ਬੀਜੇਪੀ ‘ਚ 75 ਸਾਲ ਤੋਂ ਵੱਧ ਬਜ਼ੁਰਗਾਂ ਲਈ ਸਿਆਸਤ ਦੇ ਦਰਵਾਜੇ ਬੰਦ, ਪਾਰਟੀ ਨਹੀਂ ਦੇਵੇਗੀ ਟਿਕਟਾਂ : ਅਮਿਤ ਸ਼ਾਹ

TeamGlobalPunjab
2 Min Read

ਨਵੀਂ ਦਿੱਲੀ : ਟਿਕਟਾਂ ਦੀ ਵੰਡ ਮੌਕੇ ਭਾਜਪਾ ਵਲੋਂ ਇਸ ਵਾਰ ਜਦੋਂ ਲਾਲ ਕ੍ਰਿਸ਼ਨ ਅਡਵਾਨੀ ਵਰਗੇ ਬਜ਼ੁਰਗ ਸਿਆਸਤਦਾਨਾਂ ਨੂੰ ਟਿਕਟਾਂ ਨਹੀਂ ਦਿੱਤੀਆਂ ਗਈਆਂ ਸਨ ਤਾਂ ਇਨ੍ਹਾਂ ਸਿਆਸਤਦਾਨਾਂ ਨੂੰ ਦਿਲੋਂ ਪਿਆਰ ਕਾਰਨ ਵਾਲੇ ਲੋਕਾਂ ਨੇ ਭਾਜਪਾ ਹਾਈਕਮਾਂਡ ਦੇ ਇਸ ਫੈਸਲੇ ਦੀ ਦੱਬ ਕੇ ਨਿੰਦਾ ਕੀਤੀ ਸੀ। ਇਸ ਦੌਰਾਨ ਜਦੋਂ ਪਾਰਟੀ ਨੇ ਟਿਕਟਾਂ ਦੀ ਵੰਡ ਕਰਨੀ ਸੀ ਤਾਂ ਇੰਦੌਰ ਤੋਂ ਪਿਛਲੇ ਲਗਾਤਾਰ 30 ਸਾਲਾਂ ਦੌਰਾਨ ਭਾਜਪਾ ਵਲੋਂ ਚੋਣ ਜਿੱਤਦੀ ਆ ਰਹੀ ਮੌਜੂਦਾ ਲੋਕ ਸਭਾ ਸਪੀਕਰ ਸੁਮਿੱਤਰਾ ਮਹਾਜਨ ਨੇ ਪਹਿਲਾਂ ਹੀ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ। ਉਸ ਵੇਲੇ ਸੁਮਿੱਤਰਾ ਮਹਾਜਨ ਦਾ ਇਹ ਕਹਿਣਾ ਸੀ ਕਿ ਪਾਰਟੀ ਹਾਈਕਮਾਂਡ ਇਸ ਦੋਚਿੱਤੀ ‘ਚ ਹੈ ਕਿ ਉਹ ਮੈਨੂੰ ( ਸੁਮਿੱਤਰਾ ਮਹਾਜਨ ) ਟਿਕਟ ਦੇਵੇ ਕੇ ਨਾ। ਲਿਹਾਜਾ ਉਹ ਆਪ ਹੀ ਚੋਣ ਲੜਨ ਤੋਂ ਇਨਕਾਰ ਕਰਦੇ ਹਨ।  ਉਸ ਵੇਲੇ ਸੁਮਿੱਤਰਾ ਮਹਾਜਨ ਦੇ ਚੋਣ ਨਾ ਲੜਨ ਦੀ ਵਜ੍ਹਾ ਭਾਂਵੇ ਲੋਕਾਂ ਨੂੰ ਸਮਝ ਨਾ ਆਈ ਹੋਵੇ, ਪਰ ਹੁਣ ਬੀਜੇਪੀ ਪ੍ਰਧਾਨ ਅਮਿਤ ਸ਼ਾਹ ਦੇ ਇਸ ਬਿਆਨ ਨਾਲ ਸਾਰਾ ਮਾਮਲਾ ਸਾਫ ਹੋ ਗਿਆ ਹੈ, ਕਿ ਭਾਜਪਾ ਅੱਗੇ ਤੋਂ ਪਾਰਟੀ ਦੇ ਕਿਸੇ ਵੀ ਅਜਿਹੇ ਬਜ਼ੁਰਗ ਆਗੂ ਨੂੰ ਟਿਕਟ ਨਹੀਂ ਦੇਵੇਗੀ, ਜਿਸਦੀ ਉਮਰ 75 ਸਾਲ ਤੋਂ ਵੱਧ ਹੋਵੇ, ਤੇ ਸੁਮਿੱਤਰਾ ਮਹਾਜਨ ਦੀ ਉਮਰ 12 ਅਪ੍ਰੈਲ ਨੂੰ 76 ਸਾਲ ਦੀ ਹੋ ਜਾਵੇਗੀ ।

ਇਸ ਸਬੰਧ ‘ਚ ਜਿੱਥੇ ਅਮਿਤ ਸ਼ਾਹ ਦਾ ਇਹ ਕਹਿਣਾ ਹੈ ਕਿ 75 ਸਾਲ ਤੋਂ ਵੱਧ ਉਮਰ ਦੇ ਬਜ਼ੁਰਗ ਸਿਆਸਤਦਾਨਾਂ ਨੂੰ ਟਿਕਟ ਨਾ ਦੇਣ ਦਾ ਫੈਸਲਾ ਪਾਰਟੀ ਦਾ ਹੈ, ਉਥੇ ਸੁਮਿੱਤਰਾ ਮਹਾਜਨ ਨੇ ਪਾਰਟੀ ਦੇ ਇਸ ਫੈਸਲੇ ਦਾ ਇਹ ਕਹਿੰਦਿਆਂ ਵਿਰੋਧ ਕੀਤਾ ਹੈ ਕਿ ਸਿਆਸਤਦਾਨਾਂ ਦੀ ਤੁਲਨਾ ਉਨ੍ਹਾਂ ਨੌਕਰੀਪੇਸ਼ਾ ਲੋਕਾਂ ਨਾਲ ਨਹੀਂ ਕੀਤੀ ਜਾ ਸਕਦੀ, ਜਿਨ੍ਹਾਂ ਨੇ ਇੱਕ ਨਿਸ਼ਚਿਤ ਉਮਰ ਤੋਂ ਬਾਅਦ ਸੇਵਾ ਮੁਕਤ ਹੋਣਾ ਹੁੰਦਾ ਹੈ। ਸੁਮਿੱਤਰਾ ਅਨੁਸਾਰ ਨੌਕਰੀਪੇਸ਼ਾ ਲੋਕਾਂ ਦੀ ਸੇਵਾ ਮੁਕਤੀ ਦੀ ਉਮਰ ਪਹਿਲਾਂ ਹੀ ਤੈਅ ਹੁੰਦੀ ਹੈ, ਪਰ ਸਿਆਸਤਦਾਨਾਂ ਤੇ ਇਹ ਫਾਰਮੂਲਾ ਇਸ ਲਈ ਲਾਗੂ ਨਹੀਂ ਹੁੰਦਾ ਕਿਉਂਕਿ ਸਿਆਸਤਦਾਨ ਲੋਕਾਂ ਦੀ ਸੇਵਾ ‘ਚ ਲੱਗਿਆ ਨਾ ਘੜੀ ਦੇਖ ਕੇ ਕੰਮ ਕਰਦਾ ਹੈ, ਤੇ ਨਾ ਉਮਰ ਦੇਖ ਕੇ।  ਉਨ੍ਹਾਂ ਤਰਕ ਦਿੱਤਾ ਕਿ ਮੋਰਾਰਜੀ ਦੇਸਾਈ 81 ਸਾਲ ਦੀ ਉਮਰੇ ਪ੍ਰਧਾਨ ਮੰਤਰੀ ਬਣੇ ਸਨ, ਤੇ ਉਨ੍ਹਾਂ ਨੂੰ ਸਾਰੇ ਦੇਸ਼ ਨੇ ਆਪਣਾ ਨੇਤਾ ਚੁਣਿਆ ਸੀ।

 

 

- Advertisement -

Share this Article
Leave a comment