ਸੰਗਰੂਰ : ਅੱਜ ਜਿਲ੍ਹੇ ਦੇ ਪਿੰਡ ਫਰਵਾਲੀ ਵਿਖੇ ਚੋਣ ਪ੍ਰਚਾਰ ਲਈ ਪਹੁੰਚੇ ਲੋਕ ਸਭਾ ਮੈਂਬਰ ਭਗਵੰਤ ਮਾਨ ਕਸੂਤੀ ਸਥਿਤੀ ਵਿੱਚ ਫਸ ਗਏ। ਪਿੰਡ ਦੇ ਸਰਪੰਚ ਨੇ ਉਨ੍ਹਾਂ ਨੂੰ ਆਪਣੇ ਸਾਥੀਆਂ ਸਮੇਤ ਘੇਰ ਲਿਆ, ਤੇ ਹੱਥ ਬੰਨ੍ਹ-ਬੰਨ੍ਹ ਬੇਨਤੀਆਂ ਕਰਦਿਆਂ ਉਨ੍ਹਾਂ ਲੋਕਾਂ ਨੇ ਆਪਣੇ ਮੈਂਬਰ ਪਾਰਲੀਮੈਂਟ ਨੂੰ ਉਹ ਵਾਅਦਾ ਪੂਰਾ ਕਰਨ ਲਈ ਕਿਹਾ, ਜਿਹੜਾ ਉਨ੍ਹਾਂ ਨੇ ਸਰਪੰਚੀ ਦੀਆਂ ਚੋਣਾਂ ਵੇਲੇ ਕੀਤਾ ਸੀ। ਦੇਖਦੇ ਹੀ ਦੇਖਦੇ ਹਾਲਾਤ ਇਹ ਬਣ ਗਏ ਕਿ ਲੋਕਾਂ ‘ਚ ਘਿਰੇ ਮਾਨ ਨੂੰ ਉਥੋਂ ਬਿਨਾਂ ਕਿਸੇ ਗੱਲ ਤੋਂ ਧੰਨਵਾਦ ਕਹਿ ਕੇ ਉਸ ਹਾਲਾਤ ਵਿੱਚ ਜਾਨ ਛੁਡਾਉਣੀ ਪਈ ਜਦੋਂ ਉਹ ਗੱਡੀ ‘ਚ ਬੈਠ ਰਹੇ ਸਨ ਤੇ ਲੋਕੀ ਭਗਵੰਤ ਮਾਨ ਮੁਰਦਾਬਾਦ ਦੇ ਨਾਅਰੇ ਲਾ ਰਹੇ ਸਨ।
ਹੋਇਆ ਇੰਝ ਕਿ ਸਰਪੰਚੀ ਦੀਆਂ ਚੋਣਾਂ ਤੋਂ ਪਹਿਲਾਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਆਪਣੇ ਹਲਕੇ ਦੇ ਪਿੰਡਾਂ ਦੇ ਲੋਕਾਂ ਨੂੰ ਸਰਬਸੰਮਤੀ ਨਾਲ ਪੰਚਾਇਤ ਚੁਣਨ ‘ਤੇ ਪੰਜ ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਵਾਅਦਾ ਕੀਤਾ ਸੀ। ਇਸੇ 5 ਲੱਖ ਦੇ ਲਾਲਚ ‘ਚ ਆ ਕੇ ਸੰਗਰੂਰ ‘ਚ ਪੈਂਦੇ ਪਿੰਡ ਫ਼ਰਵਾਲੀ ਦੇ ਲੋਕਾਂ ਨੇ ਸਰਬਸੰਮਤੀ ਨਾਲ ਆਪਣੀ ਪੰਚਾਇਤ ਚੁਣ ਲਈ। ਪਰ ਨਾ ਤਾਂ ਉਨ੍ਹਾਂ ਨੂੰ ਉਹ ਪੰਜ ਲੱਖ ਦੀ ਗ੍ਰਾਂਟ ਮਿਲੀ ਤੇ ਨਾ ਹੀ ਉਸ ਤੋਂ ਬਾਅਦ ਉਨ੍ਹਾਂ ਨੂੰ ਆਪਣੇ ਐਮਪੀ ਭਗਵੰਤ ਮਾਨ ਦੇ ਹੀ ਆਪਣੇ ਪਿੰਡ ‘ਚ ਦੁਬਾਰਾਂ ਦਰਸ਼ਨ ਹੋਏ। ਤੇ ਹੁਣ ਆਉਂਦੀਆਂ ਚੋਣਾਂ ਦੇ ਮੱਦੇਨਜ਼ਰ ਭਗਵੰਤ ਮਾਨ ਨੇ ਇੱਕ ਵਾਰ ਫਿਰ ਆਪਣੀ ਚੋਣ ਮੁਹਿੰਮ ਸ਼ੁਰੂ ਕਰਦਿਆਂ ਪਿੰਡ ਫਰਵਾਲੀ ‘ਚ ਜਿਉਂ ਹੀ ਕਦਮ ਰੱਖਿਆ ਤਾਂ ਉਸ ਪਿੰਡ ਦਾ ਸਰਪੰਚ ਗੁਰਮੁੱਖ ਸਿੰਘ ਆਪਣੇ ਸਾਥੀਆਂ ਸਣੇ ਕਾਗਜ਼ ਪੈਂਨ ਲੈਕੇ ਭਗਵੰਤ ਮਾਨ ਨੂੰ ਘੇਰ ਕੇ ਖੜ੍ਹ ਗਿਆ ਤੇ ਮਾਨ ਵਲੋਂ ਐਲਾਨੀ 5 ਲੱਖ ਦੀ ਗ੍ਰਾਂਟ ਇੰਝ ਮੰਗਣ ਲੱਗਾ ਜਿਵੇਂ ਕੋਈ ਆਪਣੇ ਉਧਾਰ ਦਾ ਵਸੂਲਦਾ ਹੈ। ਇਸ ਦੌਰਾਨ ਮਾਨ ਨੇ ਉਨ੍ਹਾਂ ਲੋਕਾਂ ਨੂੰ ਬਥੇਰਾ ਕਿਹਾ ਕਿ ਚੋਣ ਜਾਬਤਾ ਲੱਗਾ ਹੋਇਆ ਹੈ ਇਹ ਖ਼ਤਮ ਹੋ ਜਾਣ ਦਿਓ ਮੈਂ ਗ੍ਰਾਂਟ ਦੇ ਦਿਆਂਗਾ। ਪਰ ਸ਼ਾਇਦ ਹੁਣ ਪਿੰਡ ਫਰਵਾਲੀ ਦੇ ਲੋਕ ਕੁਝ ਜ਼ਿਆਦਾ ਹੀ ਜਾਗਰੂਕ ਹੋਏ ਪਏ ਸਨ। ਜਿਨ੍ਹਾਂ ਨੇ ਮਾਨ ਨੂੰ ਉਸੇ ਵੇਲੇ ਗ੍ਰਾਂਟ ਦੇਣ ਲਈ ਕਿਹਾ। ਇਸ ਦੌਰਾਨ ਮਾਨ ਕੋਲ ਕੋਈ ਜਵਾਬ ਨਾ ਬਣਦਾ ਦੇਖ ਉਨ੍ਹਾਂ ਨੇ ਜਦੋਂ ਪਿੰਡ ਵਾਸੀਆਂ ਨੂੰ ਇਹ ਕਿਹਾ ਕਿ ਹੁਣ ਤਾਂ ਮੇਰੇ ਕੋਲ ਪੈਸੇ ਨਹੀਂ ਹਨ ।
ਇੰਨਾ ਸੁਣਦਿਆਂ ਹੀ ਸਰਪੰਚ ਗੁਰਮੁੱਖ ਸਿੰਘ ਤੇ ਉਨ੍ਹਾਂ ਦੇ ਸਾਥੀ ਤਲਖ਼ੀ ‘ਚ ਆ ਗਏ ਤੇ ਮਾਨ ਨੂੰ ਸਵਾਲ ਕਰਨ ਲੱਗੇ ਕਿ ਜੇ ਨਹੀਂ ਹਨ, ਤਾਂ ਉਸ ਵੇਲੇ ਵਾਅਦਾ ਕਿਉਂ ਕੀਤਾ ਸੀ ? ਭਾਂਵੇਂ ਕਿ ਉਸ ਵੇਲੇ ਭਗਵੰਤ ਮਾਨ ਨੇ ਉਨ੍ਹਾਂ ਲੋਕਾਂ ਦੀ ਗੱਲ ਦਾ ਉੱਚੀ ਆਵਾਜ਼ ‘ਚ ਇਹ ਕਹਿੰਦਿਆਂ ਜਵਾਬ ਦੇਣ ਦੀ ਕੋਸ਼ਿਸ਼ ਕਿੱਤੀ ਕਿ “ਸਰਪੰਚ ਸਾਹਿਬ ! ਇੱਕ ਮੇਰੀ ਗੱਲ ਸੁਣੋ ਪਲੀਜ਼! ਜਦੋਂ ਮੈਂ ਇਹ ਵਾਅਦਾ ਕੀਤਾ ਸੀ ਉਦੋਂ ਵੋਟਾਂ ‘ਚ ਚਾਰ ਮਹੀਨੇ ਪਏ ਸਨ। ਉਨ੍ਹਾਂ ਨੇ (ਸਰਕਾਰ ਨੇ) ਚਾਰ ਵਾਰੀ ਵੋਟਾਂ ਲੇਟ ਕਰ ਦਿੱਤੀਆਂ। ਆਖਰੀ ਕਿਸ਼ਤ ਮੇਰੇ ਕੋਲ ਰਹਿ ਗਈ ਹੁਣ, ਮੈਂ ਕੀ ਕਰਾਂ ?” ਪਰ ਇਸ ਦੇ ਬਾਵਜੂਦ ਸਰਪੰਚ ਗੁਰਮੁੱਖ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਦਾ ਕਹਿਣਾ ਸੀ ਕਿ ਤੁਸੀਂ ਵਾਅਦਾ ਕੀਤਾ ਸੀ ਫਿਰ ਗ੍ਰਾਂਟ ਕਿਉਂ ਨਹੀਂ ਦਿੰਦੇ ? ਗੱਲ ਵਿਗੜਦੀ ਵੇਖ ਮਾਨ ਉਨ੍ਹਾਂ ਨੂੰ ਇਹ ਕਹਿੰਦਿਆਂ ਧੰਨਵਾਦ ਕਹਿ ਗੱਡੀ ਵੱਲ ਵਧ ਗਏ ਕਿ ਚੋਣ ਜਾਬਤਾ ਖ਼ਤਮ ਹੋ ਲੈਣ ਦਿਓ ਫਿਰ ਦੇ ਦਿਆਂਗਾ ਗ੍ਰਾਂਟ। ਤੁਸੀਂ ਸਰਕਾਰ ਦੇ ਮੁਕਾਬਲੇ ਮੈਨੂੰ ਕਿਉਂ ਮਿਲਾਈ ਜਾਂਦੇ ਹੋ? ਮਾਨ ਨੇ ਕਿਹਾ ਕਿ ਭਾਂਵੇਂ ਮੈਂ ਹਾਰ ਜਾਂਵਾਂ ਮੈਂ ਪਰ ਫਿਰ ਵੀ ਗ੍ਰਾਂਟ ਦਿਆਂਗਾ। ਇਹ ਕਹਿ ਕੇ ਮਾਨ ਤਾਂ ਗੱਡੀ ‘ਚ ਬੈਠ ਗਏ ਪਰ ਲੋਕਾਂ ਨੇ ਉੱਥੇ ਹੀ ਭਗਵੰਤ ਮਾਨ ਮੁਰਦਾਬਾਦ, ਆਮ ਆਦਮੀ ਪਾਰਟੀ ਮੁਰਦਾਬਾਦ ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ ਤੇ ਇਹ ਐਲਾਨ ਕੀਤਾ ਕਿ ਉਹ ਉਨ੍ਹਾਂ ਦੇ ਪਿੰਡ ਵਿੱਚ ‘ਆਪ’ ਦੇ ਪੋਲਿੰਗ ਬੂਥ ਵੀ ਨਹੀਂ ਲੱਗਣ ਦੇਣਗੇ। ਸਰਪੰਚ ਤੇ ਪੰਚਾਂ ਦਾ ਕਹਿਣਾ ਸੀ ਕਿ ਇਸ ਐਮਪੀ ਨੇ ਚੋਣ ਜਿੱਤ ਕੇ ਕਦੇ ਸਾਨੂੰ ਆਪਣੀ ਸ਼ਕਲ ਵੀ ਨਹੀਂ ਦਿਖਾਈ ਤੇ ਹੁਣ ਵਾਅਦਾ ਕਰਕੇ ਵੀ 5 ਲੱਖ ਦੀ ਗ੍ਰਾਂਟ ਮੁਕਰ ਗਿਆ ਹੈ । ਲਿਹਾਜ਼ਾ ਇਸਦਾ ਦੱਬ ਕੇ ਵਿਰੋਧ ਕਰਾਂਗੇ।
ਚੋਣਾਂ ਨੇੜੇ ਹਨ ਤੇ ਇਸ ਵਾਰ ਪੰਜਾਬ ‘ਚ ਮੁਕਾਬਲਾ ਸਖਤ ਹੈ । ਇਨ੍ਹਾਂ ਹਾਲਾਤਾਂ ‘ਚ ਜੇਕਰ ਸੰਗਰੂਰ ਅਬਦਰ ‘ਆਪ’ ਦੇ ਸੂਬਾ ਪ੍ਰਧਾਨ ਨੂੰ ਆਪਣੇ ਹੀ ਆਪਣੇ ਹਲਕੇ ਅੰਦਰ ਇਸ ਤਰ੍ਹਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਪਾਰਟੀ ਦੇ ਦੂਜੇ ਉਮੀਦਵਾਰਾਂ ਲਈ ਇਹ ਕੋਈ ਵਧੀਆ ਸੰਕੇਤ ਨਹੀਂ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਮਾਨ ਆਪਣੇ ਹਲਕੇ ਦੇ ਲੋਕਾਂ ਦੇ ਨਾਲ ਨਾਲ ਪੂਰੇ ਪੰਜਾਬ ਦੇ ਲੋਕਾਂ ਨੂੰ ਇਹ ਸਮਝਾਉਣ ‘ਚ ਕਿਵੇਂ ਕਾਮਯਾਬ ਹੋਣਗੇ, ਕਿ ਇਹ ਸਭ ਸਰਕਾਰ ਨੇ ਕੀਤਾ ਹੈ ਉਨ੍ਹਾਂ ਦਾ ਕੋਈ ਕਸੂਰ ਨਹੀਂ?