ਸਿੱਧੂ ਨੇ ਨਹੀਂ ਸੰਭਾਲਿਆ ਬਿਜਲੀ ਮਹਿਕਮੇਂ ਦਾ ਚਾਰਜ, ਦੇਣਗੇ ਅਸਤੀਫਾ?

TeamGlobalPunjab
5 Min Read

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਬੀਤੇ ਦਿਨੀਂ ਕੀਤੇ ਗਏ ਵਜ਼ਾਰਤੀ ਫੇਰਬਦਲ ਤੋਂ ਨਰਾਜ਼ ਹੋਏ ਨਵਜੋਤ ਸਿੰਘ ਸਿੱਧੂ ਨੇ 5 ਦਿਨ ਬੀਤ ਜਾਣ ਦੇ ਬਾਵਜੂਦ ਅਜੇ ਤੱਕ ਬਿਜਲੀ ਮਹਿਕਮੇਂ ਦਾ ਚਾਰਜ ਨਹੀਂ ਸੰਭਾਲਿਆ ਹੈ। ਹਾਲਾਂਕਿ ਉਨ੍ਹਾਂ ਨੇ ਇਸ ਫੇਰਬਦਲ ਤੋਂ ਬਾਅਦ ਨਰਾਜ਼ ਹੋ ਕੇ ਕਈ ਦਿਨ ਦਿੱਲੀ ਡੇਰੇ ਲਾਉਣ ਤੋਂ ਬਾਅਦ ਰਾਹੁਲ ਗਾਂਧੀ ਤੇ ਪ੍ਰਿਅੰਕਾ ਵਾਡਰਾ ਕੋਲ ਆਪਣੀ ਨਰਾਜ਼ਗੀ ਜ਼ਾਹਰ ਕਰਦਿਆਂ ਉਨ੍ਹਾਂ ਨੂੰ ਇੱਕ ਲਿਖਤੀ ਸ਼ਿਕਾਇਤ ਸੌਂਪੀ ਸੀ, ਤੇ ਪਤਾ ਲੱਗਾ ਹੈ ਕਿ ਉਸ ਸ਼ਿਕਾਇਤ ‘ਤੇ ਕਾਰਵਾਈ ਕਰਨ ਲਈ ਰਾਹੁਲ ਗਾਂਧੀ ਨੇ ਸੀਨੀਅਰ ਕਾਂਗਰਸੀ ਆਗੂ ਅਹਿਮਦ ਪਟੇਲ ਦੀ ਜਿੰਮੇਵਾਰੀ ਵੀ ਲਾਈ ਸੀ ਤਾਂ ਕਿ ਪੰਜਾਬ ਦੇ ਇਨ੍ਹਾਂ ਦੋਵਾਂ ਅਹਿਮ ਆਗੂਆਂ ਦਰਮਿਆਨ ਚਲ ਰਹੇ ਵਿਵਾਦ ਨੂੰ ਖਤਮ ਕਰਕੇ ਸੂਬੇ ਨੂੰ ਵਿਕਾਸ ਦੀਆਂ ਲੀਹਾਂ ‘ਤੇ ਪਾਇਆ ਜਾ ਸਕੇ। ਪਰ ਇੰਝ ਜਾਪਦਾ ਹੈ ਜਿਵੇਂ ਇਹ ਵਿਵਾਦ ਅਜੇ ਤੱਕ ਸੁਲਝਿਆ ਨਹੀਂ ਹੈ, ਤੇ ਇਹੋ ਕਾਰਨ ਹੈ ਕਿ ਭਲਕੇ 13 ਜੂਨ ਨੂੰ ਝੋਨੇ ਦੀ ਲੁਵਾਈ ਦਾ ਸੀਜ਼ਨ ਸ਼ੁਰੂ ਹੋਣ ਦੇ ਬਾਵਜੂਦ ਨਵਜੋਤ ਸਿੰਘ ਸਿੱਧੂ ਨੇ ਬਿਜਲੀ ਮਹਿਕਮੇਂ ਦੇ ਮੰਤਰੀ ਵਜੋਂ ਅਜੇ ਤੱਕ ਚਾਰਜ ਨਹੀਂ ਸੰਭਾਲਿਆ ਹੈ। ਹੁਣ ਸੱਚਾਈ ਇਹ ਹੈ ਕਿ ਪਾਵਰਕੌਮ ਨੂੰ ਇਨ੍ਹਾਂ ਹਾਲਾਤਾਂ ਵਿੱਚ ਕਿਸਾਨਾਂ ਨੂੰ ਟਿਊਬਵੈਲਾਂ ਲਈ 8 ਘੰਟੇ ਨਿਰਵਿਘਨ ਬਿਜਲੀ ਸਪਲਾਈ ਦੇਣ ਦੇ ਇਸ ਅਹਿਮ ਸੀਜ਼ਨ ਦੌਰਾਨ ਵੀ ਆਪਣੇ ਮੰਤਰੀ ਤੋਂ ਬਿਨਾਂ ਹੀ ਤਿਆਰੀਆਂ ਮੁਕੰਮਲ ਕਰਨੀਆਂ ਪਈਆਂ ਹਨ। ਸਿੱਧੂ ਦੇ ਨੇੜਲੇ ਸੂਤਰਾਂ ਅਨੁਸਾਰ ਜੇਕਰ ਇਹ ਮਾਮਲਾ ਇੱਕ ਦੋ ਦਿਨਾਂ ਅੰਦਰ ਨਾ ਸੁਲਝਿਆ ਤਾਂ ਉਨ੍ਹਾਂ ਵੱਲੋਂ ਕੋਈ ਸਖਤ ਫੈਸਲਾ ਲਏ ਜਾਣ ਦੀ ਸੰਭਾਵਨਾ ਹੈ। ਇਸ ਦਾ ਕਾਰਨ ਇਹ ਮੰਨਿਆ ਜਾ ਰਿਹਾ ਹੈ, ਕਿ ਸੂਤਰਾਂ ਅਨੁਸਾਰ ਕਾਂਗਰਸ ਹਾਈ ਕਮਾਂਡ ਨੇ ਉਨ੍ਹਾਂ ਨੂੰ ਸਲਾਹ ਦਿੱਤੀ ਹੈ ਕਿ ਸਿਆਸਤ ਵਿੱਚ ਇਹੋ ਜਿਹੇ ਦੌਰ ਆਉਣਾ ਸੁਭਾਵਿਕ ਹੈ, ਇਸ ਲਈ ਉਹ ਨਵੇਂ ਮਹਿਕਮੇਂ ਦਾ ਚਾਰਜ ਜਰੂਰ ਸੰਭਾਲਣ।

ਦਿੱਲੀ ‘ਚ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਇਸ ਮੁਲਾਕਾਤ ਦੀ ਜਾਣਕਾਰੀ ਟਵੀਟਰ ‘ਤੇ ਵੀ ਪਾਈ ਸੀ ਤੇ ਉਸ ਵੇਲੇ ਇਹ ਮੰਨਿਆ ਜਾ ਰਿਹਾ ਸੀ, ਕਿ ਨਵਜੋਤ ਸਿੰਘ ਸਿੱਧੂ ਲੰਘੇ ਮੰਗਲਵਾਰ ਨੂੰ ਬਿਜਲੀ ਮਹਿਕਮੇਂ ਦਾ ਚਾਰਜ ਸੰਭਾਲ ਲੈਣਗੇ, ਪਰ ਅਜਿਹਾ ਨਾ ਹੋਣ ਤੋਂ ਬਾਅਦ ਹੁਣ ਇਨ੍ਹਾਂ ਚਰਚਾਵਾਂ ਦਾ ਬਾਜ਼ਾਰ ਗਰਮ ਹੈ ਕਿ ਨਵਜੋਤ ਸਿੰਘ ਸਿੱਧੂ ਬਹੁਤ ਜਲਦ ਵਜ਼ਾਰਤ ਵਿੱਚੋਂ ਅਸਤੀਫਾ ਦੇ ਸਕਦੇ ਹਨ।

ਦੱਸ ਦਈਏ ਕਿ ਲੋਕ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਅਖੀਰਲੇ ਦਿਨ ਨਵਜੋਤ ਸਿੰਘ ਸਿੱਧੂ ਨੇ ਬਠਿੰਡਾ ਰੈਲੀ ‘ਚ ਸ਼ਰੇਆਮ ਅਜਿਹਾ ਭਾਸ਼ਣ ਦਿੱਤਾ ਸੀ, ਜਿਸ ਦਾ ਸਿੱਧਾ ਇਸ਼ਾਰਾ ਕੈਪਟਨ ਅਮਰਿੰਦਰ ਸਿੰਘ ਦੀ ਬਾਦਲ ਪਰਿਵਾਰ ਨਾਲ ਸਾਂਝ ਵੱਲ ਜਾਂਦਾ ਮੰਨਿਆ ਗਿਆ ਸੀ। ਇਸ ਤੋਂ ਬਾਅਦ ਮੁੱਖ ਮੰਤਰੀ ਨੇ ਚੋਣਾਂ ਵਾਲੇ ਦਿਨ ਇਹ ਬਿਆਨ ਦਿੱਤਾ ਸੀ ਕਿ ਨਵਜੋਤ ਸਿੰਘ ਸਿੱਧੂ ਨੇ ਇਹ ਬਿਆਨ ਦੇ ਕੇ ਠੀਕ ਨਹੀਂ ਕੀਤਾ ਹੈ।

ਇੱਥੋਂ ਤੱਕ ਕਿ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਕੈਪਟਨ ਨੇ ਕਹਿ ਦਿੱਤਾ ਸੀ ਕਿ ਸੂਬੇ ਦੇ ਸ਼ਹਿਰਾਂ ‘ਚ ਕਾਂਗਰਸ ਪਾਰਟੀ ਦੀ ਕਾਰਗੁਜ਼ਾਰੀ ਇਸ ਲਈ ਮਾੜੀ ਰਹੀ ਹੈ ਕਿਉਂਕਿ ਨਵਜੋਤ ਸਿੰਘ ਸਿੱਧੂ ਦੇ ਸਥਾਨਕ ਸਰਕਾਰਾਂ ਵਿਭਾਗ ਦੀ ਕਾਰਗੁਜ਼ਾਰੀ ਲੰਘੇ ਸਮੇਂ ਦੌਰਾਨ ਠੀਕ ਨਹੀਂ ਰਹੀ। ਜਿਸ ਤੋਂ ਬਾਅਦ ਭਾਵੇਂ ਨਵਜੋਤ ਸਿੰਘ ਸਿੱਧੂ ਨੇ ਤੱਥਾਂ ਅਤੇ ਸਬੂਤਾਂ ਦੇ ਅਧਾਰ ‘ਤੇ ਪੱਤਰਕਾਰ ਸੰਮੇਲਨ ਕਰਕੇ ਲੱਖ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਉਨ੍ਹਾਂ ‘ਤੇ ਲਾਏ ਗਏ ਦੋਸ਼ ਝੂਠੇ ਤੇ ਗਲਤ ਹਨ ਪਰ ਇਸ ਦੇ ਬਾਵਜੂਦ ਕੈਪਟਨ ਨੇ ਉਨ੍ਹਾਂ ਦੀ ਇੱਕ ਨਹੀਂ ਸੁਣੀ ਤੇ ਇੱਕ ਝਟਕੇ ਵਿੱਚ ਹੀ ਨਵਜੋਤ ਸਿੰਘ ਸਿੱਧੂ ਦਾ ਸਥਾਨਕ ਸਰਕਾਰਾਂ ਵਿਭਾਗ ਖੋਹ ਲਿਆ ਗਿਆ। ਹੁਣ ਭਾਵੇਂ ਉਨ੍ਹਾਂ ਨੂੰ ਬਿਜਲੀ ਅਤੇ ਨਵਿਆਉਣਯੋਗ ਊਰਜਾ ਮਹਿਕਮਾਂ ਦਿੱਤਾ ਗਿਆ ਹੈ, ਪਰ ਸੂਤਰਾਂ ਅਨੁਸਾਰ ਨਵਜੋਤ ਸਿੰਘ ਸਿੱਧੂ ਸਥਾਨਕ ਸਰਕਾਰਾਂ ਵਿਭਾਗ ਹੀ ਵਾਪਸ ਲੈਣ ਲਈ ਅੜੇ ਹੋਏ ਹਨ, ਤੇ ਸ਼ਾਇਦ ਇਹੋ ਕਾਰਨ ਹੈ ਕਿ ਉਨ੍ਹਾਂ ਨੇ ਅਜੇ ਤੱਕ ਬਿਜਲੀ ਮਹਿਕਮੇਂ ਦਾ ਚਾਰਜ ਨਹੀਂ ਸੰਭਾਲਿਆ ਹੈ। ਅਜਿਹੇ ਵਿੱਚ ਆਉਂਦੇ ਕੁਝ ਦਿਨਾਂ ਅੰਦਰ ਜੇਕਰ ਸਿੱਧੂ ਕੋਈ ਵੱਡਾ ਸਿਆਸੀ ਧਮਾਕਾ ਕਰ ਦੇਣ ਤਾਂ ਕਿਸੇ ਨੂੰ ਕੋਈ ਹੈਰਾਨੀ ਨਹੀਂ ਹੋਣੀ ਚਾਹੀਦੀ ਕਿਉਂਕਿ ਇਹ ਸਿੱਧੂ ਦਾ ਹੀ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੇ ਪਿਤਾ ਵੱਲੋਂ ਦਿੱਤੇ ਗਏ ਸਿੱਧੂ ਨਾਂ ਨੂੰ ਦਾਗ ਨਹੀਂ ਲੱਗਣ ਦੇਣਾ ਫਿਰ ਭਾਵੇਂ ਇਸ ਲਈ ਉਨ੍ਹਾਂ ਨੂੰ ਕੋਈ ਵੱਡਾ ਫੈਸਲਾ ਹੀ ਕਿਉਂ ਨਾ ਲੈਣਾ ਪਵੇ, ਪਹਿਲਾਂ ਵੀ ਵਜ਼ਾਰਤਾਂ ਛੱਡਦੇ ਆਏ ਹਾਂ ਤੇ ਹੁਣ ਵੀ ਉਨ੍ਹਾਂ ਨੂੰ ਸੱਤਾ ਦਾ ਕੋਈ ਲਾਲਚ ਨਹੀਂ ਹੈ।

- Advertisement -

Share this Article
Leave a comment