ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ ਹੈ, ਕਿ ਬੀਬੀ ਪਰਮਜੀਤ ਕੌਰ ਖਾਲੜਾ ਦੇ ਪਰਿਵਾਰ ਦੀ ਵੱਡੀ ਕੁਰਬਾਨੀ ਹੈ, ਉਹ ਸਾਰਿਆਂ ਦੇ ਸਤਿਕਾਰਯੋਗ ਹਨ, ਇਸ ਲਈ ਉਨ੍ਹਾਂ ਨੂੰ ਚੋਣ ਨਹੀਂ ਲੜਨੀ ਚਾਹੀਦੀ, ਬਲਕਿ ਬੀਬੀ ਜੀ ਨੂੰ ਰਾਜ ਸਭਾ ਮੈਂਬਰ ਬਣਾਇਆ ਜਾਣਾ ਚਾਹੀਦਾ ਹੈ। ਟਕਸਾਲੀ ਅਕਾਲੀ ਦਲ ਦੇ ਪ੍ਰਧਾਨ ਇੱਥੇ ਪੱਤਰਕਾਰਾਂ ਨੂੰ ਸੰਬੋਧਿਤ ਕਰ ਰਹੇ ਸਨ।
ਇੱਕ ਸਵਾਲ ਦੇ ਜਵਾਬ ਵਿੱਚ ਰਣਜੀਤ ਸਿੰਘ ਬ੍ਰਹਮਪੁਰਾ ਤੇ ਸੇਵਾ ਸਿੰਘ ਸੇਖਵਾਂ ਨੇ ਕਿਹਾ, ਕਿ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਅਤੇ ਸਾਬਕਾ ਵਿਧਾਇਕ ਐਚ ਐਸ ਫੂਲਕਾ ਨੇ ਸਾਰੀਆਂ ਤੀਜੀਆਂ ਧਿਰਾਂ ਨੂੰ ਗੱਠਜੋੜ ਕਰਨ ਲਈ ਕੀਤੀ ਗਈ ਅਪੀਲ ਦਾ ਉਹ ਸਵਾਗਤ ਕਰਦੇ ਹਨ। ਪਰ ਇਸ ਦੇ ਨਾਲ ਹੀ ਉਹ ਇਹ ਕਹਿਣਾ ਚਾਹੁੰਦੇ ਹਨ, ਕਿ ਉਹ ਹਲਕਾ ਖਡੂਰ ਸਾਹਿਬ ਤੋਂ ਪੰਜਾਬ ਏਕਤਾ ਪਾਰਟੀ ਦੀ ਉਮੀਦਵਾਰ ਬੀਬੀ ਪਰਮਜੀਤ ਕੌਰ ਖਾਲੜਾ ਦੇ ਵਿਰੁੱਧ ਐਲਾਨੇ ਗਏ ਆਪਣੇ ਉਮੀਦਵਾਰ ਜਨਰਲ ਜੇ ਜੇ ਸਿੰਘ ਦੀ ਉਮੀਦਵਾਰੀ ਵਾਪਸ ਨਹੀਂ ਲੈਣਗੇ।
ਦੱਸ ਦਈਏ ਕਿ ਪੰਜਾਬ ਏਕਤਾ ਪਾਰਟੀ ਦੇ ਅਡਹਾਕ ਪ੍ਰਧਾਨ ਸੁਖਪਾਲ ਖਹਿਰਾ ਨੇ ਇਹ ਮੰਗ ਕੀਤੀ ਸੀ, ਕਿ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਵਾਲੇ ਹਲਕਾ ਖਡੂਰ ਸਾਹਿਬ ਤੋਂ ਬੀਬੀ ਪਰਮਜੀਤ ਕੌਰ ਖਾਲੜਾ ਦੇ ਖਿਲਾਫ ਆਪਣਾ ਉਮੀਦਵਾਰ ਵਾਪਸ ਲੈਣ। ਇਸ ਤੋਂ ਇਲਾਵਾ ਐਚ ਐਸ ਫੂਲਕਾ ਨੇ ਵੀ ਸਾਰੀਆਂ ਧਿਰਾਂ ਨੂੰ ਇਹ ਅਪੀਲ ਕੀਤੀ ਸੀ, ਕਿ ਚੋਣਾਂ ਦੌਰਾਨ ਬੀਬੀ ਖਾਲੜਾ ਦੇ ਖਿਲਾਫ ਉਹ ਪਾਰਟੀਆਂ ਆਪਣਾ ਕੋਈ ਉਮੀਦਵਾਰ ਨਾ ਉਤਾਰਨ। ਜਿਸ ਦੇ ਜਵਾਬ ਵਿੱਚ ਟਕਸਾਲੀਆਂ ਦਾ ਕਹਿਣਾ ਹੈ, ਕਿ ਜਨਰਲ ਜੇ ਜੇ ਸਿੰਘ ਦੀ ਉਮੀਦਵਾਰੀ ਵਾਪਸ ਨਾ ਲੈਣ ਦੇ ਮੁੱਦੇ ‘ਤੇ ਉਨ੍ਹਾਂ ਦੀ ਪਾਰਟੀ ‘ਚ ਕੋਈ ਮਤਭੇਦ ਨਹੀਂ ਹੈ। ਟਕਸਾਲੀਆਂ ਦਾ ਕਹਿਣਾ ਹੈ, ਕਿ ਉਨ੍ਹਾਂ ਦੀ ਪਾਰਟੀ ਅਨੰਦਪੁਰ ਸਾਹਿਬ, ਸੰਗਰੂਰ ਤੇ ਖਡੂਰ ਸਾਹਿਬ ਤੋਂ ਹੀ ਚੋਣ ਲੜੇਗੀ। ਲਿਹਾਜਾ ਇੱਥੇ ਐਲਾਨੇ ਜਾਣ ਵਾਲੇ ਉਮੀਦਵਾਰਾਂ ਦੇ ਮਾਮਲੇ ਵਿੱਚ ਕੋਈ ਮਤਭੇਦ ਨਹੀਂ ਹੋਵੇਗਾ।