ਫੂਲਕਾ ਦੀ ਸਿੱਖੀ, ਇਮਾਨਦਾਰੀ ਤੇ ਸਿੱਖੀ ਪ੍ਰਤੀ ਪਾਇਆ ਯੋਗਦਾਨ ਅਕਾਲੀਆਂ ਨੂੰ ਲੈ ਡੁੱਬਣ ਲਈ ਕਾਫੀ ਹੈ?

Prabhjot Kaur
3 Min Read

ਜਗਤਾਰ ਸਿੰਘ ਐਡੀਟਰ

ਪੰਜਾਬ ਵਿਧਾਨ ਸਭਾ ‘ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਕਰਵਾਉਣ ਸਬੰਧੀ ਐਚ ਐਸ ਫੂਲਕਾ ਵੱਲੋਂ ਪੇਸ਼ ਕੀਤੇ ਗਏ ਮਤੇ ਨੂੰ ਪ੍ਰਵਾਨਗੀ ਮਿਲਣ ਨਾਲ ਰਾਜਸੀ ਤੌਰ ‘ਤੇ ਸ਼੍ਰੋਮਣੀ ਅਕਾਲੀ ਦਲ ਪੂਰੀ ਤਰ੍ਹਾਂ ਅਲੱਗ-ਥਲੱਗ ਪੈ ਗਿਆ ਹੈ। ਸਦਨ ਅੰਦਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਹਾਕਮ ਧਿਰ ਦੇ ਦੂਜੇ ਮੈਂਬਰਾਂ ਵੱਲੋਂ ਫੂਲਕਾ ਦੇ ਮਤੇ ਦੀ ਡੱਟ ਕੇ ਹਮਾਇਤ ਕੀਤੀ ਗਈ। ਆਮ ਆਦਮੀ ਪਾਰਟੀ ਦੇ ਸਾਰੇ ਧੜ੍ਹਿਆਂ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਵਾਉਣ ਦੇ ਹੱਕ ਵਿੱਚ ਸਦਨ ਅੰਦਰ ਡੱਟਵੀਂ ਹਮਾਇਤ ਕੀਤੀ ਗਈ। ਬੈਂਸ ਭਰਾਵਾਂ ਵੱਲੋਂ ਵੀ ਇਸ ਮਤੇ ਨੂੰ ਸਮਰਥਨ ਦਿੱਤਾ ਗਿਆ। ਬੇਸ਼ੱਕ ‘ਆਪ’ ਦੇ ਬਾਗੀ ਵਿਧਾਇਕ ਕੰਵਰ ਸੰਧੂ ਵੱਲੋਂ ਸਦਨ ਵਿੱਚ ਮਤਾ ਪੇਸ਼ ਕਰਨ ਦੇ ਢੰਗ ਤਰੀਕੇ ਦਾ ਵਿਰੋਧ ਕੀਤਾ ਗਿਆ, ਪਰ ਬਾਅਦ ਵਿੱਚ ਉਨ੍ਹਾਂ ਨੇ ਮੀਡੀਆ ਨੂੰ ਸਪੱਸ਼ਟੀਕਰਨ ਦਿੱਤਾ ਕਿ ਉਹ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਕਰਵਾਏ ਜਾਣ ਦੇ ਹੱਕ ਵਿੱਚ ਹਨ।

ਅਕਾਲੀ ਦਲ ਦੇ ਵਿਧਾਇਕਾਂ ਨੇ ਐਚ ਐਸ ਫੂਲਕਾ ਦੀ ਸਦਨ ਵਿੱਚ ਸਮੂਲੀਅਤ ‘ਤੇ ਸਵਾਲ ਖੜ੍ਹੇ ਕੀਤੇ ਅਤੇ ਮਤੇ ਦਾ ਵਿਰੋਧ ਕੀਤਾ। ਇਸ ਤਰ੍ਹਾਂ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਸਦਨ ਵਿੱਚ ਹੋਈ ਕਤਾਰਬੰਦੀ ਨਾਲ ਪੂਰੀ ਤਰ੍ਹਾਂ ਵੱਖ ਪੈ ਗਿਆ। ਸਦਨ ਵਿੱਚ ਰਾਜਸੀ ਪੱਧਰ ਤੋਂ ਉੱਪਰ ਉੱਠ ਕੇ ਵੱਖ-ਵੱਖ ਬੁਲਾਰਿਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਸਮੇਂ ਸਿਰ ਨਾ ਕਰਵਾਉਣ ਲਈ ਅਕਾਲੀ ਦਲ ਦੀ ਲੀਡਰਸ਼ਿੱਪ ਨੂੰ ਨਿਸ਼ਾਨੇ ‘ਤੇ ਲਿਆ। ਸ਼੍ਰੋਮਣੀ ਅਕਾਲੀ ਦਲ ਪਿਛਲੀ ਵਿਧਾਨ ਸਭਾ ਚੋਣਾਂ ਵੇਲੇ 14 ਸੀਟਾਂ ਲੈ ਕੇ ਹਾਸ਼ੀਆ ‘ਤੇ ਚਲਾ ਗਿਆ ਸੀ।

ਉਸ ਤੋਂ ਬਾਅਦ ਅਕਾਲੀ ਦਲ ਵੱਖ-ਵੱਖ ਮਾਮਲਿਆਂ ਨੂੰ ਲੈ ਕੇ ਸੰਕਟ ਵਿੱਚੋਂ ਬਾਹਰ ਆਉਣ ਦਾ ਉਪਰਾਲਾ ਕਰ ਰਿਹਾ ਹੈ, ਪਰ ਅਜੇ ਤੱਕ ਅਕਾਲੀ ਦਲ ਦੇ ਪੈਰ ਲੱਗਦੇ ਨਜ਼ਰ ਨਹੀਂ ਆ ਰਹੇ। ਇਹ ਸਾਰੀ ਸਥਿਤੀ ਦਾ ਦਿਲਚਸਪ ਪਹਿਲੂ ਇਹ ਹੈ ਕਿ ਪੰਜਾਬ ਵਿਧਾਨ ਸਭਾ ‘ਚ ਸ਼੍ਰੀ ਐਚ ਐਸ ਫੂਲਕਾ ਦੀ ਕੋਈ ਪਾਰਟੀ ਨਹੀਂ ਹੈ ਅਤੇ ਉਨ੍ਹਾਂ ਨੇ ਵਿਧਾਇਕ ਦੇ ਅਹੁਦੇ ਤੋਂ ਵੀ ਅਸਤੀਫਾ ਦਿੱਤਾ ਹੋਇਆ ਹੈ। ਇਸ ਦੇ ਬਾਵਜੂਦ ਫੂਲਕਾ ਦੇ ਮਤੇ ਨੂੰ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਅਕਾਲੀ ਦਲ ਨੂੰ ਨਿਸ਼ਾਨਾ ਬਣਾਉਣ ਲਈ ਸਾਰੀਆਂ ਰਾਜਸੀ ਧਿਰਾਂ ਨੇ ਹਮਾਇਤ ਦਿੱਤੀ। ਫੂਲਕਾ ਆਮ ਆਦਮੀ ਪਾਰਟੀ ਤੋਂ ਅਸਤੀਫਾ ਦੇਣ ਬਾਅਦ ਲਗਾਤਾਰ ਇਹ ਆਖ ਰਹੇ ਹਨ ਕਿ ਸ਼੍ਰੋਮਣੀ ਗੁਰਦੁਆਰ ਪ੍ਰਬੰਧਕ ਕਮੇਟੀ ਤੋਂ ਰਾਜਸੀ ਗ਼ਲਬਾ ਖਤਮ ਕਰਾਉਣ ਲਈ ਲੜਾਈ ਲੜ ਰਹੇ ਹਨ।

- Advertisement -

ਉਹ ਸਿੱਧੇ ਤੌਰ ‘ਤੇ ਬਾਦਲਾਂ ਦਾ ਕਬਜਾ ਖਤਮ ਕਰਾਉਣ ਦਾ ਸੱਦਾ ਦੇ ਰਹੇ ਹਨ। ਇਸ ਤੋਂ ਪਹਿਲਾਂ ਵੱਖ ਵੱਖ ਸਿੱਖ ਜਥੇਬੰਦੀਆਂ ਇਸ ਮੰਤਵ ਲਈ ਸੰਘਰਸ਼ ਕਰ ਰਹੀਆਂ ਹਨ ਕਿ ਸ਼੍ਰੋਮਣੀ ਕਮੇਟੀ ਨੂੰ ਬਾਦਲਾਂ ਦੇ ਕਬਜੇ ਤੋਂ ਮੁਕਤ ਕਰਵਾਇਆ ਜਾਵੇ। ਪੰਜਾਬ ਵਿਧਾਨ ਸਭਾ ‘ਚ ਮਤਾ ਪਾਸ ਹੋਣ ਨਾਲ ਇਸ ਮੁਹਿੰਮ ਨੂੰ ਹੋਰ ਹੁਲਾਰਾ ਮਿਲੇਗਾ। ਬੇਸ਼ੱਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਧਿਕਾਰ ਦਿੱਤੇ ਗਏ ਹਨ, ਕਿ ਮਤੇ ਦੀ ਭਾਵਨਾਂ ਬਾਰੇ ਕੇਂਦਰੀ ਗ੍ਰਹਿ ਮੰਤਰੀ ਨਾਲ ਗੱਲ ਕਰਨਗੇ। ਦੇਸ਼ ਵਿੱਚ ਲੋਕਸਭਾ ਦੀਆਂ ਚੋਣਾਂ ਦੇ ਮੱਦੇ ਨਜ਼ਰ ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਨੇੜ ਭਵਿੱਖ ਵਿੱਚ ਹੋਣ ਦੀ ਸੰਭਾਵਨਾਂ ਤਾਂ ਨਹੀਂ ਨਜ਼ਰ ਆਉਂਦੀ ਪਰ ਇਸ ਨਾਲ ਮੈਦਾਨ ਜ਼ਰੂਰ ਭਖ ਗਿਆ ਹੈ।

 

Share this Article
Leave a comment