ਰਾਜਾ ਵੜਿੰਗ ਨੇ ਕਿਸਾਨਾਂ ਨਾਲ ਹੋ ਰਹੇ ਧੱਕੇ ਵਿਰੁੱਧ ਸੰਸਦ ‘ਚ ਜ਼ੋਰਦਾਰ ਚੁੱਕੀ ਆਵਾਜ਼

Global Team
3 Min Read

ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਲੋਕ ਸਭਾ ਵਿੱਚ ਭਾਜਪਾ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਅੱਜ ਲੋਕ ਸਭਾ ਭਵਨ ਦੇ ਬਾਹਰ ਵੜਿੰਗ ਸਮੇਤ ਪਟਿਆਲਾ ਤੋਂ ਸੰਸਦ ਮੈਂਬਰ ਧਰਮਵੀਰ ਗਾਂਧੀ, ਗੁਰਦਾਸਪੁਰ ਦੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ, ਸ੍ਰੀ ਫਤਹਿਗੜ੍ਹ ਸਾਹਿਬ ਤੋਂ ਸੰਸਦ ਮੈਂਬਰ ਡਾ.ਅਮਰ ਸਿੰਘ ਅਤੇ ਫਿਰੋਜ਼ਪੁਰ ਤੋਂ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਨੇ ਭਾਜਪਾ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।

ਹੱਥਾਂ ਵਿੱਚ ਤਖ਼ਤੀਆਂ ਫੜ ਰੋਸ ਪ੍ਰਦਰਸ਼ਨ ਕਰ ਰਹੇ ਰਾਜਾ ਵੜਿੰਗ ਨੇ ਕਿਹਾ ਕਿ ਕਿਸਾਨਾਂ ਦੇ ਨਾਲ ਲੁੱਟ ਹੋ ਰਹੀ ਹੈ, ਕਿਸਾਨਾਂ ਦੀ ਦੀਵਾਲੀ ਵੀ ਮੰਡੀਆਂ ‘ਚ ਨਿਕਲੀ, ਕਿਸਾਨਾਂ ਨੂੰ 25 ਦਿਨ ਮੰਡੀਆਂ ‘ਚ ਖੱਜਲ ਹੋਣਾ ਪਿਆ ਤੇ ਲਗਭਗ 25 ਸਾਲਾ ਬਾਅਦ ਅਜਿਹੇ ਹਾਲਾਤਾ ਬਣੇ ਹਨ। ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਐਮਐਸਪੀ ਤੋਂ ਥੱਲੇ ਕਿਸਾਨਾਂ ਨੂੰ ਆਪਣਾ ਝੋਨਾ ਵੇਚਣ ਲਈ ਮਜ਼ਬੂਰ ਹੋਣਾ ਪਿਆ।

ਵੜਿੰਗ ਨੇ ਭਾਜਪਾ ਨੂੰ ਕਿਸਾਨ ਵਿਰੋਧੀ ਕਰਾਰ ਦਿੰਦਿਆਂ ਕਿਹਾ ਕਿ ਭਾਜਪਾ ਪੰਜਾਬ ਵਿੱਚੋਂ ਫ਼ਸਲਾਂ ਦੀ ਖ਼ਰੀਦ ਵਿੱਚ ਦੇਰੀ ਕਰ ਰਹੀ ਹੈ। ਇਸ ਦੌਰਾਨ ਰਾਜਾ ਵੜਿੰਗ ਨੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ‘ਤੇ ਵੀ ਨਿਸ਼ਾਨਾ ਸਾਧਿਆ। ਵੜਿੰਗ ਨੇ ਕਿਹਾ ਕਿ ਪ੍ਰਿਅੰਕਾ ਗਾਂਧੀ ਦੇਸ਼ ਅਤੇ ਇਸ ਦੇ ਲੋਕਾਂ ਲਈ ਆਪਣੀ ਆਵਾਜ਼ ਉਠਾਉਂਦੀ ਰਹੀ ਹੈ। ਦੇਸ਼ ਦੇ ਲੋਕਾਂ ਵਿੱਚ ਮੰਗ ਸੀ ਕਿ ਪ੍ਰਿਅੰਕਾ ਨੂੰ ਰਾਜਨੀਤੀ ਵਿੱਚ ਆਉਣਾ ਚਾਹੀਦਾ ਹੈ। ਜਿੱਥੋਂ ਤੱਕ ਰਵਨੀਤ ਸਿੰਘ ਬਿੱਟੂ ਦਾ ਸਵਾਲ ਹੈ, ਬਿੱਟੂ ਖੁਦ ਤਿੰਨ ਵਾਰ ਕਾਂਗਰਸ ਦੇ ਸੰਸਦ ਮੈਂਬਰ ਰਹਿ ਚੁੱਕੇ ਹਨ। ਉਨ੍ਹਾਂ ਦੇ ਦਾਦਾ ਬੇਅੰਤ ਸਿੰਘ ਮੁੱਖ ਮੰਤਰੀ ਰਹਿ ਚੁੱਕੇ ਹਨ। ਉਨ੍ਹਾਂ ਦੇ ਭਰਾ ਨੂੰ ਕਾਂਗਰਸ ਪਾਰਟੀ ਨੇ ਮੰਤਰੀ ਅਤੇ ਵਿਧਾਇਕ ਬਣਾਇਆ ਸੀ। ਬਿੱਟੂ ਦਾ ਚਾਚਾ ਮੰਤਰੀ ਰਹਿ ਚੁੱਕਾ ਹੈ। ਉਸ ਦੀ ਮਾਸੀ ਮੰਤਰੀ ਰਹਿ ਚੁੱਕੀ ਹੈ। ਬਿੱਟੂ ਨੇ ਕਾਂਗਰਸ ਸਰਕਾਰ ਵੇਲੇ ਆਪਣੇ ਭਰਾ ਨੂੰ ਪੁਲਿਸ ਵਿੱਚ ਡੀਐਸਪੀ ਵਜੋਂ ਭਰਤੀ ਕਰਵਾਇਆ ਸੀ। ਜੇਕਰ ਬਿੱਟੂ ਪਰਿਵਾਰਵਾਦ ਦੀ ਗੱਲ ਕਰੇਗਾ ਤਾਂ ਲੋਕ ਪਹਿਲਾਂ ਉਸ ਨੂੰ ਇਹ ਸਵਾਲ ਪੁੱਛਣਗੇ। ਬਿੱਟੂ ਦਾ ਆਪਣਾ ਪੂਰਾ ਪਰਿਵਾਰ ਸਿਆਸਤ ਵਿੱਚ ਹੈ। ਵੜਿੰਗ ਨੇ ਕਿਹਾ ਕਿ ਮੈਂ ਇਹ ਨਹੀਂ ਕਹਿਣਾ ਚਾਹੁੰਦਾ ਕਿ ਬਿੱਟੂ ਦੇ ਭਰਾ ਵਿੱਚ ਅਜਿਹੀ ਕੋਈ ਯੋਗਤਾ ਨਹੀਂ ਸੀ ਕਿ ਉਹ ਡੀ.ਐਸ.ਪੀ. ਬਣੇ, ਪਰ ਇਸ ਕਾਰਨ ਬਿੱਟੂ ਵੱਲੋਂ ਪਰਿਵਾਰਵਾਦ ਦੀ ਗੱਲ ਕਰਨੀ ਮੁਨਾਸਿਬ ਨਹੀਂ।

ਉਹਨਾਂ ਕਿਹਾ ਹੁਣ ਤੱਕ ਲੋਕ ਸਭਾ ਦੇ ਸਾਰੇ ਸੈਸ਼ਨਾਂ ਵਿੱਚ ਬਿੱਟੂ ਨੂੰ ਬੋਲਣ ਦਾ ਮੌਕਾ ਨਹੀਂ ਦਿੱਤਾ ਗਿਆ, ਕਿਉਂਕਿ ਭਾਜਪਾ ਜਾਣਦੀ ਹੈ ਕਿ ਬਿੱਟੂ ਲੋਕ ਸਭਾ ਸੰਭਾਲਣ ਦੇ ਯੋਗ ਨਹੀਂ ਹਨ। ਆਪਣੀਆਂ ਨਾਕਾਮੀਆਂ ਨੂੰ ਛੁਪਾਉਣ ਲਈ ਬਿੱਟੂ ਸਪੱਸ਼ਟ ਬਿਆਨ ਦਿੰਦਾ ਹੈ ਤਾਂ ਜੋ ਉਹ ਮੀਡੀਆ ਵਿੱਚ ਬਣਿਆ ਰਹੇ।

Share This Article
Leave a Comment