਾਲੜਾ ਦੇ ਵਿਰੁੱਧ ਵੋਟਾਂ ਪਾ ਕੇ ਉਨ੍ਹਾਂ ਨੂੰ ਹਰਾ ਦਿੱਤਾ।

ਠੀਕ ਇਹੋ ਜਿਹੀ ਹੀ ਇੱਕ ਉਦਾਹਰਣ ਭਾਰਤ ਦੇ ਮਣੀਪੁਰ ਸੂਬੇ ਦੀ ਮਿਲਦੀ ਹੈ, ਜਿੱਥੋਂ ਦੀ ਜਮਪਲ ਇੱਕ ਔਰਤ ਈਰੋਮ ਚਾਨੂੰ ਸ਼ਰਮੀਲਾ ਨੂੰ ਆਪਣੇ ਸੂਬੇ ਅੰਦਰ ਹਥਿਆਰਬੰਦ ਦਸਤਿਆਂ ਵੱਲੋਂ ਪੁਲਿਸ ਮੁਕਾਬਲੇ ਦੌਰਾਨ ਮਾਰੇ ਗਏ 10 ਬੇਕਸੂਰ ਲੋਕਾਂ ਦੀ ਮੌਤ ਦਾ ਇੰਨਾ ਦੁੱਖ ਲੱਗਿਆ ਕਿ ਉਸ ਨੇ ਮਣੀਪੁਰ ‘ਚ ਲਾਗੂ ਹਥਿਆਰਬੰਦ ਦਸਤੇ ਖ਼ਾਸ ਸ਼ਕਤੀਆਂ ਕਨੂੰਨ (ਆਰਮਡ ਫੋਰਸਿਸ ਸਪੈਸ਼ਲ ਪਾਵਰ ਐਕਟ) ਨੂੰ ਹਟਾਉਣ ਲਈ ਸਾਲ 2000 ਦੌਰਾਨ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ। ਇਹ ਭੁੱਖ ਹੜਤਾਲ 16 ਸਾਲ ਤੱਕ ਚੱਲੀ ਤੇ ਇਸ ਦੌਰਾਨ ਸਰਕਾਰ ਨੇ ਚਾਨੂੰ ਨੂੰ ਜਿੰਦਾ ਰੱਖਣ ਲਈ ਉਸ ਦੇ ਨੱਕ ਵਿੱਚ ਨਾਲੀ ਪਾ ਕੇ ਜਬਰਦਸਤੀ ਖਾਣ-ਪੀਣ ਦੀਆਂ ਵਸਤਾਂ ਉਸ ਦੇ ਸਰੀਰ ਵਿੱਚ ਪਹੁੰਚਾਈਆਂ ਪਰ ਉਸ ਨੇ ਆਪਣੀ ਭੁੱਖ ਹੜਤਾਲ ਨਹੀਂ ਤੋੜੀ। ਹਲਾਤ ਇਹ ਹੋਏ ਕਿ ਜਦੋਂ ਚਾਨੂੰ ਨੇ ਆਪਣੀ ਭੁੱਖ ਹੜਤਾਲ ਤੋੜੀ ਤੇ ਸੂਬੇ ਦੇ ਲੋਕਾਂ ਦੀ ਅਵਾਜ਼ ਸਰਕਾਰ ਤੱਕ ਪਹੁੰਚਾਉਣ ਲਈ ਉਹ ਚੋਣ ਮੈਦਾਨ ਵਿੱਚ ਉਤਰੀ ਤਾਂ ਉਸ ਦੇ ਆਪਣੇ ਲੋਕਾਂ ਨੇ ਹੀ ਉਸ ਦੀਆਂ ਕੁਰਬਾਨੀਆਂ ਨਕਾਰ ਕੇ ਚਾਨੂੰ ਸਿਰਫ 90 ਵੋਟਾਂ ਪਾਈਆਂ।

ਇਹ ਤਾਂ ਸਨ ਉਹ ਦੋ ਵੱਡੀਆਂ ਉਦਾਹਰਣਾਂ ਜਿਨ੍ਹਾਂ ਰਾਹੀਂ ਸਾਨੂੰ ਪਤਾ ਲੱਗਾ ਕਿ ਲੋਕਾਂ ਨੇ ਕਿਵੇਂ ਆਪਣਿਆਂ ਦੀਆਂ ਕੁਰਬਾਨੀਆਂ ਨੂੰ ਹੀ ਭੁਲਾ ਦਿੱਤਾ। ਇਸ ਤੋਂ ਇਲਾਵਾ ਜੇਕਰ ਕਾਂਗਰਸ ਪਾਰਟੀ ‘ਤੇ ਲੱਗੇ ਦੋਸ਼ਾਂ ‘ਤੇ ਧਿਆਨ ਦਈਏ ਤਾਂ ਸਾਲ 1984 ਦੌਰਾਨ ਦਿੱਲੀ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿੱਚ ਵਾਪਰੇ ਸਿੱਖ ਨਸ਼ਲਕੁਸ਼ੀ ਦੇ ਮਾਮਲੇ ਹੋਣ, ਭਾਵੇਂ ਸੂਬੇ ਦੇ ਕਈ ਗੁਰਦੁਆਰਿਆਂ ਸਣੇ ਦਰਬਾਰ ਸਾਹਿਬ ਅੰਮ੍ਰਿਤਸਰ ‘ਤੇ ਫੌਜ ਤੋਂ ਹਮਲਾ ਕਰਵਾ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਹਿ ਢੇਰੀ ਕਰ ਦੇਣ ਦੇ ਮਾਮਲੇ ਹੋਣ ਜਾਂ ਪੰਜਾਬ ਵਿੱਚ ਖਾੜਕੂਵਾਦ ਦੌਰਾਨ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਸਿੱਖ ਨੌਜਵਾਨਾਂ ਨੂੰ ਮਾਰ ਮੁਕਾਉਣ ਦੀਆਂ ਘਟਨਾਵਾਂ ਹੋਣ, ਇਨ੍ਹਾਂ ਸਾਰਿਆਂ ਮਾਮਲਿਆਂ ਨੇ ਪੂਰੇ ਸਿੱਖ ਜਗਤ ਦੇ ਮਨਾਂ ਅੰਦਰ ਇੱਕ ਕਾਂਗਰਸ ਪਾਰਟੀ ਦੇ ਵਿਰੁੱਧ ਵੱਡੀ ਗੁੱਸੇ ਦੀ ਲਹਿਰ ਖੜ੍ਹੀ ਕਰ ਦਿੱਤੀ। ਇੱਥੋਂ ਤੱਕ ਕਿ ਕਾਂਗਰਸ ਦੀਆਂ ਵਿਰੋਧੀ ਧਿਰਾਂ ਅੱਜ ਵੀ ਇਸ ਪਾਰਟੀ ਨੂੰ ਸਿੱਖਾਂ ਦੀ ਦੁਸ਼ਮਣ ਪਾਰਟੀ ਕਹਿ ਕੇ ਗਰਦਾਨਦੀ ਹੈ, ਪਰ ਇਸ ਦੇ ਬਾਵਜੂਦ ਸੱਚਾਈ ਇਹ ਹੈ ਕਿ ਨਾ ਸਿਰਫ ਸਾਲ 2002 ਬਲਕਿ ਮੌਜੂਦਾ ਸਮੇਂ ਵੀ ਪੰਜਾਬ ਦੇ ਲੋਕਾਂ ਨੇ ਕਾਂਗਰਸ ਪਾਰਟੀ ਨੂੰ ਹੀ ਚੁਣ ਕੇ ਸੱਤਾ ਦੇ ਸਿੰਘਾਸਨ ਬਿਠਾਇਆ ਹੈ।

ਉਕਤ ਉਦਾਹਰਣਾ ਇਹ ਸਾਬਤ ਕਰਦੀਆਂ ਹਨ ਕਿ ਜਿਨ੍ਹਾਂ ਨੇ ਲੋਕਾਂ ਲਈ ਕੁਰਬਾਨੀਆਂ ਦਿੱਤੀਆਂ ਲੋਕਾਂ ਨੇ ਉਨ੍ਹਾਂ ਨੂੰ ਵੀ ਨਕਾਰ ਦਿੱਤਾ ਤੇ ਜਿਨ੍ਹਾਂ ਪਾਰਟੀਆਂ ‘ਤੇ ਲੋਕ ਵਿਰੋਧੀ ਹੋਣ ਦੇ ਗੰਭੀਰ ਦੋਸ਼ ਲੱਗੇ ਲੋਕਾਂ ਨੇ ਉਨ੍ਹਾਂ ਨੂੰ ਵੀ ਚੁਣ ਕੇ ਆਪਣੇ ਸਿਰਾਂ ‘ਤੇ ਬਿਠਾ ਲਿਆ। ਅਜਿਹੇ ਵਿੱਚ ਜਿਹੜੇ ਸਿਆਣੇ ਲੋਕ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਇਹ ਕਹਿ ਰਹੇ ਹਨ ਕਿ ਬੀਬੀ ਜੀ ਬੜੀ ਹਿੰਮਤ ਵਾਲੇ ਹੋ ਜਿਹੜੇ ਇੱਕ ਵਾਰ ਲੋਕਾਂ ਵੱਲੋਂ ਨਕਾਰੇ ਜਾਣ ‘ਤੇ ਉਕਤ ਉਦਾਹਰਣਾ ਸਾਹਮਣੇ ਪਏ ਹੋਣ ਦੇ ਬਾਵਜੂਦ ਮੁੜ ਚੋਣ ਮੈਦਾਨ ਵਿੱਚ ਨਿੱਤਰ ਆਏ ਹੋ ਤਾਂ ਉਨ੍ਹਾਂ ਦੀਆਂ ਇਹ ਸਿਆਣਪ ਵਾਲੀਆਂ ਗੱਲਾਂ ਸੋਚੀ ਪਾਉਣ ਲਈ ਕਾਫੀ ਹਨ।

 

Share This Article
Leave a Comment