ਪੀ.ਏ.ਯੂ. ਨੇ ਚਕੁੰਦਰ ਦੇ ਪਾਊਡਰ ਦੀ ਕੁਦਰਤੀ ਰੰਗ ਵਜੋਂ ਵਰਤੋਂ ਦੀ ਤਕਨੀਕ ਦੇ ਪਸਾਰ ਲਈ ਸੰਧੀ ਕੀਤੀ

TeamGlobalPunjab
3 Min Read

ਚੰਡੀਗੜ੍ਹ, (ਅਵਤਾਰ ਸਿੰਘ): ਪੀ.ਏ.ਯੂ., ਲੁਧਿਆਣਾ ਵੱਲੋਂ ਵਿਕਸਿਤ ਕੀਤੀ ਤਕਨੀਕ ਜਿਸ ਅਨੁਸਾਰ ਚਕੁੰਦਰ ਦੇ ਪਾਊਡਰ ਦੀ ਵਰਤੋਂ ਭੋਜਨ ਪਦਾਰਥਾਂ ਵਿੱਚ ਕੁਦਰਤੀ ਰੰਗ ਵਜੋਂ ਕੀਤੀ ਜਾਂਦੀ ਹੈ, ਦੇ ਪਸਾਰ ਲਈ ਇੱਕ ਸੰਧੀ ਕੀਤੀ। ਇਹ ਸੰਧੀ ਇੱਕ ਨਿੱਜੀ ਫਰਮ ਧਵਨੀ’ਜ਼ ਵੈਗਨ ਵੈਲੀ, ਬੀ.ਆਰ.ਐਸ. ਨਗਰ ਲੁਧਿਆਣਾ ਨਾਲ ਕੀਤੀ ਗਈ।

ਪੀ.ਏ.ਯੂ. ਦੇ ਨਿਰਦੇਸ਼ਕ ਖੋਜ ਡਾ. ਨਵਤੇਜ ਸਿੰਘ ਬੈਂਸ ਅਤੇ ਸੰਬੰਧਿਤ ਫਰਮ ਵੱਲੋਂ ਕੁਮਾਰੀ ਧਵਨੀ ਗੰਭੀਰ ਨੇ ਆਪਣੀਆਂ ਸੰਸਥਾਵਾਂ ਵਲੋਂ ਸਮਝੌਤੇ ਦੀਆਂ ਸ਼ਰਤਾਂ ਉਪਰ ਦਸਤਖਤ ਕੀਤੇ। ਇਸ ਸਮਝੌਤੇ ਅਨੁਸਾਰ ਧਵਨੀ’ਜ਼ ਵੇਗਨ ਵੈਲੀ ਪੀ.ਏ.ਯੂ. ਵਲੋਂ ਵਿਕਸਿਤ ਕੀਤੀ ਚਕੁੰਦਰ ਦੇ ਪਾਊਡਰ ਨੂੰ ਭੋਜਨ ਪਦਾਰਥਾਂ ਵਿਚ ਕੁਦਰਤੀ ਰੰਗ ਵਜੋਂ ਵਰਤਣ ਦੀ ਤਕਨੀਕ ਦੇ ਉਤਪਾਦਨ ਅਤੇ  ਭਾਰਤ ਵਿਚ ਵਪਾਰੀਕਰਨ ਦੇ ਅਧਿਕਾਰ ਪ੍ਰਾਪਤ ਹੋਣਗੇ । ਇਸ ਮੌਕੇ ਵਧੀਕ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ (ਬਾਗਬਾਨੀ ਅਤੇ ਭੋਜਨ ਵਿਗਿਆਨ) ਅਤੇ ਵਧੀਕ ਨਿਰਦੇਸ਼ਕ ਖੋਜ ਡਾ. ਗੁਰਸਾਹਿਬ ਸਿੰਘ ਮਨੇਸ (ਫਾਰਮ ਮਸ਼ੀਨੀਕਰਨ ਅਤੇ ਜੈਵਿਕ ਊਰਜਾ) ਵਿਸ਼ੇਸ਼ ਤੌਰ ਤੇ ਮੌਜੂਦ ਸਨ।

ਜ਼ਿਕਰਯੋਗ ਹੈ ਕਿ ਇਸ ਤਕਨੀਕ ਨੂੰ ਸਾਂਝੇ ਰੂਪ ਵਿਚ ਭੋਜਨ ਅਤੇ ਪੋਸ਼ਣ ਵਿਭਾਗ ਦੇ ਮਾਹਿਰਾਂ ਡਾ ਨਵਜੋਤ ਕੌਰ, ਡਾ ਕਿਰਨ ਗਰੋਵਰ ਅਤੇ ਭੋਜਨ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਦੇ ਡਾ. ਪੂਨਮ ਸਚਦੇਵ ਨੇ ਵਿਕਸਿਤ ਕੀਤਾ ਹੈ। ਸਹਾਇਕ ਪ੍ਰੋਫੈਸਰ ਡਾ ਨਵਜੋਤ ਕੌਰ ਅਤੇ ਸੀਨੀਅਰ ਪਸਾਰ ਮਾਹਿਰ ਡਾ ਕਿਰਨ ਗਰੋਵਰ ਨੇ ਦੱਸਿਆ ਕਿ ਚਕੁੰਦਰ ਦੇ ਪਾਊਡਰ ਦੀ ਕੁਦਰਤੀ ਰੰਗ ਵਜੋਂ ਕੇਕ, ਕੁੱਕੀਜ਼, ਬਰੈਡ ਅਤੇ ਡੋਨਟਸ ਆਦਿ ਵਿਚ ਵਰਤੋਂ ਕੀਤੀ ਜਾ ਸਕਦੀ ਹੈ। ਇਸ ਨਾਲ ਪ੍ਰੋਟੀਨ, ਫਾਈਬਰ, ਫਿਨੋਲਜ਼, ਫਲੇਵੋਨਾਇਡਜ਼ ਅਤੇ ਬਿਟਾਲਿਨਜ਼ ਆਦਿ ਪੋਸ਼ਕ ਗੁਣਾਂ ਦੇ ਵਾਧੇ ਦੇ ਨਾਲ-ਨਾਲ ਐਂਟੀਆਕਸੀਡੈਂਟ ਤੱਤਾਂ ਦਾ ਵਾਧਾ ਵੀ ਹੁੰਦਾ ਹੈ।

- Advertisement -

ਇਸ ਤਕਨੀਕ ਬਾਰੇ ਹੋਰ ਵਿਸਥਾਰ ਨਾਲ ਗੱਲ ਕਰਦਿਆਂ ਭੋਜਨ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਦੇ ਮੁਖੀ ਡਾ ਪੂਨਮ ਸਚਦੇਵ ਨੇ ਦੱਸਿਆ ਕਿ ਭੋਜਨ ਪਦਾਰਥਾਂ ਵਿੱਚ ਇਸ ਪਾਊਡਰ ਦੇ ਮਿਸ਼ਰਣ ਨਾਲ ਬਿਟਾਲਿਨਜ਼ ਤੱਤ 100 ਗ੍ਰਾਮ ਕੇਕ ਵਿੱਚ 601 ਮਿ.ਗ੍ਰਾਮ, 100 ਗ੍ਰਾਮ ਕੁੱਕੀਜ਼ ਵਿੱਚ 242 ਮਿ.ਗ੍ਰਾਮ, 100 ਗ੍ਰਾਮ ਬਰੈਡ ਵਿੱਚ 258 ਮਿ. ਗ੍ਰਾਮ ਅਤੇ 100 ਗ੍ਰਾਮ ਡੋਨਟਸ ਵਿੱਚ 287 ਮਿ.ਗ੍ਰਾਮ ਪਾਇਆ ਜਾਂਦਾ ਹੈ । ਜਦਕਿ ਚਕੁੰਦਰ ਦੇ ਪਾਊਡਰ ਨੂੰ ਮਿਲਾਉਣ ਨਾਲ ਐਂਟੀਆਕਸੀਡੈਂਟਸ ਦਾ ਪ੍ਰਤੀਸ਼ਤ ਕ੍ਰਮਵਾਰ 120, 106, 30 ਅਤੇ 23 ਪ੍ਰਤੀਸ਼ਤ ਤੱਕ ਵੱਧ ਪਾਇਆ ਗਿਆ ।

ਅਡਜੰਕਟ ਪ੍ਰੋਫੈਸਰ ਡਾ. ਐਸ. ਐਸ. ਚਾਹਲ ਨੇ ਇਸ ਮੌਕੇ ਦੱਸਿਆ ਕਿ ਪੀ.ਏ.ਯੂ. ਨੇ ਹੁਣ ਤੱਕ 56 ਤਕਨੀਕਾਂ ਦੇ ਵਪਾਰੀਕਰਨ ਲਈ  232 ਸੰਧੀਆਂ ਵੱਖ-ਵੱਖ ਫਰਮਾਂ ਨਾਲ ਕੀਤੀਆਂ ਹਨ ਜਿਨ੍ਹਾਂ ਵਿੱਚ ਸਰ੍ਹੋਂ ਦੀ ਹਾਈਬ੍ਰਿਡ ਨਸਲ, ਮਿਰਚਾਂ, ਮੱਕੀ, ਬੈਂਗਣ, ਜੈਵਿਕ  ਖਾਦਾਂ, ਪੱਤਾ ਰੰਗ ਚਾਰਟ, ਪੀ.ਏ.ਯੂ. ਐੱਸ ਐੱਮ ਐੱਸ, ਲੱਕੀ ਸੀਡ ਡਰਿੱਲ, ਪਾਣੀ ਪਰਖ ਕਿੱਟ, ਪੀ.ਏ.ਯੂ. ਹੈਪੀਸੀਡਰ, ਸਿਰਕਾ ਅਤੇ ਗੰਨੇ ਦੇ ਜੂਸ ਦੀ ਬੋਤਲਬੰਦ ਤਕਨਾਲੋਜੀ ਪ੍ਰਮੁੱਖ ਹਨ।

Share this Article
Leave a comment