ਬਠਿੰਡਾ : ਜਿਉਂ ਜਿਉਂ ਲੋਕ ਸਭਾ ਚੋਣਾਂ ਦਾ ਮੈਦਾਨ ਭਖਦਾ ਜਾ ਰਿਹਾ ਹੈ ਤਿਉਂ ਤਿਉਂ ਇਹ ਚੋਣਾਂ ਲੜਨ ਵਾਲੇ ਉਮੀਦਵਾਰਾਂ ਵੱਲੋਂ ਆਪੋ ਆਪਣੇ ਹਲਕਿਆਂ ਵਿੱਚ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਖਹਿਰਾ ਆਪਣੀ ਇਸ ਚੋਣ ਮੁਹਿੰਮ ਦੀ ਸ਼ੁਰੂਆਤ ਇੱਕ ਰੋਡ ਸ਼ੋਅ ਨਾਲ ਕਰਨ ਜਾ ਰਹੇ ਹਨ ਜਿਹੜਾ ਕਿ ਸਨਾਮ ਮਾਨਸਾ ਰੋਡ ‘ਤੇ ਪੈਂਦੇ ਪਿੰਡ ਢੈਪਈ ਤੋਂ ਸ਼ੁਰੂ ਹੋ ਕੇ ਤਖ਼ਤ ਸ੍ਰੀ ਦਮਦਮਾਂ ਸਾਹਿਬ ਤੱਕ ਜਾਵੇਗਾ। ਖਹਿਰਾ ਨੇ ਇਸ ਸਬੰਧੀ ਆਪਣੇ ਹਲਕੇ ਦੇ ਲੋਕਾਂ ਨੂੰ ਸਹਿਯੋਗ ਦੇਣ ਦੀ ਅਪੀਲ ਕਰਦਿਆਂ ਇੱਕ ਵੀਡੀਓ ਬਿਆਨ ਵੀ ਜਾਰੀ ਕੀਤਾ ਹੈ ਜਿਸ ਵਿੱਚ ਇੱਕ ਵਾਰ ਇਹ ਪ੍ਰਤੀਤ ਹੋਇਆ ਕਿ ਜਿਵੇਂ ਪੈੱਪ ਦੇ ਇਸ ਪ੍ਰਧਾਨ ਦੀ ਟੇਕ ਐਨਆਰਆਈਆਂ ‘ਤੇ ਵੱਧ ਟਿਕੀ ਹੋਈ ਹੈ।
ਆਪਣੇ ਇਸ ਵੀਡੀਓ ਬਿਆਨ ਵਿੱਚ ਸੁਖਪਾਲ ਖਹਿਰਾ ਨੇ ਇਸ ਰੋਡ ਸ਼ੋਅ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸ਼ੋਅ ਦੀ ਸ਼ੁਰੂਆਤ ਆਉਂਦੀ 25 ਮਾਰਚ ਨੂੰ ਠੀਕ ਸਵੇਰੇ 10 ਵਜੇ ਸੁਨਾਮ ਮਾਨਸਾ ਰੋਡ ‘ਤੇ ਪੈਂਦੇ ਪਿੰਡ ਢੈਪਈ ਤੋਂ ਕੀਤੀ ਜਾਵੇਗੀ। ਜਿੱਥੋਂ ਸਾਰੇ ਜਾਣੇ ਇਕੱਤਰ ਹੋ ਕੇ ਇੱਕ ਕਾਫਲੇ ਦੀ ਸ਼ਕਲ ਵਿੱਚ ਮਾਨਸਾ, ਅਤੇ ਮੌੜ ਮੰਡੀ ਵਿੱਚੋਂ ਦੀ ਹੋ ਕੇ ਤਲਵੰਡੀ ਸਾਬੋ ਸਥਿਤ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਮੱਥਾ ਟੇਕ ਕੇ ਵਾਹਿਗੁਰੂ ਪ੍ਰਮਾਤਮਾਂ ਪਾਸੋਂ ਆਸ਼ੀਰਵਾਦ ਲੈਣਗੇ। ਸੁਖਪਾਲ ਖਹਿਰਾ ਅਨੁਸਾਰ ਉਨ੍ਹਾਂ ਦੀ ਇਹ ਲੜਾਈ ਬਹੁਤ ਵੱਡੀ ਹੈ, ਤੇ ਲੋਕਾਂ ਦੇ ਸਹਿਯੋਗ ਤੋਂ ਬਿਨਾਂ ਉਹ ਕੈਪਟਨ ਅਤੇ ਬਾਦਲਾਂ ਦੇ ਖਿਲਾਫ ਇਕੱਲੇ ਕੁਝ ਵੀ ਨਹੀਂ ਕਰ ਸਕਣਗੇ।
ਸੁਖਪਾਲ ਖਹਿਰਾ ਨੇ ਕਿਹਾ ਕਿ ਨਾ ਤਾਂ ਉਨ੍ਹਾਂ ਕੋਲ ਕੋਈ ਸਾਧਨ ਹਨ ਤੇ ਨਾ ਹੀ ਕੋਈ ਲੁੱਟਿਆ ਖਸੁੱਟਿਆ ਧੰਨ। ਲਿਹਾਜਾ ਇਹ ਮੋਰਚਾ ਜਨਤਾ ਦੇ ਸਹਿਯੋਗ ਨਾਲ ਹੀ ਫਤਹਿ ਕੀਤਾ ਜਾ ਸਕਦਾ ਹੈ। ਬਿਆਨ ਵਿੱਚ ਸਭ ਤੋਂ ਵੱਧ ਨਿਸ਼ਾਨਾਂ ਬਾਦਲਾਂ ‘ਤੇ ਲਾਉਂਦਿਆਂ ਖਹਿਰਾ ਨੇ ਕਿਹਾ ਕਿ ਬਾਦਲਾਂ ਵਰਗੇ ਲੋਕਾਂ ਕਾਰਨ ਸੂਬੇ ਵਿੱਚ ਬੇਰੁਜ਼ਗਾਰੀ, ਆਤਮ ਹੱਤਿਆਵਾਂ, ਨਸ਼ੇ ਅਤੇ ਭ੍ਰਿਸ਼ਟਾਚਾਰ ਵਰਗੀਆਂ ਸਮਾਜਿਕ ਭੈੜਾਂ ਪੈਦਾ ਹੋਈਆਂ। ਜਿਨ੍ਹਾਂ ਤੋਂ ਨਿਜਾਤ ਦਵਾਉਣ ਲਈ ਸਾਰਿਆਂ ਨੂੰ ਇੱਕਜੁੱਟ ਹੋਣ ਦੀ ਲੋੜ ਹੈ। ਉਨ੍ਹਾਂ ਇਸ ਮੌਕੇ ਵਿਦੇਸ਼ਾਂ ‘ਚ ਵਸਦੇ ਭਾਰਤੀਆਂ ਅਤੇ ਖਾਸ ਕਰ ਪੰਜਾਬੀਆਂ ਨੂੰ ਸਾਥ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਉਹ ਲੋਕ ਆਪਣੇ ਪਿੰਡਾਂ ‘ਚ ਸੁਨੇਹੇ ਲਾ ਕੇ ਉਨ੍ਹਾਂ ਦੇ ਇਸ ਪਹਿਲੇ ਰੋਡ ਸ਼ੋਅ ਨੂੰ ਕਾਮਯਾਬ ਕਰਨ ਵਿੱਚ ਮਦਦ ਕਰਨ।