ਕਈ ਮਹੀਨਿਆਂ ਤੱਕ ਵੈਕਸੀਨ ਸਪਲਾਈ ਵਿੱਚ ਕਮੀ ਰਹਿਣ ਤੋਂ ਬਾਅਦ ਹੁਣ ਹੈਲਥ ਕੈਨੇਡਾ ਦਾ ਕਹਿਣਾ ਹੈ ਕਿ ਦੇਸ਼ ਵਿੱਚ ਹਰ ਹਫਤੇ ਕੋਵਿਡ-19 ਵੈਕਸੀਨ ਦੀਆਂ ਕਈ ਮਿਲੀਅਨ ਡੋਜਾਂ ਆ ਰਹੀਆਂ ਹਨ। ਇਹ ਡੋਜ਼ਾਂ ਉਨ੍ਹਾਂ ਸਾਰੇ ਕੈਨੇਡੀਅਨਾਂ ਦੇ ਟੀਕਾਕਰਣ ਲਈ ਕਾਫੀ ਹਨ ਜਿਹੜੇ ਟੀਕਾ ਲਵਾਉਣਾ ਚਾਹੁੰਦੇ ਹਨ ਤੇ ਸਤੰਬਰ ਦੇ ਅੰਤ ਤੱਕ ਪੂਰੀ ਤਰ੍ਹਾਂ ਵੈਕਸੀਨੇਟ ਹੋਣਾ ਚਾਹੁੰਦੇ ਹਨ।
ਖਰੀਦਾਰੀ ਮੰਤਰੀ ਅਨੀਤਾ ਆਨੰਦ ਨੇ ਪੁਸ਼ਟੀ ਕੀਤੀ ਕਿ ਕੈਨੇਡਾ ਨੇ ਜੂਨ ਮਹੀਨੇ ਲਈ ਇੱਕ 1.4 ਮਿਲੀਅਨ ਮੌਡਰਨਾ ਕੋਵਿਡ -19 ਟੀਕਾ ਖੁਰਾਕ ਪ੍ਰਾਪਤ ਕੀਤੀ ਹੈ।
ਮੰਗਲਵਾਰ ਨੂੰ ਜਾਰੀ ਕੀਤੀ ਗਈ ਅਪਡੇਟ ਵਿੱਚ ਕੈਨੇਡਾ ਦੀ ਚੀਫ ਪਬਲਿਕ ਹੈਲਥ ਅਧਿਕਾਰੀ ਡਾ· ਥੈਰੇਸਾ ਟੈਮ ਤੇ ਡਿਪਟੀ ਚੀਫ ਪਬਲਿਕ ਹੈਲਥ ਆਫੀਸਰ ਡਾ· ਹੌਵਰਡ ਨੇ ਕਿਹਾ ਕਿ ਇੱਕਲੇ ਜੂਨ ਵਿੱਚ ਹੀ ਕੈਨੇਡਾ ਨੂੰ 20 ਮਿਲੀਅਨ ਵਾਧੂ ਡੋਜ਼ਾਂ ਮਿਲਣਗੀਆਂ। ਇਸ ਹਫਤੇ ਪੰਜ ਮਿਲੀਅਨ ਡੋਜ਼ਾਂ ਪ੍ਰੋਵਿੰਸਾਂ ਤੇ ਟੈਰੇਟਰੀਜ਼ ਲਈ ਭੇਜ ਦਿੱਤੀਆਂ ਗਈਆਂ ਹਨ ।
ਡਾ· ਟੈਮ ਨੇ ਆਖਿਆ ਕਿ ਕੈਨੇਡਾ ਦੀ ਵੈਕਸੀਨ ਵੰਡ ਸਬੰਧੀ ਪ੍ਰੋਗਰਾਮ ਨੂੰ ਬੂਰ ਪੈ ਰਿਹਾ ਹੈ। ਹੁਣ ਵੈਕਸੀਨ ਦੀ ਵੱਧ ਤੋਂ ਵੱਧ ਕਵਰੇਜ ਦੇ ਸਕਾਰਾਤਮਕ ਨਤੀਜੇ ਵੀ ਸਾਹਮਣੇ ਆਉਣ ਲੱਗੇ ਹਨ। ਲੋਕ ਘੱਟ ਬਿਮਾਰ ਹੋ ਰਹੇ ਹਨ ਤੇ ਕਮਜ਼ੋਰ ਲੋਕਾਂ ਵਿੱਚ ਵੀ ਮੌਤ ਦੇ ਅੰਕੜੇ ਘਟੇ ਹਨ।