ਕੈਨੇਡਾ ਜਾਣ ਦੇ ਚਾਹਵਾਨਾਂ ਲਈ ਖੁਸ਼ਖਬਰੀ, ਹੁਣ ਲੱਗੇਗੀ ਵੀਜ਼ਿਆਂ ਦੀ ਝੜੀ

Prabhjot Kaur
4 Min Read

ਓਟਵਾ: ਕੈਨੇਡਾ ਸਰਕਾਰ ਇਸ ਵਾਰ ਖੁਲ੍ਹੇ ਦਿਲ ਨਾਲ ਵਿਜ਼ਟਰ ਵੀਜ਼ੇ ਜਾਰੀ ਕਰਨ ਜਾ ਰਹੀ ਹੈ। ਇਸ ਤੋਂ ਇਲਾਵਾ ਕੈਨੇਡਾ ਨੇ ਵੱਡੀ ਛੋਟ ਦਿੰਦਿਆਂ ਨੈਨੀ ਵੀਜ਼ੇ ਲਈ ਤਜਰਬੇ ਦੀ ਸ਼ਰਤ ਨੂੰ ਘਟਾ ਦਿੱਤਾ ਹੈ। ਜਿਸ ਤੋਂ ਬਾਅਦ ਹੁਣ ਇਹ 24 ਮਹੀਨੇ ਤੋਂ ਘਟ ਕੇ 12 ਮਹੀਨੇ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਐਕਸਪ੍ਰੈਸ ਐਂਟਰੀ ਅਧੀਨ ਚਾਰ ਸ਼੍ਰੇਣੀਆਂ ਵਿੱਚ ਐਪਲੀਕੇਸ਼ਨ ਟ੍ਰੈਕਿੰਗ ਸੇਵਾ ਸ਼ੁਰੂ ਕੀਤੀ ਗਈ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਮੀਗ੍ਰੇਸ਼ਨ ਵਿਭਾਗ ਨੂੰ ਇਸ਼ਾਰਾ ਕੀਤਾ ਹੈ ਕਿ ਵਿਜ਼ਟਰ ਵੀਜ਼ਾ ਵਾਲੀਆਂ ਅਰਜ਼ੀਆਂ ‘ਤੇ ਨਰਮਦਿਲੀ ਨਾਲ ਵਿਚਾਰ ਕੀਤਾ ਜਾਵੇ।

ਜਸਟਿਨ ਟਰੂਡੋ ਨੇ ਕਿਹਾ ਕਿ ਆਰਜ਼ੀ ਵੀਜ਼ਿਆਂ ਵਾਲੇ ਪਾਸੇ ਵੀ ਧਿਆਨ ਦੇਣ ਦਾ ਯਤਨ ਕੀਤਾ ਜਾ ਰਿਹਾ ਹੈ। ਇਮਾਨਦਾਰੀ ਨਾਲ ਗੱਲ ਕੀਤੀ ਜਾਵੇ ਤਾਂ ਵਿਜ਼ਟਰ ਵੀਜ਼ਾ ਮੰਗਣ ਵਾਲੇ ਆਪਣੀ ਨੌਕਰੀ, ਮਕਾਨ ਦੇ ਮਾਲਕ ਹੋਣ ਅਤੇ ਜੱਦੀ ਮੁਲਕ ‘ਚ ਚੰਗੇ ਰੁਤਬੇ ਵਰਗੀਆਂ ਗੱਲਾਂ ਆਸਾਨੀ ਨਾਲ ਇਮੀਗ੍ਰੇਸ਼ਨ ਅਧਿਕਾਰੀਆਂ ਕੋਲ ਸਾਬਤ ਕਰ ਸਕਦੇ ਹਨ। ਪਰ ਜਿਹੜੇ ਲੋਕ ਮਾਂ ਦਾ ਵਾਸਤਾ ਪਾ ਕੇ ਵੀਜ਼ੇ ਮੰਗਦੇ ਹਨ ਅਤੇ ਦਾਅਵਾ ਕਰਦੇ ਹਨ ਕਿ ਮਾਂ ਨੂੰ ਮਿਲਣ ਜਾਣਾ ਚਾਹੁੰਦੇ ਹਨ ਪਰ ਇਥੇ ਆ ਕੇ ਇਕੱਲੇ ਰਹਿਣ ਲਗਦੇ ਹਨ, ਇਹ ਰੁਝਾਨ ਬਹੁਤ ਡਰਾਉਣਾ ਮਹਿਸੂਸ ਹੁੰਦਾ ਹੈ।

ਪ੍ਰਧਾਨ ਮੰਤਰੀ ਨੇ ਇਹ ਟਿੱਪਣੀਆਂ ਓਟਵਾ ਦੇ ਐਲਗੌਨਕੁਇਨ ਕਾਲਜ ‘ਚ ਨਰਸਿੰਗ ਦੇ ਵਿਦਿਆਰਥੀਆਂ ਨਾਲ ਗੱਲਬਾਤ ਦੌਰਾਨ ਕੀਤੀਆਂ। ਜ਼ਿਆਦਾਤਰ ਵਿਦਿਆਰਥੀ ਇੰਟਰਨੈਸ਼ਨਲ ਸਟੂਡੈਂਟਸ ਸਨ ਅਤੇ ਕਈਆਂ ਨੇ ਵੀਜ਼ਾ ਮੁਸ਼ਕਲਾਂ ਦਾ ਜ਼ਿਕਰ ਕੀਤਾ। ਸਵਾਲ-ਜਵਾਬ ਦੌਰਾਨ ਇੱਕ ਕੌਮਾਂਤਰੀ ਵਿਦਿਆਰਥਣ ਨੇ ਉਨ੍ਹਾਂ 7 ਮਹੀਨਿਆਂ ਦਾ ਜ਼ਿਕਰ ਕੀਤਾ ਜਦੋਂ ਉਹ ਹਸਪਤਾਲ ਦਾਖ਼ਲ ਰਹੀ ਅਤੇ ਕੈਨੇਡਾ ‘ਚ ਉਸ ਦਾ ਕੋਈ ਪਰਿਵਾਰਕ ਮੈਂਬਰ ਵੀ ਨਹੀਂ ਸੀ। ਉਸ ਨੇ ਪ੍ਰਧਾਨ ਮੰਤਰੀ ਨੂੰ ਦੱਸਿਆ ਕਿ ਉਸ ਦੀ ਮਾਂ ਨੇ ਦੋ ਵਾਰ ਵੀਜ਼ਾ ਲਈ ਕੋਸ਼ਿਸ਼ ਕੀਤੀ ਪਰ ਦੋਵੇਂ ਵਾਰ ਵੀਜ਼ਾ ਨਹੀਂ ਲੱਗਿਆ। ਜਵਾਬ ਵਿਚ ਜਸਟਿਨ ਟਰੂਡੋ ਨੇ ਕਿਹਾ ਕਿ ਕੈਨੇਡਾ ਵਾਸੀਆਂ ਨੂੰ ਇਮੀਗ੍ਰੇਸ਼ਨ ਪ੍ਰਣਾਲੀ ਵਿੱਚ ਵਿਸ਼ਵਾਸ ਰੱਖਣਾ ਹੋਵੇਗਾ ਪਰ ਇਸ ਦੇ ਨਾਲ ਹੀ ਕਿਹਾ ਕਿ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਵੀਜ਼ਾ ਜਾਰੀ ਕਰਦਿਆਂ ਬਹੁਤੇ ਕਿੰਤੂ-ਪ੍ਰੰਤੂ ਨਹੀਂ ਕਰਨੇ ਚਾਹੀਦੇ।

ਪ੍ਰਧਾਨ ਮੰਤਰੀ ਨੇ ਕਿਹਾ, “ਜੇ ਵਿਜ਼ਟਰ ਵੀਜ਼ਾ ’ਤੇ ਆਏ ਲੋਕ ਮਿਆਦ ਲੰਘਣ ਤੋਂ ਬਾਅਦ ਵੀ ਇੱਥੇ ਹੀ ਰਹਿੰਦੇ ਹਨ ਤਾਂ ਇਨ੍ਹਾਂ ਨੂੰ ਮਾੜਾ ਨਹੀਂ ਬੋਲਣਾ ਚਾਹੀਦਾ। ਸਾਡੇ ਇਮੀਗ੍ਰੇਸ਼ਨ ਮੰਤਰੀ ਸ਼ੌਨ ਫਰੇਜ਼ਰ ਇਮੀਗ੍ਰੇਸ਼ਨ ਬਾਰੇ ਨਜ਼ਰੀਆ ਬਦਲਣ ਖਾਤਰ ਸਖ਼ਤ ਮਿਹਨਤ ਕਰ ਰਹੇ ਹਨ ਅਤੇ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਲੋਕ ਇੱਥੇ ਆ ਸਕਣ।’ ਪ੍ਰਧਾਨ ਮੰਤਰੀ ਨੇ ਉਸ ਕੁੜੀ ਅੱਗੇ ਮੰਨਿਆ ਕਿ ਇਮੀਗ੍ਰੇਸ਼ਨ ਵਿਭਾਗ ਨੇ ਉਸ ਦੀ ਮਾਂ ਨੂੰ ਵੀਜ਼ਾ ਨਾ ਦੇ ਕੇ ਵੱਡੀ ਗਲਤੀ ਕੀਤੀ।

- Advertisement -

ਟਰੂਡੋ ਨੇ ਅੱਗੇ ਕਿਹਾ ਕਿ ਇਕ ਪਾਸੇ ਕੈਨੇਡੀਅਨ ਇਮੀਗ੍ਰੇਸ਼ਨ ਸਿਸਟਮ ਕਿਰਤੀਆਂ ਦੀ ਕਿਲਤ ਦੀ ਚੁਣੌਤੀ ਨਾਲ ਜੂਝ ਰਿਹਾ ਹੈ ਜਦਕਿ ਦੂਜੇ ਪਾਸੇ ਵੱਖ-ਵੱਖ ਕਾਰਨਾਂ ਕਰ ਕੇ ਵਿਦੇਸ਼ਾਂ ਵਿਚ ਲੋਕ ਆਪਣੇ ਘਰ-ਬਾਰ ਛੱਡ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਇੰਮੀਗ੍ਰੇਸ਼ਨ ਵਿਰੋਧੀ ਕੋਈ ਵੀ ਪਾਰਟੀ ਕੈਨੇਡਾ ‘ਚ ਸਫ਼ਲ ਨਹੀਂ ਹੋ ਸਕਦੀ ਕਿਉਂਕਿ ਜ਼ਿਆਦਾਤਰ ਕੈਨੇਡੀਅਨ ਸਮਝਦੇ ਹਨ ਕਿ ਇਮੀਗ੍ਰੇਸ਼ਨ ਸਾਡੇ ਲਈ ਕਿੰਨੀ ਜ਼ਰੂਰੀ ਹੈ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਕੰਸਟ੍ਰਕਸ਼ਨ ਸੈਕਟਰ ‘ਚ ਕਾਮਿਆਂ ਦੀ ਕਮੀ ਜੋ ਕਿ ਉਸਾਰੀ ਲਈ ਬਹੁਤ ਲਾਜ਼ਮੀ ਹਨ। ਇਸੇ ਕਰ ਕੇ ਅਸੀਂ ਘਰਾਂ ਦੀ ਉਸਾਰੀ ‘ਚ ਮਾਹਰ ਕਾਮਿਆਂ ਨੂੰ ਇੱਥੇ ਲਿਆ ਰਹੇ ਹਾਂ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment