ਜਲੰਧਰ : ਪੰਜਾਬ ਏਕਤਾ ਪਾਰਟੀ ਦੇ ਅਡਹਾਕ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਹੈ ਕਿ ਜਸਟਿਸ ਜ਼ੋਰਾ ਸਿੰਘ ਹੀ ਉਹ ਇਨਸਾਨ ਹੈ ਜਿਸ ਨੇ ਬਾਦਲਾਂ ਦੇ ਕਹਿਣ ‘ਤੇ ਬੇਅਦਬੀ ਦੇ ਦੋਸ਼ੀਆਂ ਨੂੰ ਬਚਾਇਆ ਤੇ ਉਨ੍ਹਾਂ ਬੇਕਸੂਰ ਲੋਕਾਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦੇਣ ਵਾਲੇ ਪੁਲਿਸ ਅਧਿਕਾਰੀਆਂ ਦੇ ਖਿਲਾਫ ਕੁਝ ਨਹੀਂ ਕੀਤਾ ਜਿਹੜੇ ਉੱਥੇ ਬੇਅਦਬੀ ਕਾਂਡ ਦੇ ਦੋਸ਼ੀਆਂ ਖਿਲਾਫ ਕਾਰਵਾਈ ਕਰਵਾਉਣ ਲਈ ਇਨਸਾਫ ਦੀ ਮੰਗ ਕਰ ਰਹੇ ਸਨ।
ਸੁਖਪਾਲ ਖਹਿਰਾ ਨੇ ਕਿਹਾ ਕਿ ਉਸ ਵੇਲੇ ਜੇ ਦੋਸ਼ੀ ਪੁਲਿਸ ਅਤੇ ਹੋਰਾਂ ਖਿਲਾਫ ਕਾਰਵਾਈ ਦੀਆਂ ਸ਼ਿਫਾਰਸ਼ਾਂ ਨਹੀਂ ਕੀਤੀਆਂ ਗਈਆਂ ਤਾਂ ਉਸ ਪਿੱਛੇ ਜ਼ੋਰਾ ਸਿੰਘ ਦਾ ਹੱਥ ਸੀ ਜਿਨ੍ਹਾਂ ਨੇ ਬਾਦਲਾਂ ਦੇ ਕਹਿਣ ‘ਤੇ ਅਜਿਹਾ ਕੀਤਾ ਸੀ। ਖਹਿਰਾ ਨੇ ਦੋਸ਼ ਲਾਇਆ ਕਿ ਕੁਝ ਨੋਟਾਂ ਅਤੇ ਮੋਟਰ ਗੱਡੀਆਂ ਦੇ ਲਾਲਚ ਵਿੱਚ ਜ਼ੋਰਾ ਸਿੰਘ ਵਰਗੇ ਲੋਕਾਂ ਨੂੰ ਸਿਆਸਤਦਾਨਾਂ ਨੂੰ ਕਮਿਸ਼ਨਰਾਂ ਦੇ ਹੈੱਡ ਬਣਾ ਦਿੱਤਾ ਜਾਂਦਾ ਹੈ। ਖਹਿਰਾ ਨੇ ਸਾਬਕਾ ਜਸਟਿਸ ਜ਼ੋਰਾ ਸਿੰਘ ਨੂੰ ਮੌਕਾ ਪ੍ਰਸਤ ਕਰਾਰ ਦਿੰਦਿਆਂ ਜਲੰਧਰ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਮਝਦਾਰੀ ਤੋਂ ਕੰਮ ਲੈਣ ਤੇ ਜ਼ੋਰਾ ਸਿੰਘ ਨੂੰ ਵੋਟਾਂ ਨਾ ਪਾਉਣ।