ਬਾਦਲ ਤੋਂ ਬਾਅਦ ਹੁਣ ਹਰਸਿਮਰਤ ਦੀ ਕੈਪਟਨ ਨੂੰ ਲਲਕਾਰ, ਹਿੰਮਤ ਹੈ ਤਾਂ ਮੇਰੇ ਭਰਾ ਤੇ ਸਹੁਰੇ ਨੂੰ ਕਰੋ ਗ੍ਰਿਫਤਾਰ

ਅੰਮ੍ਰਿਤਸਰ : ਬੇਅਦਬੀ ਤੇ ਗੋਲੀ ਕਾਂਡ ਦੀਆਂ ਘਟਨਾਵਾਂ ਸਬੰਧੀ ਜਾਂਚ ਕਰ ਰਹੀ ਐਸਆਈਟੀ ਦਿਨ-ਬ-ਦਿਨ ਇਹ ਸਾਬਤ ਕਰਨ ਵੱਲ ਅੱਗੇ ਵਧਦੀ ਤੁਰੀ ਜਾ ਰਹੀ ਹੈ ਕਿ ਸਾਲ 2015 ਦੌਰਾਨ ਵਾਪਰੀਆਂ ਇਨ੍ਹਾਂ ਘਟਨਾਵਾਂ ਵਿੱਚ ਅਸਲ ਕਸੂਰਵਾਰ ਕੌਣ ਹੈ। ਇਸ ਦਾ ਨਤੀਜਾ ਕੀ ਨਿੱਕਲੇਗਾ ਬਿਨਾਂ ਸ਼ੱਕ ਇਹ ਕਹਿਣਾ ਅਜੇ ਜਲਦਬਾਜ਼ੀ ਹੋਵੇਗੀ ਕਿਉਂਕਿ ਇਹ ਅਜੇ ਭਵਿੱਖ ਦੇ ਗਰਭ ਵਿੱਚ ਹੈ।ਪਰ ਜਿਸ ਤਰ੍ਹਾਂ ਪਹਿਲਾਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਸਰਕਾਰ ਨੂੰ ਆਪਣੀ ਗ੍ਰਿਫਤਾਰੀ ਲਈ ਵੰਗਾਰਿਆ ਹੈ, ਤੇ ਹੁਣ ਬਾਦਲਾਂ ਦੀ ਨੂੰਹ ਹਰਸਿਮਰਤ ਬਾਦਲ ਸਰਕਾਰ ਨੂੰ ਖੁਲ੍ਹੇ ਆਮ ਆਪਣੇ ਪਰਿਵਾਰਕ ਮੈਂਬਰਾਂ ਦੀ ਗ੍ਰਿਫਤਾਰੀ ਸਬੰਧੀ ਚੈਲੰਜ ਕਰ ਰਹੀ ਹੈ ਕਿ ਜੇਕਰ ਉਨ੍ਹਾਂ ਕੋਲ ਸਬੂਤ ਹਨ ਤਾਂ ਉਹ ਮਜੀਠੀਆ ਅਤੇ ਬਾਦਲਾਂ ਨੂੰ ਗ੍ਰਿਫਤਾਰ ਕਰਨ। ਉਸ ਨੂੰ ਦੇਖਦਿਆਂ ਬਾਦਲਾਂ ਦੇ ਵਿਰੋਧੀਆਂ ਨੇ ਉਨ੍ਹਾਂ ਨੂੰ ਇਹ ਕਹਿ ਕੇ ਭੰਡਣਾ ਸ਼ੁਰੂ ਕਰ ਦਿੱਤਾ ਕਿ ਅਜੇ ਤਾਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਇਨ੍ਹਾਂ ਨੂੰ ਕੁਝ ਕਿਹਾ ਹੀ ਨਹੀਂ ਹੈ ਤੇ ਇਨ੍ਹਾਂ ਨੇ ਪਹਿਲਾਂ ਹੀ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਲਈ ਦਾਲ ‘ਚ ਕਿਤੇ ਨਾ ਕਿਤੇ ਕਾਲਾ ਜ਼ਰੂਰ ਹੈ।

ਦੱਸ ਦਈਏ ਕਿ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਇਹ ਬਿਆਨ ਦਿੱਤਾ ਹੈ ਕਿ ਕਾਂਗਰਸ ਅਤੇ  ਆਪ ਸਾਲ 2015 ਤੋਂ ਹੀ ਸ਼੍ਰੋਮਣੀ ਅਕਾਲੀ ਦਲ ਅਤੇ ਬਾਦਲ ਪਰਿਵਾਰ ਵਿਰੁੱਧ ਗਲਤ ਬਿਆਨੀ ਕਰਕੇ ਸਾਨੂੰ ਤੇ ਸਾਡੀ ਪਾਰਟੀ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਰਚ ਰਹੇ ਹਨ। ਹਰਸਿਮਰਤ ਕੌਰ ਬਾਦਲ ਦਾ ਇਹ ਦੋਸ਼ ਹੈ ਕਿ ਸਰਕਾਰ ਨੇ ਇਹ ਸਾਰਾ ਕੁਝ ਉਨ੍ਹਾਂ  ਨੂੰ ਤੇ ਅਕਾਲੀ ਦਲ ਨੂੰ ਨਿਸ਼ਾਨਾ ਬਣਾਉਣ ਲਈ ਹੀ ਕੀਤਾ ਹੈ ਤੇ ਇਸ ਤਹਿਤ ਪਹਿਲਾ ਗਰਮ ਖਿਆਲੀਆਂ ਤੋਂ ਧਰਨੇ ਲਵਾ ਲਏ ਗਏ ਤੇ ਬਾਅਦ ਵਿੱਚ ਆਪਣੇ ਹੀ ਰਿਸ਼ਤੇਦਾਰਾਂ ਦਾ ਕਮਿਸ਼ਨ ਬਣਾ ਕੇ ਜਾਂਚ ਬਠਾਈ ਗਈ ਤੇ ਉਨ੍ਹਾਂ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਹਰਸਿਮਰਤ ਕੌਰ ਬਾਦਲ ਅਨੁਸਾਰ ਜਿੱਥੇ ਇੱਕ ਪਾਸੇ ਰੈਫਰੰਡਮ 2020 ਦੇ ਨਾਂ ਤੇ ਕੁਝ ਲੋਕ ਵਿਦੇਸ਼ਾਂ ‘ਚ ਬੈਠ ਕੇ ਪੰਜਾਬ ਨੂੰ ਵੰਡਣ ਦੀਆਂ ਸ਼ਾਜ਼ਿਸ਼ਾਂ ਰਚ ਰਹੇ ਹਨ ਉੱਥੇ ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਅਜਿਹੇ ਲੋਕਾਂ ਨੂੰ ਕਾਬੂ ਕਰਨ ਦੀ ਥਾਂ ਆਪਣੀਆਂ ਪੁਰਾਣੀਆਂ ਰਾਜਨੀਤਕ ਕਿੜਾਂ ਕੱਢ ਰਹੇ ਹਨ। ਇਸ ਮੌਕੇ ਹਰਸਿਮਰਤ ਨੇ ਕਿਹਾ ਕਿ ਕੈਪਟਨ ਦੀ ਸ਼ੁਰੂ ਤੋਂ ਇਹ ਕੋਸ਼ਿਸ਼ ਹੈ ਕਿ ਉਹ ਬਾਦਲਾਂ ਨੂੰ ਜੇਲ੍ਹ ਭੇਜਣ। ਪਹਿਲਾਂ ਉਨ੍ਹਾਂ ਨੇ ਆਪਣੇ ਚਹੇਤੇ ਅਧਿਕਾਰੀਆਂ ਦਾ ਕਮਿਸ਼ਨ ਬਣਾ ਲਿਆ ਤੇ ਹੁਣ ਇਹ ਕੰਮ ਕਿਸੇ ਹੋਰ ਚਹੇਤੇ ਜੱਜ ਤੋਂ ਕਰਵਾ ਲੈਣਗੇ।

 

Check Also

ਪਿਛਲੇ ਮੁੱਖ ਮੰਤਰੀਆਂ ਨੇ ਸਿਰਫ਼ ਆਪਣੇ ਮਹਿਲਾਂ ਦਾ ਹੀ ਸੁੱਖ ਭੋਗਿਆ ਤੇ ਭਗਵੰਤ ਮਾਨ ਸੂਬੇ ਦੇ ਹਿੱਤਾਂ ਦੀ ਰਾਖੀ ਲਈ ਕਰ ਰਹੇ ਹਨ ਕੰਮ: ਕੰਗ

ਚੰਡੀਗੜ੍ਹ: ਪਿਛਲੀ ਸਰਕਾਰ ‘ਤੇ ਪੰਜਾਬੀਆਂ ਦੇ ਹੱਕਾਂ ਦੀ ਰਾਖੀ ਨਾ ਕਰਨ ਦਾ ਦੋਸ਼ ਲਗਾਉਂਦੇ ਹੋਏ …

Leave a Reply

Your email address will not be published.