ਪਟਿਆਲਾ : ਜਿਸ ਵੇਲੇ 27 ਅਗਸਤ 2018 ਨੂੰ ਪੰਜਾਬ ਵਿਧਾਨ ਸਭਾ ਅੰਦਰ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ‘ਤੇ ਬਹਿਸ ਹੋਈ ਤੇ ਇਹ ਫੈਸਲਾ ਹੋਇਆ ਕਿ ਬੇਅਦਬੀ ਅਤੇ ਗੋਲੀ ਕਾਂਡ ਦੀ ਜਾਂਚ ਲਈ ਐਸਆਈਟੀ ਦਾ ਗਠਨ ਕੀਤਾ ਜਾਵੇਗਾ, ਉਸ ਵੇਲੇ ਤੱਕ ਪੰਜਾਬ ਦੇ ਆਈਪੀਐਸ ਅਧਿਕਾਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਕੁਝ ਇਲਾਕਿਆਂ ਵਿੱਚ ਤਾਂ ਆਪਣੇ ਕੀਤੇ ਗਏ ਕੰਮਾਂ ਕਾਰਨ ਲੋਕਾਂ ਵਿੱਚ ਹਰਮਨ ਪਿਆਰੇ ਸਨ, ਪਰ ਇੰਨੇ ਨਹੀਂ ਸਨ, ਜਿਨ੍ਹੇਂ ਇੰਨੀਂ ਦਿਨੀਂ ਹੋ ਚੁੱਕੇ ਹਨ। ਇਸ ਦਾ ਕਾਰਨ ਇਹ ਹੈ, ਕਿ ਇਸ ਪੁਲਿਸ ਅਧਿਕਾਰੀ ਨੇ ਬੇਅਦਬੀ ਤੇ ਗੋਲੀ ਕਾਂਡ ਦੀਆਂ ਘਟਨਾਵਾਂ ਦੀ ਜਾਂਚ ਇਸ ਢੰਗ ਨਾਲ ਕੀਤੀ ਹੈ, ਕਿ ਸੂਬੇ ਦੀ ਵੱਡੀ ਗਿਣਤੀ ਜਨਤਾ ਅੱਜ ਉਸ ਵੇਲੇ ਚੋਣ ਕਮਿਸ਼ਨ ਨਾਲ ਵੀ ਟਕਰਾਉਣ ਨੂੰ ਤਿਆਰ ਹੋ ਗਈ ਹੈ, ਜਦੋਂ ਅਕਾਲੀ ਦਲ ਦੀ ਸ਼ਿਕਾਇਤ ‘ਤੇ ਕਮਿਸ਼ਨ ਨੇ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਬੇਅਦਬੀ ਅਤੇ ਗੋਲੀ ਕਾਂਡ ਦੀਆਂ ਘਟਨਾਵਾਂ ਦੀ ਜਾਂਚ ਤੋਂ ਹਟਾ ਦਿੱਤਾ ਹੈ। ਅੱਜ ਹਾਲਾਤ ਇਹ ਹਨ ਕਿ ਪੰਜਾਬ ਦੇ ਜਿਆਦਾਤਰ ਲੋਕ ਆਪਣੇ ਕੇਸਾਂ ਦੀ ਜਾਂਚ ਕੁੰਵਰ ਵਿਜੇ ਪ੍ਰਤਾਪ ਸਿੰਘ ਤੋਂ ਕਰਵਾਉਣ ਦੀ ਇੰਝ ਮੰਗ ਕਰ ਰਹੇ ਹਨ ਜਿਵੇਂ ਇਸ ਤੋਂ ਪਹਿਲਾਂ ਜਾਂਚ ਸੀਬੀਆਈ ਤੋਂ ਕਰਵਾਉਣ ਦੀ ਮੰਗ ਕਰਿਆ ਕਰਦੇ ਸਨ।
ਅਜਿਹੇ ਹਾਲਾਤ ਕਿਉਂ ਬਣੇ, ਤੇ ਲੋਕਾਂ ਦਾ ਵਿਸਵਾਸ਼ ਇਸ ਪੁਲਿਸ ਅਧਿਕਾਰੀ ਵਿੱਚ ਇੰਨਾ ਪੱਕਾ ਕਿਉਂ ਹੋ ਗਿਆ? ਇਸ ਗੱਲ ਨੂੰ ਸਮਝਨ ਲਈ ਸਾਨੂੰ ਕੁੰਵਰ ਵਿਜੇ ਪ੍ਰਤਾਪ ਸਿੰਘ ਵੱਲੋਂ ਕੀਤੀਆਂ ਗਈਆਂ ਕੁਝ ਜਾਂਚਾ ਤੇ ਉਨ੍ਹਾਂ ਦੀ ਨਿੱਜੀ ਜਿੰਦਗੀ ‘ਤੇ ਵੀ ਝਾਤ ਮਾਰਨੀ ਪਵੇਗੀ। ਬਹੁਤ ਪਿੱਛੇ ਨਾ ਜਾ ਕੇ ਜੇਕਰ ਆਪਾਂ ਮੌਜੂਦਾ ਸਮੇਂ ‘ਚ ਬੇਅਦਬੀ ਅਤੇ ਗੋਲੀ ਕਾਂਡ ਦੀਆਂ ਘਟਨਾਵਾਂ ਸਬੰਧੀ ਬਣਾਈ ਗਈ ਐਸਆਈਟੀ ਦੇ ਮੈਂਬਰ ਬਣੇ ਆਈ ਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਹੌਂਸਲੇ ਨੂੰ ਵੇਖੀਏ ਤਾਂ ਪੰਜਾਬ ਦੇ ਲੋਕਾਂ ਨੇ ਲੰਮੇਂ ਸਮੇਂ ਬਾਅਦ ਇਹ ਇੱਕ ਅਜਿਹਾ ਪੁਲਿਸ ਅਧਿਕਾਰੀ ਦੇਖਿਆ ਹੈ, ਜਿਸ ਨੇ ਆਪਣਾ ਕੰਮ ਕਰਦਿਆਂ ਨਾ ਆਪਣੇ ਮਹਿਕਮੇਂ ਦੇ ਲੋਕਾਂ ਦੀ ਪ੍ਰਵਾਹ ਕੀਤੀ ਹੈ ਤੇ ਨਾ ਹੀ ਵਿਰੋਧੀ ਧਿਰ ਦੇ ਸਿਆਸਤਦਾਨਾਂ ਦੀ। ਜਿੱਥੇ ਇਸ ਪੁਲਿਸ ਅਧਿਕਾਰੀ ਨੇ ਚਰਨਜੀਤ ਸ਼ਰਮਾਂ ਵਰਗੇ ਸਾਬਕਾ ਐਸਐਸਪੀ ਰੈਂਕ ਦੇ ਅਧਿਕਾਰੀ ਨੂੰ ਘਰੋਂ ਚੁੱਕ ਕੇ ਗ੍ਰਿਫਤਾਰ ਕਰ ਲਿਆ, ਉੱਥੇ ਦੂਜ਼ੇ ਪਾਸੇ ਡਿਊਟੀ ‘ਤੇ ਤਾਇਨਾਤ ਆਪਣੇ ਹੀ ਹਮ ਰੁਤਬਾ ਰੈਂਕ ਦੇ ਅਧਿਕਾਰੀ ਪਰਮਰਾਜ ਸਿੰਘ ਉਮਰਾਨੰਗਲ ਨੂੰ ਵੀ ਪੁਲਿਸ ਹੈਡ ਕੁਆਟਰ ਵਿੱਚ ਉਸ ਦੇ ਦਫਤਰ ਨੇੜਿਓਂ ਨਾ ਸਿਰਫ ਗ੍ਰਿਫਤਾਰ ਕੀਤਾ ਬਲਕਿ ਉਸ ਖਿਲਾਫ ਅਦਾਲਤ ਵਿੱਚ ਅਜਿਹੇ ਸਬੂਤ ਪੇਸ਼ ਕਰਨ ਦਾ ਦਾਅਵਾ ਕੀਤਾ ਜਿਸ ਰਾਹੀਂ ਇਸ ਕੇਸ ਨੂੰ ਆਪਣੇ ਅੰਜਾਮ ‘ਤੇ ਪਹੁੰਚਾਇਆ ਜਾ ਸਕੇ। ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਇਸ ਕਦਮ ਨੇ ਪੰਜਾਬ ਪੁਲਿਸ ਦੇ ਸਾਬਕਾ ਡੀਜੀਪੀ ਰੈਂਕ ਦੇ ਉਸ ਪੁਲਿਸ ਅਧਿਕਾਰੀ ਸੁਮੇਧ ਸੈਣੀ ਤੱਕ ਨੂੰ ਬੇਅਦਬੀ ਤੇ ਗੋਲੀ ਕਾਂਡ ਮਾਮਲਿਆਂ ਵਿੱਚ ਮੀਡੀਆ ‘ਚ ਆ-ਆ ਕੇ ਲਗਾਤਾਰ ਬਿਆਨ ਦੇਣ ਲਈ ਮਜਬੂਰ ਕਰ ਦਿੱਤਾ ਸੀ ਜਿਹੜੇ ਕਿ ਉਨ੍ਹਾਂ ਕਾਂਡਾਂ ਤੋਂ ਬਾਅਦ ਲੰਮੇ ਸਮੇਂ ਤੱਕ ਚੁੱਪੀ ਧਾਰੀ ਬੈਠੇ ਸਨ।
ਇਸ ਤੋਂ ਇਲਾਵਾ ਇਸ ਆਈਜੀ ਵੱਲੋਂ ਬਾਦਲਾਂ ਦੇ ਕਰੀਬੀ ਮੰਨੇ ਜਾਂਦੇ ਮਨਤਾਰ ਬਰਾੜ ਵਰਗੇ ਸਾਬਕਾ ਵਿਧਾਇਕ ਵਿਰੁੱਧ ਪਰਚਾ ਦੇ ਕੇ ਬਾਦਲਾਂ ਨੂੰ ਵੀ ਇਹ ਸੰਦੇਸ਼ ਦੇ ਦਿੱਤਾ ਸੀ ਕਿ ਅਗਲੀ ਵਾਰੀ ਹੁਣ ਤੁਹਾਡੀ ਹੈ। ਵਿਰੋਧੀਆਂ ਦਾ ਦਾਅਵਾ ਹੈ ਕਿ ਇਹੋ ਕਾਰਨ ਹੈ, ਜਿਸ ਲਈ ਅਕਾਲੀ ਦਲ ਨੇ ਕੁੰਵਰ ਵਿਜੇ ਪ੍ਰਤਾਪ ਸਿੰਘ ਵਿਰੁੱਧ ਸ਼ਿਕਾਇਤ ਕੀਤੀ, ਤੇ ਉਨ੍ਹਾਂ ਨੂੰ ਇਸ ਜਾਂਚ ਤੋਂ ਹਟਾ ਦਿੱਤਾ ਗਿਆ। ਇਸੇ ਤਰ੍ਹਾਂ ਪਟਿਆਲਾ ਜੇਲ੍ਹ ਵਿੱਚ ਕੈਦੀਆਂ ਨਾਲ ਬਦਫੈਲੀ ਕਰਨ, ਉਨ੍ਹਾਂ ਨਾਲ ਕੁੱਟਮਾਰ ਕਰਨ ਤੇ ਬਲੈਕਮੇਲਿੰਗ ਰਾਹੀਂ ਉਨ੍ਹਾਂ ਤੋਂ ਲੱਖਾਂ ਰੁਪਏ ਵਸੂਲਣ ਦੇ ਦੋਸ਼ਾਂ ਦੀ ਜਾਂਚ ਇਸੇ ਸਾਲ ਜਨਵਰੀ ਮਹੀਨੇ ਵਿੱਚ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਹਵਾਲੇ ਕੀਤੀ ਗਈ ਸੀ। ਆਈ ਜੀ ਨੇ ਇਸ ਮਾਮਲੇ ਦੀ ਜਾਂਚ ਵੀ ਤੇਜੀ ਨਾਲ ਅੰਦਰ ਕਰਕੇ ਰਿਪੋਰਟ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਹਵਾਲੇ ਕਰ ਦਿੱਤੀ। ਜਿਨ੍ਹਾਂ ਨੇ ਉਸੇ ਰਿਪੋਰਟ ਦੇ ਅਧਾਰ ‘ਤੇ ਪਟਿਆਲਾ ਜੇਲ੍ਹ ਦੇ ਸੁਪਰਡੈਂਟ ਰਾਜਨ ਕਪੂਰ, ਸਹਾਇਕ ਵਿਕਾਸ ਸਰਮਾਂ, ਸੁਖਜਿੰਦਰ ਸਿੰਘ ਤੇ ਹੈਡ ਵਾਰਡਨ ਪ੍ਰਗਿਆਨ ਸਿੰਘ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ।
ਸਾਲ 1999 ਦੌਰਾਨ ਅੰਮ੍ਰਿਤਸਰ ਤੋਂ ਬਤੌਰ ਏਐਸਪੀ ਆਪਣੇ ਕੈਰੀਅਰ ਦੀ ਸ਼ੁਰੂਆਤ ਕਰਨ ਵਾਲੇ ਕੁੰਵਰ ਵਿਜੇ ਪ੍ਰਤਾਪ ਸਿੰਘ ਲਈ ਅਜਿਹੇ ਹਾਈ ਪ੍ਰੋਫਾਇਲ ਕੇਸਾਂ ਦੀ ਜਾਂਚ ਕਰਨਾ ਕੋਈ ਨਵੀਂ ਗੱਲ ਨਹੀਂ ਹੈ। ਇਸ ਤੋਂ ਪਹਿਲਾਂ ਸਾਲ 2002 ਦੌਰਾਨ ਜਦੋਂ ਉਹ ਅੰਮ੍ਰਿਤਸਰ ਵਿਖੇ ਬਤੌਰ ਐਸਪੀ ਸਿਟੀ ਤਾਇਨਾਤ ਸਨ ਤਾਂ ਉਦੋਂ ਉਨ੍ਹਾਂ ਨੇ ਅੰਮ੍ਰਿਤਸਰ ਕਿਡਨੀ ਸਕੈਂਡਲ ਦਾ ਪਰਦਾ ਫਾਸ਼ ਕਰਨ ਦਾ ਦਾਅਵਾ ਕੀਤਾ ਸੀ। ਇਸ ਤੋਂ ਇਲਾਵਾ ਸਾਲ 2003 ਦੌਰਾਨ ਉਨ੍ਹਾਂ ਨੇ ਅੰਮ੍ਰਿਤਸਰ ਸੈਕਸ ਸਕੈਂਡਲ ਦੀ ਜਾਂਚ ਕੀਤੀ ਜਿਸ ਵਿੱਚ ਉੱਥੋਂ ਦੇ ਸਥਾਨਕ ਸਿਆਸਤਦਾਨਾਂ ਤੋਂ ਇਲਾਵਾ ਕਈ ਕੇਵਲ ਨੈੱਟਵਰਕ ਓਪਰੇਟਰਾਂ ‘ਤੇ ਵੀ ਪਰਚਾ ਦਰਜ ਕੀਤਾ ਸੀ, ਜਿਸ ਦੀ ਜਾਂਚ ਬਾਅਦ ਵਿੱਚ ਹਾਈ ਕੋਰਟ ਦੇ ਹੁਕਮਾਂ ‘ਤੇ ਸੀਬੀਆਈ ਦੇ ਹਵਾਲੇ ਕਰ ਦਿੱਤੀ ਗਈ। ਜਿਸ ਵਿੱਚ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਸਾਲ 2013 ਦੌਰਾਨ ਫੈਸਲਾ ਸੁਣਾਉਂਦਿਆਂ ਸ਼ਿਕਾਇਤ ਕਰਤਾ ਔਰਤ ਦੇ ਆਪਣੇ ਬਿਆਂਨ ਤੋਂ ਪਲਟ ਜਾਣ ਕਾਰਨ ਸਾਰਿਆਂ ਨੂੰ ਬਰੀ ਕਰ ਦਿੱਤਾ ਸੀ।
- Advertisement -
ਇਸ ਦੇ ਬਾਵਜੂਦ ਮੌਜੂਦਾ ਸਮੇਂ ਅਕਾਲੀ ਦਲ ਨੂੰ ਕੁੰਵਰ ਵਿਜੇ ਪ੍ਰਤਾਪ ਸਿੰਘ ਫੁੱਟੀ ਅੱਖ ਨਹੀਂ ਭਾਉਂਦੇ। ਪਰ ਸਿਆਸਤਦਾਨਾਂ ਨਾਲ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਟਕਰਾਅ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਕੁੰਵਰ ਵਿਜੇ ਪ੍ਰਤਾਪ ਸਿੰਘ ਜਦੋਂ ਆਈਜੀ ਸਾਲ 2009 ਵਿੱਚ ਅੰਮ੍ਰਿਤਸਰ ਵਿੱਚ ਬਤੌਰ ਐਸਐਸਪੀ ਤਾਇਨਾਤ ਸਨ ਤਾਂ ਉਸ ਵੇਲੇ ਦੇ ਬੀਜੇਪੀ ਵਿਧਾਇਕ ਅਨਿਲ ਜੋਸ਼ੀ ਨੇ ਤਾਂ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਖਿਲਾਫ ਭੁੱਖ ਹੜਤਾਲ ਤੱਕ ਕਰ ਦਿੱਤੀ ਸੀ। ਜਿਸ ਤੋਂ ਬਾਅਦ ਜਦੋਂ ਉਨ੍ਹਾਂ ਦਾ ਤਬਾਦਲ ਕਰ ਦਿੱਤਾ ਗਿਆ ਤਾਂ ਇਲਾਕੇ ਦੀਆਂ ਕਈ ਸਮਾਜ ਸੇਵੀ ਸੰਸਥਾਵਾਂ ਇਕੱਠੀਆਂ ਹੋ ਕੇ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਹੱਕ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੱਕ ਪਹੁੰਚ ਗਈਆਂ ਜਿਨ੍ਹਾਂ ਨੇ ਆਈਜੀ ਦੇ ਤਬਾਦਲੇ ਨੂੰ ਅਦਾਲਤ ਵਿੱਚ ਚੈਲੰਜ ਕੀਤਾ ਸੀ। ਜਲੰਧਰ ਤੇ ਲੁਧਿਆਣਾ ਵਿੱਚ ਬਤੌਰ ਕਮਿਸ਼ਨਰ ਵੀ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਸਬੰਧ ਸਿਆਸਤਦਾਨਾਂ ਨਾਲ ਕੋਈ ਬਹੁਤੇ ਸੁਖਾਵੇਂ ਨਹੀਂ ਰਹੇ ਤੇ ਉੱਥੋਂ ਦੇ ਸਥਾਨਕ ਸਿਆਸਤਦਾਨ ਵੀ ਆਈ ਜੀ ਦੇ ਕੰਮ ਕਰਨ ਦੇ ਢੰਗ ਤੋਂ ਬੇਹੱਦ ਦੁਖੀ ਰਹੇ ਸਨ, ਤੇ ਇਸ ਦਾ ਨਤੀਜਾ ਇਹ ਨਿੱਕਲਿਆ ਸੀ ਕਿ ਇਨ੍ਹਾਂ ਦੋਵਾਂ ਥਾਂਵਾਂ ਤੋਂ ਵੀ ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਉਸ ਤੋਂ ਬਾਅਦ ਜਲਦ ਤਬਾਦਲਾ ਕਰ ਦਿੱਤਾ ਗਿਆ।
ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਸਾਲ 2002 ਦੌਰਾਨ ਹੀ 53 ਅਜਿਹੇ ਮਜਦੂਰ ਬੱਚਿਆਂ ਨੂੰ ਛੁਡਵਾਇਆ ਜਿਨ੍ਹਾਂ ਦਾ ਉਨ੍ਹਾਂ ਦੇ ਕੰਮ ਕਰਵਾਉਣ ਵਾਲੇ ਮਾਲਕਾਂ ਵੱਲੋਂ ਬੁਰੀ ਤਰ੍ਹਾਂ ਸੋਸ਼ਣ ਕੀਤਾ ਜਾ ਰਿਹਾ ਸੀ। ਇਸੇ ਤਰ੍ਹਾਂ ਇਹ ਹੀ ਉਹ ਪੁਲਿਸ ਅਧਿਕਾਰੀ ਸੀ ਜਿਨ੍ਹਾਂ ਨੇ ਸਰਕਾਰੀ ਮੈਡੀਕਲ ਕਾਲਜਾਂ ਵਿੱਚ ਗੈਰ ਕਾਨੂੰਨੀ ਢੰਗ ਨਾਲ ਦਾਖਲਾ ਦਿੱਤੇ ਜਾਣ ਦੇ ਸਕੈਂਡਲ ਦਾ ਪਰਦਾ ਫਾਸ਼ ਕਰਨ ਦਾ ਦਾਅਵਾ ਕੀਤਾ ਸੀ ਜਿਸ ਵਿੱਚ ਉਨ੍ਹਾਂ ਦਾ ਦਾਅਵਾ ਹੈ ਕਿ ਮੈਡੀਕਲ ਕਾਲਜਾਂ ਵਾਲੇ ਪਰੀ ਮੈਡੀਕਲ ਟੈਸਟ(ਪੀਐਮਟੀ) ਦੇ ਪੇਪਰਾਂ ਨੂੰ ਲੀਕ ਕਰਕੇ ਇਹ ਗੋਰਖ ਧੰਦਾ ਚਲਾਉਂਦੇ ਸਨ।
ਕੁੰਵਰ ਵਿਜੇ ਪ੍ਰਤਾਪ ਸਿੰਘ ਵੱਲੋਂ ਉਕਤ ਜਾਂ ਹੋਰਾਂ ਕੇਸਾਂ ਵਿੱਚ ਕੀਤੀਆਂ ਗਈਆਂ ਇਹ ਜਾਂਚਾਂ ਕਿੰਨੀਆਂ ਕੁ ਸੱਚੀਆਂ ਹਨ ਤੇ ਕਿੰਨੀਆਂ ਕੁ ਝੂਠੀਆਂ ਇਸ ਦਾ ਫੈਸਲਾ ਤਾਂ ਅਦਾਲਤ ਨੇ ਕਰਨਾ ਹੈ, ਪਰ ਇੰਨਾ ਜਰੂਰ ਹੈ, ਕਿ ਬੀਤੇ ਸਮੇਂ ਦੌਰਾਨ ਕੁੰਵਰ ਵਿਜੇ ਪ੍ਰਤਾਪ ਨੇ ਜਿਸ ਦਲੇਰੀ ਨਾਲ ਉਨ੍ਹਾਂ ਨੂੰ ਸੌਂਪੇ ਗਏ ਕੇਸਾਂ ਦੀ ਜਾਂਚ ਕੀਤੀ ਹੈ ਤੇ ਜਿਸ ਦਲੇਰੀ ਨਾਲ ਉਨ੍ਹਾਂ ਨੇ ਬਾਦਲਾਂ ਸਣੇ ਹੋਰ ਸਿਆਸਤਦਾਨਾਂ ਨੂੰ ਠੋਕ ਕੇ ਜਵਾਬ ਦਿੱਤਾ ਹੈ, ਉਸ ਨੂੰ ਦੇਖਦਿਆਂ ਆਈ ਜੀ ਹਰਮਨਪਿਆਰਤਾ ਵਿੱਚ ਕਈ ਗੁਣਾਂ ਵਾਧਾ ਹੋਇਆ ਹੈ। ਇਹੋ ਕਾਰਨ ਹੈ ਕਿ ਹੁਣ ਹਰ ਕੋਈ ਇਨਸਾਫ ਲੈਣ ਲਈ ਆਪਣੇ ਕੇਸ ਦੀ ਜਾਂਚ ਕੁੰਵਰ ਵਿਜੇ ਪ੍ਰਤਾਪ ਸਿੰਘ ਤੋਂ ਇੰਝ ਕਰਵਾਉਣਾ ਚਾਹੁੰਦਾ ਹੈ ਜਿਵੇਂ ਪਿਛਲੇ ਲੰਮੇ ਸਮੇਂ ਤੋਂ ਸਾਰੇ ਸੀਬੀਆਈ ਤੋਂ ਕਰਵਾਉਣ ਦੀ ਮੰਗ ਕਰਦੇ ਆ ਰਹੇ ਹਨ। ਸੋ ਮੰਨੋਂ ਭਾਵੇਂ ਨਾ ਜਿਹੜੇ ਲੋਕ ਨਿਰਪੱਖ ਜਾਂਚ ਕਰਵਾਉਣ ਦੀ ਆਸ ਲੈ ਕੇ ਪੁਲਿਸ ਮਹਿਕਮੇਂ ਕੋਲ ਜਾਂਦੇ ਹਨ ਉਨ੍ਹਾਂ ਲਈ ਪੰਜਾਬ ਦੀ ਸੀਬੀਆਈ ਬਣਦੇ ਜਾ ਰਹੇ ਹਨ ਕੁੰਵਰ ਵਿਜੇ ਪ੍ਰਤਾਪ ਸਿੰਘ। ਹੁਣ ਸਿਆਸਤਦਾਨਾਂ ਨੂੰ ਇਹ ਗੱਲ ਕਿੰਨੀ ਕੁ ਦੇਰ ਤੱਕ ਹਜ਼ਮ ਹੁੰਦੀ ਰਹੇਗੀ, ਇਹ ਆਪਣੇ ਆਪ ਵਿੱਚ ਇੱਕ ਵੱਡਾ ਸਵਾਲ ਬਣ ਕੇ ਉਭਰ ਰਿਹਾ ਹੈ।