ਜਰਮਨ ਪੁਲਿਸ ਵੱਲੋਂ ਫੜੇ ਰਾਅ ਦੇ ਜਸੂਸ ਦਾ ਬਾਦਲ, ਕੈਪਟਨ ਤੇ ਬਾਜਵੇ ਨਾਲ ਕੀ ਸਬੰਧ? ਤਸਵੀਰਾਂ ਵਾਇਰਲ, ਚੋਣਾਂ ਮੌਕੇ ਪੈ ਗਿਆ ਪਟਾਕਾ

ਚੰਡੀਗੜ੍ਹ : 2 ਦਿਨ ਪਹਿਲਾਂ ਜਰਮਨ ਦੀ ਐਸੋਸੀਏਟ ਪ੍ਰੈਸ ਦੇ ਸਹਿਯੋਗ ਨਾਲ ਉੱਥੇ ਦੇ ਅਖ਼ਬਾਰ ‘ਦਾ ਵਸ਼ਿੰਗਟਨ ਪੋਸਟ’ ਨੇ ਬਰਲਿਨ ਤੋਂ ਕੁਝ ਖ਼ਬਰਾਂ ਛਾਪੀਆਂ ਸਨ, ਜਿਸ ਵਿੱਚ ਇਹ ਦਾਅਵਾ ਕੀਤਾ ਗਿਆ ਸੀ, ਕਿ ਉੱਥੋਂ ਦੀ ਪੁਲਿਸ ਨੇ ਮਨਮੋਹਨ ਐਸ. ਤੇ ਕੰਵਲ ਜੀਤ ਕੇ. ਨਾਮ ਦਾ ਇੱਕ ਅਜਿਹਾ ਜੋੜਾ ਕਾਬੂ ਕੀਤਾ ਹੈ, ਜਿਹੜਾ ਕਿ ਭਾਰਤੀ ਸੂਹੀਆ ਏਜੰਸੀ ਰਿਸਰਚ ਐਂਡ ਅਨੈਲੇਸਿਜ਼ ਵਿੰਗ (ਰਾਅ) ਲਈ ਉੱਥੇ ਵਸਦੇ ਸਿੱਖ ਅਤੇ ਕਸ਼ਮੀਰੀ ਵੱਖਵਾਦੀਆਂ ਦੀ ਜਾਸੂਸੀ ਕਰ ਰਿਹਾ ਸੀ। ਇਸ ਖਬਰ ਦੇ ਆਉਣ ਤੋਂ ਬਾਅਦ ਫੇਸਬੁੱਕ ‘ਤੇ ਇਸ ਜੋੜੇ ਦੀ ਇੱਕ ਤਸਵੀਰ ਵਾਇਰਲ ਹੋਈ ਜਿਸ ਵਿੱਚ ਇਹ ਦਾਅਵਾ ਕੀਤਾ ਗਿਆ ਸੀ ਕਿ ਇਹ ਉਹੋ ਜੋੜਾ ਹੈ ਜਿਹੜਾ ਜਰਮਨੀ ਵਿੱਚ ਸਿੱਖਾਂ ਦੀ ਜਾਸੂਸੀ ਕਰਦਾ ਫੜਿਆ ਗਿਆ। ਇੱਥੇ ਤੱਕ ਤਾਂ ਸਾਰਾ ਮਾਮਲਾ ਸਾਂਤੀ ਨਾਲ ਚਲਦਾ ਰਿਹਾ, ਪਰ ਇਸ ਜੋੜੇ ਦੀ ਜਿਹੜੀ ਤਸਵੀਰ ਫੇਸਬੁੱਕ ‘ਤੇ ਪਾਈ ਗਈ ਹੈ ਉਸ ਤਸਵੀਰ ਵਿੱਚ ਦਿਖਾਈ ਦੇ ਰਹੇ ਵਿਅਕਤੀ ਦੀਆਂ ਹੁਣ ਕੁਝ ਹੋਰ ਤਸਵੀਰਾਂ ਵਾਇਰਲ ਹੋਈਆਂ ਹਨ ਜਿਨ੍ਹਾਂ ਵਿੱਚ ਉਹ ਵਿਅਕਤੀ ਇੱਕ ਜਗ੍ਹਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਖੜ੍ਹਾ ਦਿਖਾਈ ਦੇ ਰਿਹਾ ਹੈ, ਤੇ ਇੱਕ ਜਗ੍ਹਾ ਸੂਬੇ ਦੇ ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪ੍ਰਤਾਪ ਸਿੰਘ ਬਾਜਵਾ ਨਾਲ। ਇਨ੍ਹਾਂ ਤਸਵੀਰਾਂ ਦੇ ਵਾਇਰਲ ਹੋਣ ਨਾਲ ਲੋਕਾਂ ਦੇ ਮਨਾਂ ਵਿੱਚ ਤੁਰੰਤ ਸਵਾਲ ਖੜ੍ਹੇ ਹੋਣੇ ਸ਼ੁਰੂ ਹੋ ਗਏ ਹਨ ਕਿ ਇੱਕ ਅਜਿਹੇ ਸਖ਼ਸ਼ ਜਿਸ ‘ਤੇ ਜਰਮਨ ਅੰਦਰ ਸੰਘੀ ਵਕੀਲ ਰਾਅ ਦਾ ਜਸੂਸ ਹੋਣ ਦੇ ਦੋਸ਼ ਲਾ ਕੇ ਉਸ ‘ਤੇ ਸਿੱਖਾਂ ਅਤੇ ਕਸ਼ਮੀਰੀਆਂ ਦੀ ਜਾਸੂਸੀ ਕਰਕੇ ਰਾਅ ਨੂੰ ਜਾਣਕਾਰੀ ਦੇਣ ਦਾ ਦੋਸ਼ ਲਾ ਰਹੇ ਹਨ ਅਜਿਹੇ ਸਖ਼ਸ਼ ਦਾ ਬਾਦਲ ਅਤੇ ਕੈਪਟਨ ਨਾਲ ਕੀ ਸਬੰਧ ਹੈ?

ਸਭ ਤੋਂ ਪਹਿਲਾਂ ਆਪਾਂ ਨੂੰ ਇਹ ਸਮਝਣਾਂ ਪਵੇਗਾ ਕਿ ਆਖਰ ਇਹ ਮਾਮਲਾ ਕੀ ਹੈ? ਉਕਤ ਜੋੜੇ ਬਾਰੇ ਜਰਮਨ ਦੇ ਬਰਲਿਨ ਸ਼ਹਿਰ ਤੋਂ ਐਸੋਸੀਏਟ ਪ੍ਰੈਸ ਦੇ ਹਵਾਲੇ ਨਾਲ ‘ਦਾ ਵਸ਼ਿੰਗਟਨ ਪੋਸਟ’ ਅਖ਼ਬਾਰ ਨੇ ਜਿਹੜੀ ਖ਼ਬਰ ਛਾਪੀ ਹੈ ਉਸ ਵਿੱਚ ਜਰਮਨੀ ਦੇ ਸੰਘੀ ਵਕੀਲ ਨੇ ਇਹ ਦਾਅਵਾ ਕੀਤਾ ਹੈ, ਕਿ ਉਨ੍ਹਾਂ ਨੇ ਜਰਮਨੀ ਵਿਚ ਸਿੱਖ ਵਿਰੋਧੀ ਅਤੇ ਕਸ਼ਮੀਰੀ ਵੱਖਵਾਦੀਆਂ ਦੀ ਜਾਸੂਸੀ ਕਰਨ ਲਈ ਦੋ ਭਾਰਤੀ ਨਾਗਰਿਕਾਂ ਨੂੰ ਦੋਸ਼ੀ ਠਹਿਰਾਇਆ ਹੈ।

ਸੰਘੀ ਵਕੀਲ ਨੇ ਲੰਘੇ ਮੰਗਲਵਾਰ ਨੂੰ ਇਹ ਕਿਹਾ ਸੀ, ਕਿ 50 ਸਾਲਾ ਮਨਮੋਹਨ ਐਸ.  ਉੱਤੇ ਜਨਵਰੀ 2015 ਤੋਂ ਭਾਰਤ ਦੀ ਸੂਹੀਆ ਏਜੰਸੀ, ਖੋਜ ਅਤੇ ਵਿਸ਼ਲੇਸ਼ਣ ਵਿੰਗ (ਰਾਅ) ਨੂੰ ਜਾਣਕਾਰੀਆਂ ਮੁਹੱਈਆ ਕਰਵਾਉਣ ਦੇ ਦੋਸ਼ ਹਨ।

ਵਕੀਲ ਅਨੁਸਾਰ ਮਨਮੋਹਨ ਐਸ. ਦੀ ਪਤਨੀ, 51 ਸਾਲਾ ਕੰਵਲਜੀਤ ਕੇ. ਨੇ ਕਥਿਤ ਤੌਰ ‘ਤੇ ਜੁਲਾਈ 2017 ਦੇ ਸ਼ੁਰੂ ਹੋਣ ਸਾਰ ਹੀ ਸੂਹੀਆ ਏਜੰਸੀ ਨੂੰ ਸਹਿਯੋਗ ਦੇਣਾਂ ਸ਼ੁਰੂ ਕਰ ਦਿੱਤਾ ਸੀ। ਹਾਲਾਂਕਿ ਜਰਮਨ ਪਰਦੇਦਾਰੀ ਨਿਯਮਾਂ ਦੇ ਕਾਰਨ ਫੜੇ ਗਏ ਲੋਕਾਂ ਦੇ ਪੂਰੇ ਨਾਮ ਜਾਹਰ ਨਹੀਂ ਕੀਤੇ ਗਏ ਸਨ। ਪਰ ਇਸ ਦੇ ਬਾਵਜੂਦ ਸੋਸ਼ਲ ਮੀਡੀਆ ‘ਤੇ ਇਸ ਜੋੜੇ ਦੀ ਤਸਵੀਰ ਵਾਇਰਲ ਕਰਕੇ ਇਸ ਜੋੜੇ ਦੀ ਪਛਾਣ ਦੱਸ ਦੇਣ ਦਾ ਦਾਅਵਾ ਕਰ ਦਿੱਤਾ ਗਿਆ।

ਉੱਧਰ ਜਰਮਨ ‘ਚ ਵਕੀਲਾਂ ਦਾ ਇਹ ਦਾਅਵਾ ਸੀ, ਕਿ ਉਕਤ ਜੋੜੇ ‘ਤੇ ਉਨ੍ਹਾਂ ਦੇ ਜਰਮਨ ‘ਚ ਬੈਠੇ ਹੈਂਡਲਰ ਨੂੰ ਦਿੱਤੀ ਜਾਣ ਵਾਲੀ ਜਾਣਕਾਰੀ ਬਦਲੇ ਕੁਲ 7,200 ਯੂਰੋ ਜਿਹੜਾ  ਕਿ ਲਗਭਗ 8,100 ਡਾਲਰ ਬਣਦਾ ਹੈ, ਹਾਸਲ ਕਰਨ ਦਾ ਇਲਜ਼ਾਮ ਹੈ।

ਇਹ ਤਾਂ ਸੀ ਉਹ ਖ਼ਬਰ ਜਿਹੜੀ ‘ਦਾ ਵਾਸ਼ਿੰਗਟਨ ਪੋਸਟ’ ਅਖਬਾਰ ਨੇ ਐਸੋਸੀਏਟ ਪ੍ਰੈਸ ਦੇ ਹਵਾਲੇ ਨਾਲ ਛਾਪੀ ਤੇ ਇਸ ਦੀ ਪੂਰੀ ਜਾਣਕਾਰੀ ਅੱਜ ਵੀ ਇੰਟਰਨੈੱਟ ‘ਤੇ ਮੌਜੂਦ ਹੈ। ਪਰ ਵਿਵਾਦ ਉੱਥੋਂ ਸ਼ੁਰੂ ਹੋਇਆ ਜਦੋਂ ਸੋਸ਼ਲ ਮੀਡੀਆ ‘ਤੇ ਉਕਤ ਜੋੜੇ ਦੀ ਤਸਵੀਰ ਇਹ ਕਹਿ ਕੇ ਵਾਇਰਲ ਕਰ ਦਿੱਤੀ ਗਈ ਕਿ ਇਹ ਉਹੋ ਜੋੜਾ ਹੈ, ਜਿਸ ਨੂੰ ਜਰਮਨ ‘ਚ ਰਾਅ ਲਈ ਜਾਸੂਸੀ ਕਰਨ ਦੇ ਦੋਸ਼ ‘ਚ ਫੜਿਆ ਗਿਆ ਹੈ। ਜਿਉਂ ਹੀ ਇਹ ਤਸਵੀਰ ਫੇਸਬੁੱਕ ‘ਤੇ ਪਾਈ ਗਈ ਉਸ ਤੋਂ ਅਗਲੇ ਹੀ ਦਿਨ ਉਕਤ ਤਸਵੀਰ ਵਿੱਚ ਦਿਖਾਈ ਦੇ ਰਹੇ ਸਖ਼ਸ਼ ਦੀਆਂ ਦੋ ਅਜਿਹੀਆਂ ਹੋਰ ਤਸਵੀਰਾਂ ਵਾਇਰਲ ਹੋਈਆਂ ਜਿਸ ਵਿੱਚੋਂ ਇੱਕ ਵਿੱਚ ਇਹ ਉਕਤ ਸਖ਼ਸ਼ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਖੜ੍ਹਿਆ ਦਿਖਾਈ ਦੇ ਰਿਹਾ ਹੈ ਤੇ ਦੂਜੀ ਤਸਵੀਰ ਵਿੱਚ ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਕਾਂਗਰਸ ਦੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨਾਲ ਬੈਠਾ ਦਿਖਾਈ ਦਿੰਦਾ ਹੈ। ਭਾਵੇਂ ਕਿ ਇਨ੍ਹਾਂ ਤਸਵੀਰਾਂ ਵਿੱਚ ਦਿਖਾਈ ਦੇ ਰਿਹਾ ਇਹ ਸਖ਼ਸ਼ ਕੌਣ ਹੈ? ਇਸ ਬਾਰੇ ਗਲੋਬਲ ਪੰਜਾਬ ਟੀ.ਵੀ. ਨਾ ਤਾਂ ਕੋਈ ਪੁਸ਼ਟੀ ਕਰਦਾ ਹੈ ਤੇ ਨਾ ਹੀ ਕੋਈ ਦਾਅਵਾ। ਪਰ ਇਸ ਦੇ ਬਾਵਜੂਦ ਚੋਣਾਂ ਮੌਕੇ ਅਜਿਹੀਆਂ ਤਸਵੀਰਾਂ ਦੇ ਵਾਇਰਲ ਹੋਣ ਨਾਲ ਸਿਆਸੀ ਹਲਕਿਆਂ ਵਿੱਚ ਭੂਚਾਲ ਆ ਗਿਆ ਹੈ। ਕੋਈ ਸਵਾਲ ਕਰਦਾ ਹੈ, ਕਿ ਆਪਣੇ ਹੀ ਆਪਣਿਆਂ ਦੀਆਂ ਜਾਸੂਸੀਆਂ ਕਰਵਾ ਕੇ ਆਖ਼ਰ ਕੀ ਪਤਾ ਕਰਵਾਉਣੇ ਚਾਹੁੰਦੇ ਹਨ? ਕੋਈ ਦੋਸ਼ ਲਾਉਂਦਾ ਹੈ, ਕਿ ਨਾ ਤਾਂ ਕਸ਼ਮੀਰੀਆਂ ਅਤੇ ਸਿੱਖਾਂ ‘ਤੇ ਭਾਰਤੀ ਸਰਕਾਰਾਂ ਨੇ ਪਹਿਲਾਂ ਭਰੋਸਾ ਕੀਤਾ ਸੀ, ਤੇ ਨਾ ਹੁਣ, ਤਾਹੀਓਂ ਜਾਸੂਸੀ ਕਰਵਾ ਰਹੇ ਹਨ। ਹੁਣ ਅਸਲ ਸੱਚਾਈ ਕੀ ਹੈ, ਇਹ ਤਾਂ ਅਜੇ ਭਵਿੱਖ ਦੇ ਗਰਭ ‘ਚ ਹੈ, ਪਰ ਇੰਨਾ ਜਰੂਰ ਹੈ, ਕਿ ਇਨ੍ਹਾਂ ਤਸਵੀਰਾਂ ਦੇ ਸਾਹਮਣੇ ਆਉਣ ਨਾਲ ਜਿਹੜੇ ਕੱਟੜਪੰਥੀਆਂ ਦੀਆਂ ਗੱਲਾਂ ਸੁਣ ਕੇ ਲੋਕ ਉਨ੍ਹਾਂ ਨੂੰ ਇਸ ਲਈ ਅਣਗੋਲਿਆਂ ਕਰ ਦਿੰਦੇ ਸਨ ਕਿ ਇਹ ਲੋਕ ਝੂਠ ਬੋਲ ਰਹੇ ਹਨ, ਉਨ੍ਹਾਂ ਦਾ ਮਨ ਹੁਣ ਭੰਬਲਭੂਸੇ ‘ਚ ਜਰੂਰ ਪੈ ਗਿਆ ਹੋਣੈ, ਕਿ ਆਖ਼ਰ ਸੱਚ ਕੀ ਹੈ?

 

Check Also

ਕੈਪਟਨ ਅਮਰਿੰਦਰ ਨੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਦੀ ਪ੍ਰਧਾਨ ਮੰਤਰੀ ਨੂੰ ਕੀਤੀ ਅਪੀਲ

ਚੰਡੀਗੜ੍ਹ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ …

Leave a Reply

Your email address will not be published.