ਦਾਅਵਾ ਤਾਂ ਵੱਡਾ ਹੈ, ਕੀ ਬਣੂ ਜੇ ਇਹ ਵੀ ਸਾਥ ਛੱਡ ਗਏ ਖਹਿਰਾ ਦਾ ?

Prabhjot Kaur
3 Min Read

ਚੰਡੀਗੜ੍ਹ : ਜਿਵੇਂ ਕਿ ਤੈਅ ਕੀਤਾ ਗਿਆ ਸੀ, ਅੱਜ ਆਮ ਆਦਮੀ ਪਾਰਟੀ ਪੰਜਾਬ ਦੇ ਲਗਭਗ ਸਾਰੇ ਹੀ ਅਹੁਦੇਦਾਰ ਸੰਸਦ ਮੈਂਬਰ ਤੇ ਪਾਰਟੀ ਪੱਖੀ ਵਿਧਾਇਕ, ਆਪ ਦੀ ਪੰਜਾਬ ਕੋਰ ਕਮੇਟੀ ਦੇ 22 ਮੈਂਬਰ ਤੇ ਆਉਂਦੀਆਂ ਲੋਕ ਸਭਾ ਚੋਣਾਂ ਲਈ ਐਲਾਨੇ ਗਏ 5 ਉਮੀਦਵਾਰ, ਬਲਾਕ, ਹਲਕਾ, ਜ਼ਿਲ੍ਹਾ ਤੇ ਜ਼ੋਨ ਇੰਚਾਰਜ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨਾਲ ਮੀਟਿੰਗ ਕਰ ਰਹੇ ਹਨ। ਮੀਟਿੰਗ ਜਾਰੀ ਹੈ ਤੇ ਇਸ ਦੌਰਾਨ ਹੋਰਨਾਂ ਤੋਂ ਇਲਾਵਾ ਜਿਹੜਾ ਮੁੱਦਾ ਸਭ ਤੋਂ ਭਾਰੂ ਰਹਿਣ ਵਾਲਾ ਹੈ ਉਹ ਹੈ ਪੰਜਾਬ ਆਪ ਦੇ ਬਾਗ਼ੀ ਵਿਧਾਇਕਾਂ ਦਾ ।ਜਿਸ ਬਾਰੇ ਪੰਜਾਬ ਆਪ ਦੇ ਵੱਡੇ ਆਗੂ ਅੰਦਰੋਂ-ਅੰਦਰੀ ਦਾਅਵਾ ਕਰਕੇ ਗਏ ਹਨ ਕਿ ਉਨ੍ਹਾਂ ਦਾ ਖਹਿਰਾ ਧੜ੍ਹੇ ਦੇ ਉਨ੍ਹਾਂ ਬਾਕੀ ਦੇ 5 ਵਿਧਾਇਕਾਂ ਪਿਰਮਾਲ ਸਿੰਘ ਖਾਲਸਾ, ਨਾਜਰ ਸਿੰਘ ਮਾਨਸ਼ਾਹੀਆ, ਮਾਸਟਰ ਬਲਦੇਵ ਸਿੰਘ, ਜਗਤਾਰ ਸਿੰਘ ਜੱਗਾ ਹਿੱਸੋਵਾਲ ਤੇ ਜਗਦੇਵ ਸਿੰਘ ਨਾਲ ਵੀ ਲਗਾਤਾਰ ਗੱਲਬਾਤ ਚੱਲ ਰਹੀ ਹੈ ਤੇ ਇਨ੍ਹਾਂ ਵਿਚੋਂ ਘੱਟੋ ਘੱਟ 3 ਵਿਧਾਇਕ ਦਿੱਲੀ ਧੜ੍ਹੇ ਵਿੱਚ ਬਹੁਤ ਜਲਦ ਵਾਪਸੀ ਕਰ ਸਕਦੇ ਹਨ। ਇਨ੍ਹਾਂ ਦਾਅਵਿਆਂ ਦੇ ਬਾਹਰ ਆਉਂਦਿਆਂ ਹੀ ਜਿੱਥੇ ਖਹਿਰਾ ਧੜ੍ਹੇ ‘ਚ ਦੁਚਿੱਤੀ ਦੇ ਹਾਲਾਤ ਬਣਦੇ ਜਾ ਰਹੇ ਹਨ, ਉੱਥੇ ਪੰਜਾਬ ਜਮਹੂਰੀ ਗੱਠਜੋੜ ਦੇ ਸਾਥੀ ਧੜ੍ਹੇਆਂ ਵਲੋਂ ਵੀ ਇਨ੍ਹਾਂ ਨਾਜ਼ੁਕ ਹਾਲਾਤਾਂ ਤੇ ਕੈੜੀ ਨਿਗਾਹ ਰੱਖਣਾ ਲਾਜ਼ਮੀ ਹੈ।

ਅਰਵਿੰਦ ਕੇਜਰੀਵਾਲ ਦੀ ਨਵੀਂ ਦਿੱਲੀ ਸਥਿਤ ਰਿਹਾਇਸ਼ ‘ਤੇ ਜਾਰੀ ਇਸ ਮੀਟਿੰਗ ਵਿੱਚੋਂ ਬਾਹਰ ਆ ਰਹੀਆਂ ਖ਼ਬਰਾਂ ਅਨੁਸਾਰ ਪਾਰਟੀ ਅਹੁਦੇਦਾਰ ਸੱਜਣ ਕੁਮਾਰ ਨੂੰ ਸਿੱਖ ਕਤਲੇਆਮ ਦੇ ਕੇਸ ਵਿੱਚ ਸਜ਼ਾ ਮਿਲਣ ਤੋਂ ਬਾਅਦ ਜਿੱਥੇ ਇਹ ਮਤਾ ਪਕਾ ਕੇ ਆਏ ਹਨ ਕਿ ਉਹ ਇਸ ਗੱਲ ‘ਤੇ ਜੋਰ ਦੇਣਗੇ ਕਿ ਆਉਂਦੀਆਂ ਚੋਣਾਂ ਦੌਰਾਨ ਆਪ ਕਾਂਗਰਸ ਪਾਰਟੀ ਨਾਲ ਕਿਸੇ ਤਰ੍ਹਾਂ ਦਾ ਗੱਠਜੋੜ ਨਾ ਕਰੇ, ਉੱਥੇ ਪੰਜਾਬ ਅੰਦਰ ਅਕਾਲੀ ਦਲ, ਕਾਂਗਰਸ ਤੇ ਭਾਰਤੀ ਜਨਤਾ ਪਾਰਟੀ ਤੋਂ ਇਲਾਵਾ ਹੋਰ ਹਮਖਿਆਲੀ ਧੜਿਆਂ ਨਾਲ ਮਿਲ ਕੇ ਚੋਣਾਂ ਲੜਨ ਦੀਆਂ ਸੰਭਾਵਨਾਵਾਂ ਵੀ ਤਾਲਾਸ਼ੀਆਂ ਜਾਣ। ਇਸ ਮੀਟਿੰਗ ਵਿੱਚ ਪਾਰਟੀ ਵਿੱਚੋ ਮੁਅੱਤਲ ਕੀਤੇ ਵਿਧਾਇਕਾਂ ਸੁਖਪਾਲ ਖਹਿਰਾ ਤੇ ਕੰਵਰ ਸੰਧੂ ਵਿਰੁੱਧ ਵੀ ਵਿਸ਼ੇਸ਼ ਰਣਨੀਤੀ ਤਿਆਰ ਕਰਨ ‘ਤੇ ਜੋਰ ਦਿੱਤਾ ਜਾਵੇਗਾ ਕਿਉਂਕਿ ਕੁਝ ਲੋਕਾਂ ਨੂੰ ਇਹ ਡਰ ਹੈ ਕਿ ਆਉਂਦੀਆਂ ਚੋਣਾਂ ਦੌਰਾਨ ਪੰਜਾਬ ਅੰਦਰ ਪਾਰਟੀ ਨੂੰ ਇਹ ਲੋਕ ਕਾਫੀ ਨੁਕਸਾਨ ਪਹੁੰਚਾ ਸਕਦੇ ਹਨ।
ਹਾਲਾਂਕਿ ਮੀਟਿੰਗ ਅਜੇ ਜਾਰੀ ਹੈ ਤੇ ਨਤੀਜੇ ਦੇਰ ਸ਼ਾਮ ਤੱਕ ਆਉਣ ਦੀ ਸੰਭਾਵਨਾ ਹੈ ਪਰ ਫਿਰ ਵੀ ਜਿਸ ਤਰ੍ਹਾਂ ਦੇ ਦਾਅਵੇ ਨਿਕਲ-ਨਿਕਲ ਕੇ ਬਾਹਰ ਆ ਰਹੇ ਹਨ ਉਸ ਨੂੰ ਦੇਖ ਕੇ ਇਸ ਮੀਟਿੰਗ ਸਬੰਧੀ ਚਰਚਾਵਾਂ ਦਾ ਬਾਜ਼ਾਰ ਗਰਮ ਹੈ, ਤੇ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ ਕਿ ਜੈ ਕਿਸ਼ਨ ਰੋੜੀ ਤਾਂ ਕੇਜਰੀਵਾਲ ਕੋਲ ਵਾਪਸ ਮੁੜ ਕੇ ਸਰੋਪਾ ਪੁਆ ਆਏ ਹਨ ਲਿਹਾਜਾ ਫਿਰ ਕੀ ਬਣੂੰ, ਜੇ ਖਹਿਰਾ ਦੇ ਬਾਕੀ ਸਾਥੀ ਵੀ ਉਨ੍ਹਾਂ ਦਾ ਸਾਥ ਛੱਡ ਕੇ ਆਪਣੀ ਮੂਲ ਪਾਰਟੀ ‘ਚ ਵਾਪਸੀ ਕਰ ਗਏ ?

Share this Article
Leave a comment