ਰਵਨੀਤ ਬਿੱਟੂ ਦੇ ਖਿਲਾਫ ਉਠ ਖੜ੍ਹੇ ਬਗਾਵਤੀ ਸੁਰ, ਲੁਧਿਆਣਾ ਦੇ ਵਿਧਾਇਕ ਰਾਕੇਸ਼ ਪਾਂਡੇ ਨੇ ਵਿਕਾਸ ਕਾਰਜਾਂ ‘ਤੇ ਚੁੱਕੇ ਕਈ ਸਵਾਲ

Prabhjot Kaur
6 Min Read

ਚੰਡੀਗੜ੍ਹ: ਲੋਕ ਸਭਾ ਚੋਣਾਂ ਦਾ ਬਿਗਲ ਵੱਜ ਚੁੱਕਾ ਹੈ ਤੇ ਜਿੱਥੇ ਪੰਜਾਬ ਦੀਆਂ ਕਈ ਪਾਰਟੀਆਂ ਨੇ ਚੋਣ ਜਾਬਤਾ ਲੱਗਣ ਤੋਂ ਪਹਿਲਾਂ ਹੀ ਆਪਣੇ ਉਮੀਦਵਾਰ ਐਲਾਨ ਦਿੱਤੇ ਸਨ, ਉੱਥੇ ਸੂਬੇ ਦੀ ਸੱਤਾਧਾਰੀ ਕਾਂਗਰਸ ਪਾਰਟੀ ਨੇ ਆਪਣੇ ਉਮੀਦਵਾਰ ਐਲਾਨਣ ਵਾਲੇ ਪੱਤੇ ਅਜੇ ਵੀ ਨਹੀਂ ਖੋਲ੍ਹੇ। ਹਾਲਾਤ ਇਹ ਹਨ ਕਿ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ‘ਤੇ ਕਾਂਗਰਸ ਦੇ 201 ਉਮੀਦਵਾਰਾਂ ਨੇ ਦਾਅਵੇਦਾਰੀਆਂ ਪੇਸ਼ ਕਰ ਦਿੱਤੀਆਂ ਹਨ, ਤੇ ਉਨ੍ਹਾਂ ਵਿੱਚੋਂ ਬਹੁਤੇ ਜਾਂ ਤਾਂ ਮੌਜੂਦਾ ਤੇ ਜਾਂ ਫਿਰ ਸਾਬਕਾ ਮੰਤਰੀਆਂ ਦੇ ਪੁੱਤਰ, ਜੁਆਈ ਜਾਂ ਫਿਰ ਹੋਰ ਰਿਸ਼ਤੇਦਾਰ ਦੱਸੇ ਜਾਂਦੇ ਹਨ, ਜਿਨ੍ਹਾਂ ਲਈ ਉਹ ਟਿਕਟਾਂ ਦੀ ਮੰਗ ਕਰ ਰਹੇ ਹਨ। ਲੁਧਿਆਣਾ ਵਿਖੇ ਮੌਜੂਦਾ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਮੁੜ ਆਪਣੇ ਲਈ ਅਤੇ ਹਲਕਾ ਅਮਰਗੜ੍ਹ ਦੇ ਵਿਧਾਇਕ ਸੁਰਜੀਤ ਸਿੰਘ ਧਿਮਾਨ ਵੱਲੋਂ ਆਪਣੇ ਪੁੱਤਰ ਲਈ, ਲੁਧਿਆਣਾ ਦੇ ਵਿਧਾਇਕ ਰਾਕੇਸ਼ ਪਾਂਡੇ ਨੇ ਵੀ ਆਪਣੇ ਲਈ ਟਿਕਟ ਦੀ ਦਾਅਵੇਦਾਰੀ ਪੇਸ਼ ਕੀਤੀ ਹੈ। ਇੰਝ ਇੱਥੋਂ ਕੁੱਲ 9 ਲੋਕ ਕਾਂਗਰਸ ਪਾਰਟੀ ਦੀ ਟਿਕਟ ਮਿਲਣ ਦੀਆਂ ਉਮੀਦਾਂ ਲਾਈ ਬੈਠੇ ਹਨ। ਅਜਿਹੇ ਵਿੱਚ ਇਹ ਨਹੀਂ ਕਿਹਾ ਜਾ ਸਕਦਾ ਕਿ ਟਿਕਟਾਂ ਦੇ ਐਲਾਨ ਤੋਂ ਬਾਅਦ ਕਾਂਗਰਸ ਪਾਰਟੀ ਅੰਦਰ ਵੱਡੇ ਪੱਧਰ ‘ਤੇ ਬਗਾਵਤ ਨਹੀਂ ਹੋਵੇਗੀ।

ਦੱਸ ਦਈਏ ਕਿ ਅਮਰਗੜ੍ਹ ਦੇ ਵਿਧਾਇਕ ਸੁਰਜੀਤ ਸਿੰਘ ਧਿਮਾਨ ਨੇ ਲੁਧਿਆਣਾ ਹੀ ਨਹੀਂ ਸੰਗਰੂਰ ਤੋਂ ਵੀ ਆਪਣੇ ਪੁੱਤਰ ਲਈ ਟਿਕਟ ਦੀ ਦਾਅਵੇਦਾਰੀ ਪੇਸ਼ ਕੀਤੀ ਹੈ। ਸੁਰਜੀਤ ਸਿੰਘ ਧਿਮਾਨ ਨੇ ਉਸ ਵੇਲੇ ਬਿਨਾਂ ਆਪਣਾ ਜ਼ਿਕਰ ਕੀਤਿਆਂ ਅਸਿੱਧੇ ਢੰਗ ਨਾਲ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਉਹ ਕੰਬੋਜ਼ ਬਰਾਦਰੀ ਦੀ ਅਗਵਾਈ ਕਰਦੇ ਹਨ, ਤੇ ਜੇਕਰ ਇਨ੍ਹਾਂ ਲੋਕ ਸਭਾ ਚੋਣਾਂ ਦੌਰਾਨ ਕੰਬੋਜ਼ ਭਾਈਚਾਰੇ ਨੂੰ ਟਿਕਟ ਨਾ ਮਿਲੀ ਤਾਂ ਇਨ੍ਹਾਂ ਦੋਵਾਂ ਹਲਕਿਆਂ ਵਿੱਚ ਕੰਬੋਜ਼ ਭਾਈਚਾਰਾ ਨਾਰਾਜ਼ ਹੋ ਸਕਦਾ ਹੈ ਤੇ ਜਿੱਤ ਹਾਰ ਦੇ ਸਮੀਕਰਣ ਬਦਲ ਸਕਦੇ ਹਨ। ਇਸੇ ਤਰ੍ਹਾਂ ਲੁਧਿਆਣਾ ਤੋਂ ਵਿਧਾਇਕ ਰਾਕੇਸ਼ ਪਾਂਡੇ ਨੇ ਵੀ ਇੰਨੀ ਦਿਨ ਬਗਾਵਤੀ ਸੁਰ ਫੜੇ ਹੋਏ ਹਨ ਤੇ ਇੱਥੇ ਵੀ ਧੜ੍ਹੇਬਾਜ਼ੀ ਸਾਫ ਤੌਰ ‘ਤੇ ਉਭਰ ਕੇ ਸਾਹਮਣੇ ਆ ਰਹੀ ਹੈ। ਜ਼ਮੀਨੀ ਹਾਲਾਤ ਇਹ ਹਨ ਕਿ ਇੱਥੋਂ ਮੌਜੂਦਾ ਕਾਂਗਰਸੀ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਨੇ ਆਪਣੇ ਪੰਜ ਸਾਲਾਂ ਦੇ ਕਾਰਜਕਾਲ ਦੌਰਾਨ ਉਨ੍ਹਾਂ (ਬਿੱਟੂ) ਵੱਲੋਂ ਕਰਵਾਏ ਗਏ ਵਿਕਾਸ ਕਾਰਜ਼ਾਂ ਦੀ ਜਾਣਕਾਰੀ ਲੋਕਾਂ ਤੱਕ ਪਹੁੰਚਾਉਣ ਲਈ ਲੁਧਿਆਣਾ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ 40 ਦੇ ਕਰੀਬ ਵੱਡੇ ਵੱਡੇ ਹੋਰਡਿੰਗ (ਵੱਡੇ ਸਾਰੇ ਬੋਰਡ) ਲਾਏ ਹਨ, ਪਰ ਇਨ੍ਹਾਂ ਬੋਰਡਾਂ ‘ਤੇ ਸਵਾਲ ਖੜ੍ਹੇ ਕਰਦਿਆਂ ਰਾਕੇਸ਼ ਪਾਂਡੇ ਨੇ ਕਿਹਾ ਹੈ ਕਿ ਬਿੱਟੂ ਨੇ ਆਪਣੇ ਮੌਜੂਦਾ ਪੰਜ ਸਾਲ ਦੇ ਕਾਰਜ਼ਕਾਲ ਦੌਰਾਨ ਲੁਧਿਆਣਾ ਤੋਂ ਕਿਸੇ ਵੀ ਪਾਰਟੀ ਵਰਕਰ ਨੂੰ ਬਣਦਾ ਸਨਮਾਨ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਰਵਨੀਤ  ਬਿੱਟੂ ਨੂੰ ਇੱਕ ਸੰਸਦ ਮੈਂਬਰ ਦੇ ਤੌਰ ‘ਤੇ ਆਪਣੇ ਹਲਕੇ ਅਤੇ ਆਪਣੇ ਇਲਾਕੇ ਵਿੱਚ ਵਿਚਰਣਾ ਚਾਹੀਦਾ ਸੀ। ਪਾਂਡੇ ਨੇ ਕਿਹਾ ਕਿ ਬਿੱਟੂ ਨੂੰ ਹਲਕੇ ਅੰਦਰ ਜਿੰਨਾਂ ਟਾਇਮ ਦੇਣਾ ਚਾਹੀਦਾ ਸੀ, ਉਹ ਉਨ੍ਹਾਂ ਟਾਇਮ ਦੇਣ ‘ਚ ਨਾਕਾਮ ਰਹੇ। ਪਾਂਡੇ ਅਨੁਸਾਰ ਜਿੱਥੋਂ ਤੱਕ ਬਿੱਟੂ ਵੱਲੋਂ ਇਲਾਕੇ ਦੇ ਲੋਕਾਂ ਦੇ ਕੰਮ ਕਰਵਾਉਣ ਅਤੇ ਵਿਕਾਸ ਕਾਰਜ਼ ਕਰਵਾਉਣ ਦੀ ਗੱਲ ਆਖੀ ਜਾ ਰਹੀ ਹੈ, ਉਸ ਬਾਰੇ ਉਹ ਕਹਿਣਾ ਚਾਹੁੰਦੇ ਹਨ ਕਿ ਇਹ ਕੋਸ਼ਿਸ਼ਾਂ ਅਤੇ ਕੰਮ ਕਰਵਾਉਣ ਦੇ ਯਤਨ ਤਾਂ ਸਾਰੇ ਹੀ ਕਰਦੇ ਹਨ, ਹੁਣ ਜੇਕਰ ਉਹ ਕੰਮ ਨਹੀਂ ਕਰਵਾ ਸਕੇ ਤਾਂ ਇਹ ਵੱਖਰੀ ਗੱਲ ਹੈ, ਪਰ ਬਿੱਟੂ ਨੂੰ ਆਪਣੇ ਲੋਕਾਂ ਵਿੱਚ ਵਿਚਰਣਾ ਚਾਹੀਦਾ ਸੀ। ਪਾਂਡੇ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਬਿੱਟੂ ਨੇ ਲੁਧਿਆਣਾ ਹਲਕੇ ਵਿੱਚ ਕਿਹੜੇ ਕਿਹੜੇ ਕੰਮ ਕਰਵਾਏ ਹਨ ਕਿਉਂਕਿ ਬਿੱਟੂ ਨੇ ਅਜੇ ਤੱਕ ਉਨ੍ਹਾਂ ਨੂੰ ਕਰਵਾਏ ਗਏ ਵਿਕਾਸ ਕਾਰਜਾਂ ਦੀ ਕੋਈ ਲਿਸ਼ਟ ਨਹੀਂ ਭੇਜੀ। ਰਾਕੇਸ਼ ਪਾਂਡੇ ਅਨੁਸਾਰ ਉਨ੍ਹਾਂ ਦਾ ਬਿੱਟੂ ਨਾਲ ਕੋਈ ਵਿਰੋਧ ਨਹੀਂ ਤੇ ਪਾਰਟੀ ਜਿਸ ਵੀ ਉਮੀਦਵਾਰ ਨੂੰ ਟਿਕਟ ਦੇਵੇਗੀ ਉਹ ਉਸ ਦੇ ਹੱਕ ਵਿੱਚ ਚੱਲਣਗੇ , ਕਿਉਂਕਿ ਉਹ ਪਾਰਟੀ ਹਾਈ ਕਮਾਂਡ ਦੇ ਨਾਲ ਹਨ।

ਰਾਕੇਸ਼ ਪਾਂਡੇ ਨੇ ਇਹ ਸਾਫ ਕੀਤਾ ਕਿ ਉਨ੍ਹਾਂ ਨੇ ਆਪਣੇ ਹੱਕ ਦਾ ਇਸਤਿਮਾਲ ਕਰਦਿਆਂ ਪਾਰਟੀ ਕੋਲੋ ਟਿਕਟ ਦੀ ਮੰਗ ਕੀਤੀ ਹੈ, ਜਿਸ ਤਰ੍ਹਾਂ ਕਈ ਹੋਰ ਲੋਕਾਂ ਨੇ ਵੀ ਆਪੋ ਆਪਣੀਆਂ ਦਾਅਵੇਦਾਰੀਆਂ ਪੇਸ਼ ਕੀਤੀਆਂ ਹਨ। ਲੁਧਿਆਣਾ ਦੇ ਵਿਧਾਇਕ ਨੇ ਕਿਹਾ ਕਿ ਇਸ ਨੂੰ ਬਗਾਵਤ ਨਹੀਂ ਕਿਹਾ ਜਾ ਸਕਦਾ, ਕਿਉਂਕਿ ਉਨ੍ਹਾਂ ਦੇ ਆਪਣੇ ਵਿਚਾਰ ਹਨ, ਬਿੱਟੂ ਦੇ ਆਪਣੇ ਵਿਚਾਰ ਹਨ ਤੇ ਜਿਨ੍ਹਾਂ ਹੋਰਾਂ ਲੋਕਾਂ ਨੇ ਦਾਅਵੇਦਾਰੀਆਂ ਪੇਸ਼ ਕੀਤੀਆਂ ਹਨ ਉਨ੍ਹਾਂ ਦੇ ਆਪਣੇ ਵਿਚਾਰ ਹਨ। ਲਿਹਾਜਾ ਹਰ ਕਿਸੇ ਨੂੰ ਦਾਅਵੇਦਾਰੀ ਪੇਸ਼ ਕਰਨ ਦਾ ਹੱਕ ਹੈ। ਉਨ੍ਹਾਂ ਕਿਹਾ ਕਿ ਉਹ ਪਾਰਟੀ ਵਰਕਰਾਂ ਨਾਲ ਹਮੇਸ਼ਾਂ ਖੜ੍ਹਦੇ ਆਏ ਹਨ ਤੇ ਹਮੇਸ਼ਾ ਖੜ੍ਹਦੇ ਰਹਿਣਗੇ ਤੇ ਰਵਨੀਤ ਬਿੱਟੂ ਨੂੰ ਜਦੋਂ ਟਿਕਟ ਮਿਲਦੀ ਹੈ ਉਨ੍ਹਾਂ ਨਾਲ ਚੋਣ ਮੁਹਿੰਮ ‘ਚ ਤੁਰਨ ਦਾ ਫੈਸਲਾ ਉਹ ਉਦੋਂ ਹੀ ਦੱਸਣਗੇ, ਪਰ ਉਹ ਇੰਨਾ ਜਰੂਰ ਕਹਿੰਦੇ ਹਨ ਕਿ ਪਾਰਟੀ ਨੂੰ ਉਨ੍ਹਾਂ ਦੀ ਦਾਅਵੇਦਾਰੀ ‘ਤੇ ਵਿਚਾਰ ਜਰੂਰ ਕਰਨਾ ਚਾਹੀਦਾ ਹੈ ਤੇ ਉਸ ਤੋਂ ਬਾਅਦ ਹਾਈ ਕਮਾਂਡ ਦਾ ਜੋ ਫੈਸਲਾ ਹੋਵੇਗਾ ਉਹ ਉਨ੍ਹਾਂ ਨੂੰ ਮਨਜ਼ੂਰ ਹੋਵੇਗਾ।

ਕੁਝ ਵੀ ਹੋਵੇ ਵਿਧਾਇਕ ਰਾਕੇਸ਼ ਪਾਂਡੇ ਦੀਆਂ ਗੱਲਾਂ ਤੋਂ ਉਨ੍ਹਾਂ ਦੇ ਤੇਵਰ ਕਾਫੀ ਬਗਾਵਤ ਵਾਲੇ ਦਿਖਾਈ ਦਿੰਦੇ ਹਨ ਤੇ ਜੇਕਰ ਸਾਰੀਆਂ ਸੀਟਾਂ ‘ਤੇ ਇਹੋ ਹਾਲ ਰਿਹਾ ਤਾਂ ਉਹ ਸਮਾਂ ਦੂਰ ਨਹੀਂ ਜਦੋਂ ਆਮ ਆਦਮੀ ਪਾਰਟੀ ਵਾਂਗ ਪੰਜਾਬ ਕਾਂਗਰਸ ਵੀ ਫੁੱਟ ਦਾ ਸ਼ਿਕਾਰ ਹੋਵੇਗੀ। ਉਸ ਵੇਲੇ ਜੇਕਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਗਾਵਤ ਕਰਨ ਵਾਲਿਆਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਜਾਵੇਗਾ ਵਾਲੇ ਆਪਣੇ ਬਿਆਨ ‘ਤੇ ਅਮਲ ਕੀਤਾ ਤਾਂ ਇਹ ਵੇਖਣਾ ਬੇਹੱਦ ਦਿਲਚਸਪ ਹੋਵੇਗਾ ਕਿ ਪੰਜਾਬ ਕਾਂਗਰਸ ਅੰਦਰ ਕਿਹੜੇ ਵੱਡੇ ਚਿਹਰੇ ਬਾਕੀ ਬਚਦੇ ਹਨ ਕਿਉਂਕਿ 201 ਵਿੱਚੋਂ ਟਿਕਟਾਂ ਸਿਰਫ 13 ਨੂੰ ਹੀ ਮਿਲਣੀਆਂ ਹਨ ਤੇ ਬਾਕੀ 188 ਦਾਅਵੇਦਾਰਾਂ ਦਾ ਰੌਲਾ ਪਾਉਣਾ ਲਾਜ਼ਮੀ ਹੈ।

- Advertisement -

 

 

 

Share this Article
Leave a comment