ਸਿੱਧੂ ਨੇ ਆਪਣੇ ਬਿਆਨ ‘ਤੇ ਮੰਗੀ ਮਾਫ਼ੀ, ਕਿਹਾ ਵਿਰੋਧੀਆਂ ਨੇ ਮੇਰਾ ਬਿਆਨ ਤੋੜ ਮਰੋੜ ਕੇ ਪੇਸ਼ ਕੀਤਾ, ਸਿੱਖ ਪੰਥ ‘ਚੋਂ ਛੇਕੇ ਜਾਣ ਦਾ ਸੀ ਡਰ

TeamGlobalPunjab
4 Min Read

ਖਡੂਰ ਸਾਹਿਬ : ਇੰਝ ਜਾਪਦਾ ਹੈ ਜਿਵੇਂ ਆਪ ਸੁਪਰੀਮੋਂ ਅਰਵਿੰਦ ਕੇਜਰੀਵਾਲ ਵੱਲੋਂ ਬਿਕਰਮ ਸਿੰਘ ਮਜੀਠੀਆ ਤੋਂ ਮੰਗੀ ਗਈ ਮਾਫੀ ਦੀ ਤੁਲਨਾ ਗੁਰੂ ਗੋਬਿੰਦ ਸਿੰਘ ਜੀ ਦੇ ਤਾੜੀ ਮਾਰ ਕੇ ਕੱਚੀ ਗੜ੍ਹੀ ਛੱਡਣ ਦੀ ਘਟਨਾ ਨਾਲ ਕਰਨ ਵਾਲੇ ਆਮ ਆਦਮੀ ਪਾਰਟੀ ਦੇ ਹਲਕਾ ਖਡੂਰ ਸਾਹਿਬ ਤੋਂ ਉਮੀਦਵਾਰ ਮਨਜਿੰਦਰ ਸਿੰਘ ਸਿੱਧੂ ਨੂੰ ਸਮਾਂ ਰਹਿੰਦਿਆਂ ਹੀ ਅਕਲ ਆ ਗਈ ਹੈ, ਕਿ ਉਨ੍ਹਾਂ ਨੇ ਅਜਿਹਾ ਬਿਆਨ ਦੇ ਕੇ ਕਿੰਨਾ ਵੱਡਾ ਪੰਗਾ ਲੈ ਲਿਆ ਹੈ। ਸ਼ਾਇਦ ਇਹੋ ਕਾਰਨ ਹੈ ਕਿ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਇੱਕ ਵੀਡੀਓ ਵਿੱਚ ਮਨਜਿੰਦਰ ਸਿੰਘ ਸਿੱਧੂ ਆਪਣੇ ਇਸ ਬਿਆਨ ਲਈ ਸਿੱਖ ਸੰਗਤ ਵੱਲੋਂ ਮਾਫੀ ਮੰਗਦੇ ਦਿਖਾਈ ਦਿੱਤੇ ਹਨ।

ਦੱਸ ਦਈਏ ਕਿ ਮਨਜਿੰਦਰ ਸਿੰਘ ਸਿੱਧੂ ਨਾਲ ਇੱਕ ਇੰਟਰਵਿਊ ਦੌਰਾਨ ਪੱਤਰਕਾਰ ਨੇ ਜਦੋਂ ਇਹ ਸਵਾਲ ਕੀਤਾ, ਕਿ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਤੋਂ ਮਾਫੀ ਕਿਉਂ ਮੰਗੀ ਸੀ? ਤਾਂ ਸਿੱਧੂ ਨੇ ਤੁਰੰਤ ਤਰਕ ਦਿੱਤਾ ਸੀ, ਕਿ ਲੋੜ ਪੈਣ ‘ਤੇ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੀ ਕੱਚੀ ਗੜ੍ਹੀ ‘ਚੋਂ ਤਾੜੀ ਮਾਰ ਕੇ ਲੰਘ ਗਏ ਸਨ। ਇਹ ਖ਼ਬਰ ਨਸ਼ਰ ਹੋਣ ਤੋਂ ਬਾਅਦ ਵੇਖੀ ਤਾਂ ਕਈਆਂ ਨੇ ਸੀ, ਪਰ ਗੁੱਸਾ ਆਇਆ ਸੀ ਸੁਖਪਾਲ ਖਹਿਰਾ ਦੀ ਪੰਜਾਬ ਏਕਤਾ ਪਾਰਟੀ ਦੇ ਕਿਸਾਨ ਵਿੰਗ ਪ੍ਰਧਾਨ ਸੁਰਜੀਤ ਸਿੰਘ ਭੂਰਾ ਨੂੰ, ਜਿਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਉਨ੍ਹਾਂ ਦੇ ਨਿੱਜੀ ਸਾਹਇਕ ਰਣਜੀਤ ਸਿੰਘ ਕੱਲ੍ਹਾ ਰਾਹੀਂ ਸ਼ਿਕਾਇਤ ਭੇਜ ਕੇ ਮਨਜਿੰਦਰ ਸਿੰਘ ਸਿੱਧੂ ਖਿਲਾਫ ਕਾਰਵਾਈ ਦੀ ਮੰਗ ਕਰਦਿਆਂ ਉਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਤਲਬ ਕਰਨ ਦੀ ਬੇਨਤੀ ਕੀਤੀ ਸੀ। ਸੁਰਜੀਤ ਸਿੰਘ ਭੂਰਾ ਨੇ ਮਨਜਿੰਦਰ ਸਿੰਘ ਸਿੱਧੂ ਦੇ ਇਸ ਬਿਆਨ ‘ਤੇ ਟਿੱਪਣੀ ਕਰਦਿਆਂ ਕਿਹਾ ਸੀ, ਕਿ ਸਿੱਧੂ ਨੇ ਇੱਕ ਪਤੀਤ ਬੰਦੇ ਦੀ ਤੁਲਨਾ ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਕੀਤੀ ਹੈ, ਜੋ ਕਿ ਬੇਹੱਦ ਸ਼ਰਮਨਾਕ ਗੱਲ ਹੈ। ਲਿਹਾਜਾ ਸਿੱਧੂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਤਲਬ ਕਰਕੇ ਉਨ੍ਹਾਂ ਨੂੰ ਤਨਖਾਹੀਆ ਕਰਾਰ ਦਿੱਤਾ ਜਾਵੇ, ਤੇ ਜੇਕਰ ਸਿੱਧੂ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਪੇਸ਼ ਨਹੀਂ ਹੁੰਦੇ ਤਾਂ ਉਨ੍ਹਾਂ ਨੂੰ ਗੁਰੂ ਪੰਥ ‘ਚੋਂ ਛੇਕਿਆ ਜਾਵੇ।

ਇਸ ਤੋਂ ਬਾਅਦ ਹੁਣ ਮਨਜਿੰਦਰ ਸਿੰਘ ਸਿੱਧੂ ਨੇ ਮੀਡੀਆ ਸਾਹਮਣੇ ਆ ਕੇ ਇੱਕ ਵੀਡੀਓ ਬਿਆਨ ਰਾਹੀਂ ਸਫਾਈ ਦਿੰਦਿਆਂ ਕਿਹਾ ਹੈ, ਕਿ ਜਿਹੜੇ ਵੀਡੀਓ ਬਿਆਨ ਬਾਰੇ ਉਨ੍ਹਾਂ ਖਿਲਾਫ ਦੋਸ਼ ਲਾਏ ਜਾ ਰਹੇ ਹਨ ਉਹ ਬਿਆਨ ਉਨ੍ਹਾਂ ਦੇ ਵਿਰੋਧੀਆਂ ਵੱਲੋਂ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਹੈ, ਕਿਉਂਕਿ ਕੋਈ ਵੀ ਗੁਰੂ ਦਾ ਸਿੱਖ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਤੁਲਨਾ ਕਿਸੇ ਆਮ ਆਦਮੀ ਨਾਲ ਕਰਨ ਬਾਰੇ ਸੋਚ ਵੀ ਨਹੀਂ ਸਕਦਾ। ਪਰ ਇਸ ਦੇ ਬਾਵਜੂਦ ਵੀ ਜੇਕਰ ਕਿਸੇ ਨੂੰ ਇਸ ਬਿਆਨ ਰਾਹੀਂ ਠੇਸ ਪਹੁੰਚੀ ਹੈ, ਤਾਂ ਉਹ ਸਿੱਖ ਜਗਤ ਕੋਲੋਂ ਮਾਫੀ ਮੰਗਦੇ ਹਨ।

ਇੰਨਾ ਹੀ ਨਹੀਂ ਮਾਫੀ ਮੰਗਣ ਲਈ ਮਨਜਿੰਦਰ ਸਿੰਘ ਸਿੱਧੂ ਆਪਣੇ ਸਾਥੀਆਂ ਸਣੇ ਗੁਰੂ ਅੰਗਦ ਦੇਵ ਜੀ ਦੇ ਇਤਿਹਾਸਕ ਸਥਾਨ ਗੁਰਦੁਵਾਰਾ ਖੱਡੀ ਸਾਹਿਬ ਵਿਖੇ ਨਤਮਸਤਕ ਹੋਏ, ਜਿੱਥੇ ਉਨ੍ਹਾਂ ਨੇ ਕੜਾਹਿ ਪ੍ਰਸ਼ਾਦ ਦੀ ਦੇਗ ਕਰਵਾ ਕੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਖਿਮਾਂ ਯਾਚਨਾ ਕੀਤੀ। ਇਹ ਤਾਂ ਸੀ ਉਹ ਖਿਮਾਂ ਯਾਚਨਾ ਜਿਹੜੀ ਮਨਜਿੰਦਰ ਸਿੰਘ ਸਿੱਧੂ ਨੇ ਆਪਣੇ ਆਪ ਕੀਤੀ। ਹੁਣ ਇਹ ਮਾਫੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਤੇ ਸਿੱਧੂ ਖਿਲਾਫ ਸ਼ਿਕਾਇਤ ਕਰਨ ਵਾਲੇ ਪੰਜਾਬ ਏਕਤਾ ਪਾਰਟੀ ਕਿਸਾਨ ਵਿੰਗ ਦੇ ਪ੍ਰਧਾਨ ਸੁਰਜੀਤ ਸਿੰਘ ਭੂਰਾ ਨੂੰ ਮਨਜੂਰ ਹੁੰਦੀ ਹੈ ਜਾਂ ਨਹੀਂ ਇਹ ਦੇਖਣਾ ਬੜਾ ਦਿਲਚਸਪ ਹੋਵੇਗਾ।

- Advertisement -

Share this Article
Leave a comment