ਕ੍ਰਾਈਸਟਚਰਚ : ਨਿਊਜ਼ੀਲੈਂਡ ਦੀਆਂ ਦੋ ਮਸਜਿਦਾਂ ‘ਤੇ ਗੋਲੀਬਾਰੀ ਕਰਨ ਵਾਲੇ ਮੁਲਜ਼ਮ ਵਿਰੁਧ 50 ਵਿਅਕਤੀਆਂ ਦੇ ਕਤਲ ਦਾ ਮਾਮਲਾ ਚਲਾਇਆ ਜਾਵੇਗਾ। ਇਸੇ ਹਫ਼ਤੇ ਮੁਲਜ਼ਮ ਨੂੰ ਅਦਾਲਤ ਵਿਚ ਮੁੜ ਤੋਂ ਪੇਸ਼ ਕੀਤਾ ਜਾਵੇਗਾ। ਨਿਊਜ਼ੀਲੈਂਡ ਪੁਲਿਸ ਨੇ ਦਸਿਆ ਕਿ ਹਮਲਾਵਰ ਬ੍ਰੈਂਟਨ ਟਾਰੇਂਟ ‘ਤੇ ਕਤਲ ਦਾ ਇਕ ਦੋਸ਼ ਲਗਾਇਆ ਗਿਆ ਸੀ ਪਰ ਪੁਲਿਸ ਨੇ ਕਿਹਾ ਕਿ ਸ਼ੁਕਰਵਾਰ ਨੂੰ ਹੋਣ ਵਾਲੀ ਸੁਣਵਾਈ ਵਿਚ ਹਮਲੇ ਵਿਚ ਮਾਰੇ ਗਏ ਸਾਰੇ ਲੋਕਾਂ ਅਤੇ ਜ਼ਖ਼ਮੀਆਂ ਦੇ ਸਬੰਧ ਵਿਚ ਵੀ ਉਸ ‘ਤੇ ਦੋਸ਼ ਤੈਅ ਕੀਤੇ ਜਾਣਗੇ।
ਪੁਲਿਸ ਅਧਿਕਾਰੀ ਨੇ ਕਿਹਾ ਕਿ ਇਸ ਹਮਲੇ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਨੂੰ ਸ਼ੁਕਰਵਾਰ ਨੂੰ ਜਦ ਕ੍ਰਾਈਸਟਚਰਚ ਦੀ ਹਾਈ ਕੋਰਟ ਵਿਚ ਪੇਸ਼ ਕੀਤਾ ਜਾਵੇਗਾ ਤਾਂ ਉਸ ‘ਤੇ 50 ਲੋਕਾਂ ਦੇ ਕਤਲ ਅਤੇ 39 ਲੋਕਾਂ ਦੇ ਕਤਲ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕੀਤਾ ਜਾਵੇਗਾ। ਪੁਲਿਸ ਨੇ ਕਿਹਾ ਕਿ ਟਾਰੇਂਟ ‘ਤੇ ਹੋਰ ਦੋਸ਼ ਲਗਾਉਣ ਦਾ ਵੀ ਵਿਚਾਰ ਕੀਤਾ ਜਾਵੇਗਾ ਪਰ ਉਨ੍ਹਾਂ ਇਸ ਬਾਰੇ ਕੋਈ ਪੂਰੀ ਜਾਣਕਾਰੀ ਨਹੀਂ ਦਿਤੀ। ਟਾਰੇਂਟ ਨੂੰ ਇਸ ਮਾਮਲੇ ਵਿਚ ਪਹਿਲੀ ਵਾਰ 16 ਮਾਰਚ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ।
ਜ਼ਿਕਰਯੋਗ ਹੈ ਕਿ ਆਸਟ੍ਰੇਲੀਆ ਮੂਲ ਦੇ 28 ਸਾਲਾ ਬ੍ਰੈਂਟਨ ਟਾਰੇਂਟ ਨੇ 15 ਮਾਰਚ ਨੂੰ ਮੱਧ ਕ੍ਰਾਈਸਟਚਰਚ ਦੀ ਅਲ ਨੂਰ ਮਸਜਿਦ ਅਤੇ ਸ਼ਹਿਰ ਦੇ ਬਾਹਰੀ ਹਿੱਸੇ ਵਿਚ ਲਿਨਵੁਡ ਮਸਜਿਦ ‘ਤੇ ਗੋਲੀਬਾਰੀ ਕਰ ਕੇ 50 ਲੋਕਾਂ ਨੂੰ ਮਾਰ ਦਿਤਾ ਸੀ। ਇਸ ਗੋਲੀਬਾਰੀ ਵਿਚ ਕਈ ਹੋਰ ਲੋਕ ਵੀ ਜ਼ਖ਼ਮੀ ਹੋਏ ਸਨ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ।