ਸੰਗਰੂਰ: ਇੰਝ ਜਾਪਦਾ ਹੈ ਜਿਵੇਂ ਆਪ ਸੁਪਰੀਮੋਂ ਅਰਵਿੰਦ ਕੇਜਰੀਵਾਲ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਵੀ ਪੰਜਾਬ ਦੇ ਸਾਬਕਾ ਮੰਤਰੀ ਅਤੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਚਿੱਟਾ ਵੇਚਣ ਦੀਆਂ ਟਿੱਪਣੀਆਂ ਕਰਕੇ ਵਿਵਾਦਾਂ ਵਿੱਚ ਘਿਰਣ ਜਾ ਰਹੇ ਹਨ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਭਗਵੰਤ ਮਾਨ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਲੋਕ ਸਭਾ ਹਲਕਾ ਸੰਗਰੂਰ ਤੋਂ ਚੋਣ ਲੜਨ ਲਈ ਵੰਗਾਰਦਿਆਂ ਕਿਹਾ ਹੈ ਕਿ ਸੁਖਬੀਰ ਜਦੋਂ ਮਰਜ਼ੀ ਉਨ੍ਹਾਂ ਦੇ ਖਿਲਾਫ ਚੋਣ ਲੜ੍ਹ ਲੈਣ, ਪਰ ਉਨ੍ਹਾਂ (ਮਾਨ) ਦੀ ਸ਼ਰਤ ਇਹੋ ਹੈ ਕਿ ਛੋਟੇ ਬਾਦਲ ਆਪਣੇ ਨਾਲ ਬਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਨਾ ਆਉਣ, ਕਿਉਂਕਿ ਮਾਨ ਦਾ ਦੋਸ਼ ਹੈ ਕਿ ਬਿਕਰਮ ਮਜੀਠੀਆ ਸੰਗਰੂਰ ਆ ਕੇ ਚਿੱਟਾ ਵੇਚਣ ਲੱਗ ਪੈਣਗੇ, ਤੇ ਇੱਥੋਂ ਦੇ ਨੌਜਵਾਨਾਂ ਨੂੰ ਚਿੱਟੇ ਦੀ ਆਦਤ ਨਹੀਂ ਹੈ।
ਜ਼ਿਕਰਯੋਗ ਹੈ ਕਿ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ‘ਆਪ’ ਸੁਪਰੀਮੋਂ ਅਰਵਿੰਦ ਕੇਜਰੀਵਾਲ ਨੇ ਵੀ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਨਸ਼ਾ ਤਸਕਰੀ ਦੇ ਦੋਸ਼ ਲਾਏ ਸਨ, ਤੇ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਜੇਕਰ ਚੋਣਾਂ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਤਾਂ ਉਹ ਕੁਝ ਦਿਨਾਂ ‘ਚ ਹੀ ਬਿਕਰਮ ਮਜੀਠੀਆ ਨੂੰ ਚੁੱਕ ਕੇ ਜੇਲ੍ਹ ਵਿੱਚ ਤੁੰਨ੍ਹ ਦੇਣਗੇ। ਇਸ ਤੋਂ ਬਾਅਦ ‘ਆਪ’ ਦੀ ਸਰਕਾਰ ਤਾਂ ਨਹੀਂ ਬਣੀ ਪਰ ਬਿਕਰਮ ਸਿੰਘ ਮਜੀਠੀਆ ਨੇ ‘ਆਪ’ ਸੁਪਰੀਮੋਂ ਅਰਵਿੰਦ ਕੇਜਰੀਵਾਲ ਦੇ ਖਿਲਾਫ ਮਾਨਹਾਨੀ ਦਾ ਕੇਸ ਦਰਜ਼ ਕਰਵਾ ਦਿੱਤਾ। ਜਿਸ ਤੋਂ ਡਰ ਕੇ ਬਾਅਦ ਵਿੱਚ ਕੇਜਰੀਵਾਲ ਨੂੰ ਮਜੀਠੀਆ ਤੋਂ ਲਿਖਤੀ ਤੌਰ ‘ਤੇ ਮਾਫੀ ਮੰਗਣੀ ਪਈ। ਜਿਸ ਕਾਰਨ ਨਾ ਸਿਰਫ ‘ਆਪ’ ਦੀ ਪੰਜਾਬ ਵਿੱਚ ਬੇਹੱਦ ਕਿਰਕਿਰੀ ਹੋਏ ਤੇ ਪਾਰਟੀ ਦਾ ਸੂਬੇ ‘ਚ ਗ੍ਰਾਫ ਗਿਰਿਆ, ਬਲਕਿ ਇਸ ਤੋਂ ਬਾਅਦ ਪਾਰਟੀ ਦੇ ਵੱਡੇ ਵੱਡੇ ਆਗੂਆਂ ਨੇ ਅਸਤੀਫੇ ਦੇ ਕੇ ‘ਆਪ’ ਸੁਪਰੀਮੋਂ ਨੂੰ ਲੋਕਾਂ ਦੀ ਕਚਿਹਰੀ ਵਿੱਚ ਸਵਾਲਾਂ ਦੇ ਜਵਾਬ ਦੇਣ ਲਈ ਲਿਆ ਖੜ੍ਹਾ ਕੀਤਾ।
ਇੱਧਰ ਭਗਵੰਤ ਮਾਨ ਕਹਿੰਦੇ ਹਨ ਕਿ ਸੰਗਰੂਰ ਤੋਂ ਹਰ ਵਾਰ ਬਲੀ ਲੈਣ ਲਈ ਬਾਦਲ ਨੂੰ ਢੀਂਡਸਾ ਪਰਿਵਾਰ ਹੀ ਮਿਲਦਾ ਹੈ। ਇਸ ਵਾਰ ਉਨ੍ਹਾਂ ਨੇ ਸੁਖਬੀਰ ਨੂੰ ਸੰਗਰੂਰ ਤੋਂ ਚੋਣ ਲੜਨ ਲਈ ਵੰਗਾਰਿਆ ਹੈ। ਮਾਨ ਅਨੁਸਾਰ ਇੱਧਰੋਂ ਉਹ ਆਪ ਖੁਦ ਆਮ ਆਦਮੀ ਪਾਰਟੀ ਦੇ ਪ੍ਰਧਾਨ ਹਨ ਉੱਧਰੋਂ ਸੁਖਬੀਰ ਅਕਾਲੀ ਦਲ ਦੇ ਪ੍ਰਧਾਨ, ਇੰਝ ਦੋਨਾਂ ਪ੍ਰਧਾਨਾਂ ਦੀ ਆਪਸ ਵਿੱਚ ਟੱਕਰ ਹੋਣੀ ਚਾਹੀਦੀ ਹੈ।
ਇੱਥੇ ਇਹ ਵੀ ਦੱਸਣਯੋਗ ਹੈ ਕਿ ਲੋਕ ਸਭਾ ਹਲਕਾ ਸੰਗਰੂਰ ਤੋਂ ਪੰਜਾਬ ਜ਼ਮਹੂਰੀ ਗੱਠਜੋੜ ‘ਚ ਸ਼ਾਮਲ ਲੋਕ ਇਨਸਾਫ ਪਾਰਟੀ ਨੇ ਆਪਣਾ ਉਮੀਦਵਾਰ ਵਿਸ਼ਵ ਪ੍ਰਸਿੱਧ ਗਾਇਕ ਜੱਸੀ ਜਸਰਾਜ ਉਰਫ ਜੱਸੀ ਪਾਹਵੇ ਵਾਲਾ ਨੂੰ ਐਲਾਨਿਆ ਹੈ, ਤੇ ਜੇਕਰ ਭਗਵੰਤ ਮਾਨ ਦੀ ਵੰਗਾਰ ਸੁਣ ਕੇ ਸੁਖਬੀਰ ਬਾਦਲ ਵੀ ਇੱਥੋਂ ਚੋਣ ਮੈਦਾਨ ‘ਚ ਕੁੱਦ ਪਏ ਤਾਂ ਇਸ ਲੋਕ ਸਭਾ ਹਲਕੇ ਵਿੱਚ ਪੰਜਾਬ ਅੰਦਰ ਸਭ ਤੋਂ ਦਿਲਚਸਪ ਟੱਕਰ ਹੋਵੇਗੀ।