Paytm ਦੇ ਸੰਸਥਾਪਕ ਵਿਜੇ ਸ਼ੇਖਰ ਸ਼ਰਮਾ ਡੀਸੀਪੀ ਦੀ ਕਾਰ ਨੂੰ ਟੱਕਰ ਮਾਰਨ ਦੇ ਮਾਮਲੇ ‘ਚ ਗ੍ਰਿਫਤਾਰ, ਮਿਲੀ ਜ਼ਮਾਨਤ

TeamGlobalPunjab
2 Min Read

ਨਵੀਂ ਦਿੱਲੀ: Paytm ਦੇ ਸੰਸਥਾਪਕ ਵਿਜੇ ਸ਼ੇਖਰ ਸ਼ਰਮਾ ਕਿਸੇ ਨਾ ਕਿਸੇ ਮੁਸੀਬਤ ‘ਚ ਫਸਦੇ ਜਾ ਰਹੇ ਹਨ। ਹਾਲ ਹੀ ‘ਚ ਰਿਜ਼ਰਵ ਬੈਂਕ (RBI) ਨੇ ਪੇਟੀਐੱਮ ਪੇਮੈਂਟਸ ਬੈਂਕ ‘ਤੇ ਨਵੇਂ ਗਾਹਕ ਬਣਾਉਣ ‘ਤੇ ਪਾਬੰਦੀ ਲਗਾ ਦਿੱਤੀ ਹੈ ਅਤੇ ਹੁਣ ਖੁਦ ਵਿਜੇ ਸ਼ੇਖਰ ਸ਼ਰਮਾ  ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਜਾਣ ਦੀ ਖਬਰ ਹੈ। ਦੋਸ਼ ਹੈ ਕਿ ਉਨ੍ਹਾਂ ਨੇ ਡੀਸੀਪੀ ਸਾਊਥ ਦਿੱਲੀ ਦੀ ਗੱਡੀ ਵਿੱਚ ਆਪਣੀ ਕਾਰ ਨਾਲ ਟੱਕਰ ਮਾਰ ਦਿੱਤੀ ਸੀ। ਹਾਲਾਂਕਿ ਬਾਅਦ ਵਿੱਚ ਉਨ੍ਹਾਂ ਨੂੰ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ ਗਿਆ ।

ਘਟਨਾ 22 ਫਰਵਰੀ ਦੀ ਹੈ। ਦੱਖਣੀ ਦਿੱਲੀ ਦੀ ਡੀਸੀਪੀ ਬੇਨਿਤਾ ਮੈਰੀ ਜੈਕਰ ਦੀ ਗੱਡੀ ਵਿੱਚ ਕਾਰ ਨਾਲ ਟੱਕਰ ਮਾਰਨ ਦੇ ਮਾਮਲੇ ਵਿੱਚ ਉਨ੍ਹਾਂ ਦੇ ਡਰਾਈਵਰ ਕਾਂਸਟੇਬਲ ਦੀਪ ਕੁਮਾਰ ਨੇ ਵਿਜੇ ਸ਼ੇਖਰ ਸ਼ਰਮਾ ਖਿਲਾਫ ਐੱਫ.ਆਈ.ਆਰ. ਦਰਜ ਕਰਵਾਈ ਸੀ। ਐੱਫ.ਆਈ.ਆਰ. ਮੁਤਾਬਕ ਦਿੱਲੀ ਦੇ ਅਰਵਿੰਦੋ ਮਾਰਗ ‘ਤੇ ਦੀ ਮਦਰਸ ਇੰਟਰਨੈਸ਼ਨਲ ਸਕੂਲ ਦੇ ਬਾਹਰ ਡੀਸੀਪੀ ਦੀ ਗੱਡੀ ਨੂੰ ਇੱਕ ਜੈਗਵਾਰ ਲੈਂਡ ਰੋਵਰ ਨੇ ਟੱਕਰ ਮਾਰ ਦਿੱਤੀ ਸੀ, ਜਿਸ ਨੂੰ ਕਥਿਤ ਤੌਰ ‘ਤੇ ਪੇਟੀਐੱਮ. ਦੇ ਸੀ.ਈ.ਓ. ਵਿਜੇ ਸ਼ੇਖਰ ਸ਼ਰਮਾ ਚਲਾ ਰਹੇ ਸਨ।

ਡਰਾਈਵਰ ਦੀਪਕ ਨੇ ਦੱਸਿਆ ਕਿ ਮਦਰਜ਼ ਇੰਟਰਨੈਸ਼ਨਲ ਸਕੂਲ ਨੇੜੇ ਕਾਫੀ ਟ੍ਰੈਫਿਕ ਸੀ, ਇਸ ਲਈ ਕਾਰ ਹੌਲੀ ਕਰ ਦਿੱਤੀ ਅਤੇ ਆਪਣੇ ਸਾਥੀ ਨੂੰ ਟਰੈਫਿਕ ਦੇ ਨਾਲ ਚੱਲਣ ਲਈ ਕਿਹਾ। ਉਦੋਂ ਸਾਈਡ ਤੋਂ ਇਕ ਕਾਰ ਆਈ ਅਤੇ ਉਸ ਨੂੰ ਟੱਕਰ ਮਾਰ ਕੇ ਭੱਜ ਗਈ। ਉਸ ਗੱਡੀ ਦਾ ਨੰਬਰ ਹਰਿਆਣਾ ਦਾ ਸੀ, ਜਿਸ ਦਾ ਨੰਬਰ ਡਰਾਈਵਰ ਨੇ ਲਿਖਿਆ ਸੀ। ਐਫਆਈਆਰ ਤੋਂ ਬਾਅਦ ਜਦੋਂ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਗੱਡੀ ਵਿਜੇ ਸ਼ੇਖਰ ਸ਼ਰਮਾ ਦੀ ਹੈ, ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕੀਤੀ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment