ਬ੍ਰਾਜ਼ੀਲ : ਰਾਸ਼ਟਰਪਤੀ ਜੈਅਰ ਬੋਲਸੋਨਾਰੋ ਤੋਂ ਬਾਅਦ ਉਨ੍ਹਾਂ ਦੀ ਪਤਨੀ ਕੋਰੋਨਾ ਪਾਜ਼ੀਟਿਵ

TeamGlobalPunjab
2 Min Read

ਬ੍ਰਾਜ਼ੀਲੀਆ : ਬ੍ਰਾਜ਼ੀਲ ਦੇ ਰਾਸ਼ਟਰਪਤੀ ਜੈਅਰ ਬੋਲਸੋਨਾਰੋ ਦੀ ਪਤਨੀ ਮਿਸ਼ੇਲ ਬੋਲਸੋਨਾਰੋ ਵੀ ਕੋਰੋਨਾ ਦੀ ਲਪੇਟ ‘ਚ ਆ ਗਈ ਹੈ। ਉਨ੍ਹਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਪਾਈ ਗਈ ਹੈ। ਵੀਰਵਾਰ ਨੂੰ ਜਾਰੀ ਇਕ ਅਧਿਕਾਰਤ ਬਿਆਨ ਵਿਚ ਇਹ ਜਾਣਕਾਰੀ ਦਿੱਤੀ ਗਈ। ਦੱਸ ਦਈਏ ਕਿ ਕੋਰੋਨਾ ਵਾਇਰਸ ਨਾਲ ਅਮਰੀਕਾ ਤੋਂ ਬਾਅਦ ਬ੍ਰਾਜ਼ੀਲ ਸਭ ਤੋਂ ਵੱਧ ਪ੍ਰਭਾਵਿਤ ਦੇਸ਼ ਹੈ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਰਾਸ਼ਟਰਪਤੀ ਬੋਲਸੋਨਾਰੋ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਪਾਈ ਗਈ ਸੀ। ਇਲਾਜ ਤੋਂ ਬਾਅਦ ਹੁਣ ਉਹ ਠੀਕ ਹੋ ਚੁੱਕੇ ਹਨ। ਬੀਤੇ ਸ਼ਨੀਵਾਰ ਨੂੰ ਰਾਸ਼ਟਰਪਤੀ ਨੇ ਦੱਸਿਆ ਸੀ ਕਿ ਉਨ੍ਹਾਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਹੈ। ਬੋਲਸੋਨਾਰੋ ਨੇ ਪਹਿਲੀ ਜਾਂਚ ਤੋਂ ਬਾਅਦ 7 ਜੁਲਾਈ ਨੂੰ ਆਪਣੇ ਕੋਰੋਨਾ ਸੰਕਰਮਣ ਹੋਣ ਦਾ ਐਲਾਨ ਕੀਤਾ ਸੀ ਅਤੇ ਚੌਥੀ ਜਾਂਚ ਤੋਂ ਬਾਅਦ ਆਪਣੇ ਸੰਕਰਮਣ ਮੁਕਤ ਹੋਣ ਦੀ ਗੱਲ ਕਹੀ ਸੀ।

ਰਾਸ਼ਟਰਪਤੀ ਦਫ਼ਤਰ ਪਲਾਨਾਲਟੋ ਪੈਲੇਸ ਅਨੁਸਾਰ ਮਿਸ਼ੇਲ ਬੋਲਸੋਨਾਰੋ ਦੀ ਸਿਹਤ ਹੁਣ ਠੀਕ ਹੈ ਅਤੇ ਉਨ੍ਹਾਂ ਵੱਲੋਂ ਕੋਰੋਨਾ ਨਾਲ ਜੁੜੇ ਸਾਰੇ ਨਿਯਮਾਂ ਦੀ ਪਾਲਣਾ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਵੀਰਵਾਰ ਨੂੰ ਬ੍ਰਾਜ਼ੀਲ ਦੇ ਵਿਗਿਆਨ ਅਤੇ ਤਕਨਾਲੋਜੀ ਮੰਤਰੀ ਮਾਰਕੋਸ ਪੋਂਟੇਸ ਦੀ ਵੀ ਕੋਰੋਨਾ ਰਿਪੋਰਟ ਪਾਜ਼ੀਟਿਵ ਪਾਈ ਗਈ ਸੀ। ਪੌਂਟੇਸ, ਬੋਲਸੋਨਾਰੋ ਸਰਕਾਰ ਵਿਚ ਪੰਜਵੇਂ ਮੰਤਰੀ ਹਨ ਜੋ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ।

ਦੱਸ ਦਈਏ ਕਿ ਬ੍ਰਾਜ਼ੀਲ ਵਿੱਚ ਹੁਣ ਤੱਕ ਕੋਰੋਨਾ ਦੇ 25 ਲੱਖ ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ 90 ਹਜ਼ਾਰ ਤੋਂ ਵੱਧ ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਚੁੱਕੀ ਹੈ।

- Advertisement -

Share this Article
Leave a comment