ਚੋਣਾਂ ਮੌਕੇ ਪਰਮਿੰਦਰ ਢੀਂਡਸਾ ਨੇ ਡੇਰਾ ਮੁਖੀ ‘ਤੇ ਦਿੱਤਾ ਵੱਡਾ ਬਿਆਨ, ਪਾਈ ਬਾਦਲਾਂ ਨੂੰ ਮੁਸੀਬਤ

Prabhjot Kaur
3 Min Read

ਕਿਹਾ ਰਾਮ ਰਹੀਮ ਨੂੰ ਮਾਫੀ ਦੇਣਾ ਅਕਾਲੀ ਦਲ ਦਾ ਗਲਤ ਫੈਸਲਾ ਸੀ

ਅੰਮ੍ਰਿਤਸਰ : ਚੋਣਾਂ ਦੇ ਇਸ ਮਾਹੌਲ ਵਿੱਚ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਤੋਂ ਪੰਜ ਵਾਰ ਵਿਧਾਇਕ ਚੁਣੇ ਜਾ ਚੁੱਕੇ ਸੀਨੀਅਰ ਅਕਾਲੀ ਆਗੂ ਪਰਮਿੰਦਰ ਸਿੰਘ ਢੀਂਡਸਾ ਨੇ ਇਹ ਕਹਿ ਕੇ ਬਾਦਲਾਂ ਨੂੰ ਮੁਸੀਬਤ ਵਿੱਚ ਪਾ ਦਿੱਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਡੇਰਾ ਮੁਖੀ ਨੂੰ ਮਾਫੀ ਦੇਣ ਦਾ ਫੈਸਲਾ ਗਲਤ ਸੀ। ਉਨ੍ਹਾਂ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਹੁਣ ਤੱਕ ਕੋਈ ਵੀ ਅਜਿਹੀ ਸਰਕਾਰ ਨਹੀਂ ਆਈ ਜਿਸ ਕੋਲੋਂ ਕੋਈ ਗਲਤ ਫੈਸਲਾ ਨਾ ਹੋਇਆ ਹੋਵੇ। ਲਿਹਾਜਾ ਇਸ ਮਸਲੇ ‘ਤੇ ਵਾਰ ਵਾਰ ਬਹਿਸ ਕਰਨੀ ਠੀਕ ਨਹੀਂ ਹੋਵੇਗੀ। ਛੋਟੇ ਢੀਂਡਸਾ ਇੱਥੇ ਅੰਮ੍ਰਿਤਸਰ ਵਿੱਚ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।

ਇੱਕ ਸਵਾਲ ਦੇ ਜਵਾਬ ਵਿੱਚ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਬੇਸ਼ੱਕ ਸ਼੍ਰੋਮਣੀ ਅਕਾਲੀ ਦਲ ਦਾ ਇਹ ਫੈਸਲਾ ਹੈ ਕਿ ਡੇਰੇ ਤੋਂ ਵੋਟ ਨਹੀਂ ਮੰਗੀ ਜਾਵੇਗੀ, ਪਰ ਉਹ ਇੰਨਾ ਜਰੂਰ ਕਹਿਣਗੇ ਕਿ ਸਿਆਸੀ ਬੰਦਾ ਹਰ ਧਰਮ ਨੂੰ ਮੰਨਣ ਵਾਲੇ ਵਿਅਕਤੀ ਕੋਲ ਵੋਟ ਮੰਗਣ ਜਾਂਦਾ ਹੈ, ਤੇ ਨਿੱਜੀ ਤੌਰ ‘ਤੇ ਹਰ ਵਿਅਕਤੀ ਕੋਲ ਜਾਣ ਦੀ ਉਨ੍ਹਾਂ ਦੀ ਜਿੰਮੇਵਾਰੀ ਵੀ ਬਣਦੀ ਹੈ। ਪਰ ਜਿੱਥੋਂ ਤੱਕ ਡੇਰੇ ਦੀ ਗੱਲ ਹੈ ਸ਼੍ਰੋਮਣੀ ਅਕਾਲੀ ਦਲ ਦਾ ਸਟੈਂਡ ਹੈ ਕਿ ਉੱਥੇ ਵੋਟਾਂ ਮੰਗਣ ਨਹੀਂ ਜਾਣਾ ਹੈ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਇੱਕ ਗੱਲ ਇਹ ਵੀ ਹੈ ਕਿ ਜਦੋਂ ਉਹ ਘਰ ਘਰ ਵੋਟਾਂ ਮੰਗਣ ਜਾਣਗੇ ਤਾਂ ਉਦੋਂ ਅਮੀਰ – ਗਰੀਬ ਹਰ ਧਰਮ ਨਾਲ ਸਬੰਧਤ ਵਿਅਕਤੀਆਂ ਤੋਂ ਵੋਟ ਮੰਗੀ ਜਾਵੇਗੀ।

ਸਾਬਕਾ ਵਿੱਤ ਮੰਤਰੀ ਅਨੁਸਾਰ ਬੇਅਦਬੀ ਕਾਂਡ ਤੋਂ ਬਾਅਦ ਬਹਿਬਲ ਕਲਾਂ ਤੇ ਕੋਟਕਪੁਰਾ ‘ਚ ਵਾਪਰੇ ਗੋਲੀ ਕਾਂਡ ਦਾ ਸੱਚ ਹੌਲੀ ਹੌਲੀ ਲੋਕਾਂ ਸਾਹਮਣੇ ਆਉਂਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਤੇ ਹੋਰ ਵਿਰੋਧੀਆਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਬਥੇਰਾ ਕੂੜ ਪ੍ਰਚਾਰ ਕੀਤਾ ਹੈ, ਪਰ ਜਿਸ ਢੰਗ ਨਾਲ ਇਨ੍ਹਾਂ ਮਾਮਲਿਆਂ ਦੀ ਜਾਂਚ ਨੂੰ ਸਿਆਸੀ ਰੰਗਤ ਦਿੱਤੀ ਜਾ ਰਹੀ ਹੈ, ਉਸ ਤੋਂ ਬਾਅਦ ਸੱਚ ਆਪਣੇ ਆਪ ਪੰਜਾਬੀਆਂ ਦੇ ਸਾਹਮਣੇ ਆ ਗਿਆ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੂੰ ਮਾਨਤਾ ਨਹੀਂ ਦਿੱਤੀ ਸੀ, ਪਰ ਮੌਜੂਦਾ ਐਸਆਈਟੀ ਦੇ ਸਾਹਮਣੇ ਸੁਖਬੀਰ ਸਿੰਘ ਬਾਦਲ ਅਤੇ ਪ੍ਰਕਾਸ਼ ਸਿੰਘ ਬਾਦਲ ਦੋਵੇਂ ਪੇਸ਼ ਹੋ ਕੇ ਆਪਣਾ ਪੱਖ ਰੱਖ ਚੁੱਕੇ ਹਨ। ਸੰਗਰੂਰ ਤੋਂ ਪਾਰਟੀ ਦੀ ਟਿਕਟ ‘ਤੇ ਲੋਕ ਸਭਾ ਚੋਣ ਲੜਨ ਸਬੰਧੀ ਪਰਮਿੰਦਰ ਢੀਂਡਸਾ ਨੇ ਕਿਹਾ ਕਿ ਉਹ ਇਹ ਸਪੱਸ਼ਟ ਕਰ ਚੁੱਕੇ ਹਨ ਕਿ ਚੋਣ ਨਹੀਂ ਲੜਨਗੇ ਪਰ ਜੇਕਰ ਪਾਰਟੀ ਹੁਕਮ ਕਰੇਗੀ ਤਾਂ ਉਹ ਮਨ੍ਹਾਂ ਨਹੀਂ ਕਰਨਗੇ।

- Advertisement -

 

Share this Article
Leave a comment