ਫਿਰੋਜ਼ਪੁਰ ਤੋਂ ਭੈਣ ਜੀ ਨਹੀਂ ਜੀਜਾ ਜੀ ਨੂੰ ਚੋਣ ਲੜਾਉਣ ਦੇ ਇਛੁੱਕ ਨੇ ਮਜੀਠੀਆ

Prabhjot Kaur
4 Min Read

ਗੁਰੂਹਰਸਹਾਇ : ਪੰਜਾਬ ਵਿੱਚ ਬੇਅਦਬੀ ਅਤੇ ਗੋਲੀ ਕਾਂਡ ਦੀਆਂ ਘਟਨਾਵਾਂ ਦੇ ਦੋਸ਼ਾਂ ਵਿੱਚ ਘਿਰਿਆ ਹੋਇਆ ਸ਼੍ਰੋਮਣੀ ਅਕਾਲੀ ਦਲ ਮੌਜੂਦਾ ਚੋਣਾਂ ਦੌਰਾਨ ਜਿੱਤ ਹਾਸਲ ਕਰਨ ਲਈ ਹਰ ਕਦਮ ਫੂਕ ਮਾਰ ਕੇ ਰੱਖ ਰਿਹਾ ਹੈ। 2017 ਵਿਧਾਨ ਸਭਾ ਚੋਣਾਂ ਦੌਰਾਨ ਮਿਲੀ ਹਾਰ, ਉਸ ਤੋਂ ਬਾਅਦ ਜਸਟਿਸ ਰਣਜੀਤ ਸਿੰਘ ਕਮੀਸ਼ਨ ਦੀ ਰਿਪੋਰਟ ਆਉਣਾ ਤੇ ਉਸ ਤੋਂ ਵੀ ਬਾਅਦ ਵਿਧਾਨ ਸਭਾ ‘ਚ ਉਸ ਗੱਲ ਦਾ ਰੌਲਾ ਪੈਣਾ, ਸੂਬੇ ਦੇ ਲੋਕਾਂ ‘ਤੇ ਇੰਨਾ ਅਸਰ ਕਰ ਗਿਆ ਸੀ ਕਿ ਜਗ੍ਹਾ ਜਗ੍ਹਾ ਬਾਦਲਾਂ, ਸ਼੍ਰੋਮਣੀ ਕਮੇਟੀ ਪ੍ਰਧਾਨ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਿਰੁੱਧ ਰੋਸ ਪ੍ਰਦਰਸ਼ਨ ਹੋਏ। ਸਿਆਸੀ ਮਾਹਰਾਂ ਅਨੁਸਾਰ ਇਨ੍ਹਾਂ ਘਟਨਾਵਾਂ ਨੇ ਸੂਬੇ ਅੰਦਰ ਅਕਾਲੀ ਦਲ ਦੇ ਗ੍ਰਾਫ ਨੂੰ ਪਹਿਲਾਂ ਨਾਲੋਂ ਵੀ ਥੱਲੇ ਡੇਗ ਦਿੱਤਾ ਹੈ, ਤੇ ਸ਼ਾਇਦ ਇਹੋ ਕਾਰਨ ਹੈ ਕਿ ਅਕਾਲੀਆਂ ਨੂੰ ਵੀ ਇਸ ਗੱਲ ਦਾ ਡਰ ਹੈ ਕਿ ਇਸ ਵਾਰ ਦੀਆਂ ਚੋਣਾਂ ਵਿੱਚ ਮੁਕਬਲਾ ਸੌਖਾ ਨਹੀਂ ਹੈ। ਹਲਾਤ ਇਹ ਹਨ ਕਿ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੇ ਵੀ 15 ਸਾਲ ਬਾਅਦ ਮੁੜ ਕੇਂਦਰ ਦੀ ਰਾਜਨੀਤੀ ਵਿੱਚ ਸਰਗਰਮ ਹੋਣ ਲਈ ਲੋਕ ਸਭਾ ਚੋਣ ਲੜਨ ਦੇ ਦਾਅਵੇ ਕੀਤੇ ਜਾ ਰਹੇ ਹਨ। ਬੀਤੇ ਦਿਨੀਂ ਇੱਥੋਂ ਦੇ ਇੱਕ ਅਕਾਲੀ ਆਗੂ ਵਰਦੇਵ ਸਿੰਘ ਨੋਨੀਮਾਨ ਦੇ ਘਰ ਆਏ ਬਿਕਰਮ ਸਿੰਘ ਮਜੀਠੀਆ ਦੀਆਂ ਗੱਲਾਂ ਤੋਂ ਤਾਂ ਇਹ ਸਾਫ ਹੀ ਹੋ ਗਿਆ ਕਿ ਛੋਟੇ ਬਾਦਲ ਇੱਥੋਂ ਬਹੁਤ ਜਲਦ ਚੋਣ ਮੈਦਾਨ ਵਿੱਚ ਕੁੱਦਣ ਵਾਲੇ ਹਨ। ਅਜਿਹਾ ਇਸ ਲਈ ਵੀ ਕਿਹਾ ਜਾ ਰਿਹਾ ਹੈ ਕਿਉਂਕਿ ਜਿਉਂ ਹੀ ਅਕਾਲੀ ਵਰਕਰਾਂ ਨੇ ਮਜੀਠੀਆ ਨੂੰ ਹਰਸਿਮਰਤ ਕੌਰ ਬਾਦਲ ਨੂੰ ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਚੋਣ ਲੜਾਉਣ ਦੀ ਬੇਨਤੀ ਕੀਤੀ, ਤਾਂ ਮਜੀਠੀਆ ਨੇ ਉਨ੍ਹਾਂ ਦੀ ਰਾਏ ਜਾਣਨ ਲਈ ਕਹਿ ਦਿੱਤਾ ਕਿ , “ ਭੈਣ ਜੀ ਤਾਂ ਨਹੀਂ, ਜੇ ਜੀਜਾ ਜੀ ਨੂੰ ਇੱਥੋਂ ਚੋਣ ਲੜਾ ਲਈ ਜਾਵੇ ਤਾਂ ਕਿਵੇਂ ਰਹੂ?” ਮਜੀਠੀਆ ਦਾ ਭਾਵ ਹਰਸਿਮਰਤ ਦੀ ਬਜਾਏ ਸੁਖਬੀਰ ਬਾਦਲ ਨੂੰ ਫਿਰੋਜ਼ਪੁਰ ਤੋਂ ਚੋਣ ਲੜਾਉਣ ਤੋਂ ਸੀ।

ਸਿਆਸੀ ਮਾਹਰਾਂ ਅਨੁਸਾਰ ਸੁਖਬੀਰ ਬਾਦਲ ਇੱਥੋਂ ਚੋਣ ਲੜਨ ਦੇ ਇਛੁੱਕ ਇਸ ਲਈ ਵੀ ਦੱਸੇ ਜਾਂਦੇ ਹਨ ਕਿਉਂਕਿ ਇਸ ਹਲਕੇ ਦੇ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਭਾਵੇਂ ਕਿ ਇੱਥੋਂ 2 ਵਾਰ ਲੋਕ ਸਭਾ ਚੋਣਾਂ ਜਿੱਤ ਚੁਕੇ ਹਨ, ਪਰ ਇਸ ਦੇ ਬਾਵਜੂਦ ਪਿਛਲੇ ਲੰਮੇ ਸਮੇਂ ਤੋਂ ਉਨ੍ਹਾਂ ਨੇ ਅਕਾਲੀ ਦਲ ਦੇ ਵਿਰੁੱਧ ਬਗਾਵਤ ਦਾ ਝੰਡਾ ਚੁਕ ਰੱਖਿਆ ਸੀ, ਤੇ ਚੋਣ ਦੇ ਐਨ ਮੌਕੇ ‘ਤੇ ਘੁਬਾਇਆ ਨੇ ਅਕਾਲੀ ਦਲ ਛੱਡ ਕੇ ਕਾਂਗਰਸ ਪਾਰਟੀ ਦਾ ਪੱਲਾ ਫੜ ਲਿਆ ਸੀ, ਜਿਸ ਤੋਂ ਬਾਅਦ ਰਾਏ ਸਿੱਖ ਬਰਾਦਰੀ ਨਾਲ ਸਬੰਧਤ ਜਿਨ੍ਹਾਂ ਲੋਕਾਂ ਦੇ ਦਮ ‘ਤੇ ਘੁਬਾਇਆ ਚੋਣ ਜਿੱਤਦੇ ਆ ਰਹੇ ਸਨ ਉਨ੍ਹਾਂ ਨੂੰ ਆਪਣੇ ਵੱਲ ਖਿੱਚਣ ਦੇ ਉਪਰਾਲਿਆਂ ਤਹਿਤ ਅਕਾਲੀ ਦਲ ਵੱਲੋਂ ਰਾਏ ਸਿੱਖ ਬਰਾਦਰੀ ਦੇ ਵੱਡੇ ਆਗੂਆਂ ਨੂੰ ਸਟੇਜ਼ਾਂ ਤੋਂ ਸਤਿਕਾਰ ਦਿੱਤਾ ਜਾਣ ਲੱਗ ਪਿਆ ਤੇ ਜਿਉਂ ਹੀ ਘੁਬਾਇਆ ਕਾਂਗਰਸ ‘ਚ ਗਏ ਰਾਏ ਸਿੱਖ ਬਰਾਦਰੀ ਦੇ ਆਗੂਆਂ ਨੇ ਤੁਰੰਤ ਪੱਤਰਕਾਰ ਸੰਮੇਲਨ ਕਰਕੇ ਵੱਖ ਵੱਖ ਸ਼ਹਿਰਾਂ ਵਿੱਚ ਘੁਬਾਇਆ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ।

ਸੁਖਬੀਰ ਬਾਦਲ ਇੱਥੋਂ ਚੋਣ ਲੜਨ ਇਸ ਲਈ ਵੀ ਇਛੁੱਕ ਲਗਦੇ ਹਨ ਕਿਉਂਕਿ ਬਠਿੰਡਾ ਲੋਕ ਸਭਾ ਹਲਕਾ ਅਕਾਲੀਆਂ ਲਈ ਇੱਜ਼ਤ ਦਾ ਸਵਾਲ ਬਣਿਆ ਹੋਇਆ ਹੈ ਤੇ ਉੱਥੋਂ ਹਰਸਿਮਰਤ ਬਾਦਲ ਨੂੰ ਚੋਣ ਲੜਵਾਉਣਾ ਅਕਾਲੀ ਦਲ ਦੀ ਮਜ਼ਬੂਰੀ ਸਮਝਿਆ ਜਾ ਰਿਹਾ ਹੈ। ਜਦਕਿ ਅਕਾਲੀਆਂ ਵੱਲੋਂ ਕਰਵਾਏ ਗਏ ਸਰਵੇਖਣ ਵਿੱਚ ਇਹ ਦਾਅਵਾ ਕੀਤਾ ਗਿਆ ਹੈ ਕਿ ਬਠਿੰਡਾ ਨਾਲੋਂ ਫਿਰੋਜ਼ਪੁਰ ਸੀਟ ‘ਤੇ ਅਕਾਲੀ ਵੱਧ ਮਜ਼ਬੂਤ ਹਨ। ਪਰ ਇਸ ਦੇ ਬਾਵਜੂਦ ਜੇਕਰ ਇੱਥੋਂ ਕਿਸੇ ਹੋਰ ਉਮੀਦਵਾਰ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਜਾਂਦਾ ਹੈ ਤਾਂ ਟੱਕਰ ਫਸਵੀਂ ਹੋ ਸਕਦੀ ਸੀ। ਇਹੋ ਕਾਰਨ ਹੈ ਕਿ ਅਕਾਲੀ ਦਲ ਇਸ ਸੀਟ ਤੋਂ ਕੋਈ ਚਾਂਸ ਨਾ ਲੈਂਦਿਆਂ ਸੁਖਬੀਰ ਬਾਦਲ ਨੂੰ ਚੋਣ ਮੈਦਾਨ ਵਿੱਚ ਉਤਾਰਨ ਜਾ ਰਿਹਾ ਹੈ ਤਾਂ ਕਿ ਨਾ ਸਿਰਫ ਵਰਕਰਾਂ ਵਿੱਚ ਨਵੀਂ ਜਾਨ ਫੂਕੀ ਜਾ ਸਕੇ, ਬਲਕਿ ਕੁਝ ਸੀਟਾਂ ਜਿੱਤ ਕੇ ਪੰਜਾਬ ਵਿੱਚ ਅਕਾਲੀ ਆਪਣੀ ਹੋਂਦ ਨੂੰ ਵੀ ਬਰਕਰਾਰ ਰੱਖ ਸਕਣ।

 

- Advertisement -

Share this Article
Leave a comment