ਓਨਟਾਰੀਓ: ਕੈਨੇਡਾ ਦੇ ਸੂਬੇ ਓਨਟਾਰੀਓ ਵਿਖੇ ਸਥਿਤ ਵਸਾਗਾ ਬੀਚ ‘ਤੇ ਬੀਤੇ ਦਿਨੀਂ ਕੈਨੇਡਾ ਡੇ ਮਨਾਉਣ ਗਏ ਪੰਜਾਬੀ ਨੌਜਵਾਨ ਦੀ ਡੁੱਬਣ ਕਾਰਨ ਮੌਤ ਹੋ ਗਈ ਸੀ। ਜਿਸ ਦੀ ਪਹਿਚਾਣ 25 ਸਾਲਾ ਰੁਪੇਸ਼ ਨਰੂਲਾ ਉਰਫ ਰੂਬੀ ਵੱਜੋਂ ਹੋਈ, ਖਬਰਾਂ ਅਨੁਸਾਰ ਰੁਪੇਸ਼ ਬਿੱਗ ਬਾਸ 9 ਦੇ ਜੇਤੂ ਪ੍ਰਿੰਸ ਨਰੂਲਾ ਦੇ ਕਜ਼ਨ ਹਨ।
ਟੀ. ਵੀ. ਸਟਾਰ ਪ੍ਰਿੰਸ ਨਰੂਲਾ ਆਪਣੇ ਪਰਿਵਾਰ ਦੇ ਇਸ ਖਾਸ ਮੈਂਬਰ ਦੇ ਜਾਣ ‘ਤੇ ਬਹੁਤ ਦੁੱਖੀ ਹਨ ਤੇ ਰਿਪੋਰਟਾਂ ਅਨੁਸਾਰ ਇਸ ਦੁੱਖ ਦੀ ਘੜੀ ‘ਚ ਪ੍ਰਿੰਸ ਆਪਣੀ ਪਤਨੀ ਯੁਵਿਕਾ ਤੇ ਪਰਿਵਾਰ ਸਮੇਤ ਕੈਨੇਡਾ ਰਵਾਨਾ ਹੋ ਗਏ ਹਨ।
ਦੱਸ ਦਈਏ ਕਿ ਰੁਪੇਸ਼ ਨਰੂਲਾ ਮੋਹਾਲੀ ਦੇ ਫੇਜ਼-7 ਦਾ ਵਸਨੀਕ ਸੀ। ਰੁਪੇਸ਼ ਸੱਤ ਸਾਲ ਪਹਿਲਾਂ ਸਟੂਡੈਂਟ ਵੀਜ਼ਾ ‘ਤੇ ਕੈਨੇਡਾ ਪੜ੍ਹਨ ਆਇਆ ਸੀ। ਸਿੱਖਿਆ ਮੁਕੰਮਲ ਕਰਨ ਤੋਂ ਬਾਅਦ ਹੁਣ ਉਹ ਆਪਣੀ ਨੌਕਰੀ ਕਰ ਰਿਹਾ ਸੀ। ਇਸ ਸਾਲ ਦੇ ਮਾਰਚ ਵਿੱਚ ਹੀ ਰੂਬੀ ਦਾ ਵਿਆਹ ਹੋਇਆ ਸੀ ਤੇ ਉਹ 20 ਜੂਨ ਨੂੰ ਕੈਨੇਡਾ ਪਰਤਿਆ ਸੀ। ਉਸ ਦੀ ਪਤਨੀ ਨੇ ਅਗਲੇ ਮਹੀਨੇ ਕੈਨੇਡਾ ਪਹੁੰਚਣਾ ਸੀ।