ਢਿੱਲੋਂ ਨੇ ਕਿਹਾ ਕਿ ਅਜੇ ਵੀ ਸ਼ਰਾਬੀ ਹਨ ਮਾਨ, ਫਿਰ ਮਾਨ ਨੇ ਖੋਲ ‘ਤੇ ਅਜਿਹੇ ਰਾਜ਼ ਕਿ ਚਾਰੇ ਪਾਸੇ ਛਾ ਗਈ ਚੁੱਪੀ

TeamGlobalPunjab
5 Min Read

ਸੰਗਰੂਰ : ਜਿਵੇਂ ਕਿ ਸਾਰਿਆ ਨੂੰ ਪਤਾ ਹੈ ਕਿ ਚੋਣ ਪ੍ਰਕਿਰਿਆ ਸ਼ੁਰੂ ਹੋਣ ਤੋਂ ਪਹਿਲਾਂ ਬਰਨਾਲਾ ਵਿਖੇ ਇੱਕ ਵੱਡੀ ਚੋਣ ਰੈਲੀ ਕਰਕੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ‘ਆਪ’ ਸੁਪਰੀਮੋਂ ਅਰਵਿੰਦ ਕੇਜਰੀਵਾਲ ਦੀ ਹਾਜਰੀ ਵਿੱਚ ਆਪਣੀ ਮਾਂ ਦੀ ਸਹੁੰ ਖਾਦੀ ਤੇ ਸ਼ਰਾਬ ਛੱਡਣ ਦਾ ਐਲਾਨ ਕਰ ਦਿੱਤਾ। ਪਰ ਇੰਝ ਜਾਪਦਾ ਹੈ, ਜਿਵੇਂ ਦੂਜੇ ਦੇ ਹੱਥ ਵਿੱਚ ਫੜਿਆ ਸ਼ਰਾਬ ਦਾ ਗਲਾਸ ਮਾਨ ਲਈ ਅਜੇ ਦਾ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਹੁਣ ਇਹ ਗਿਲਾਸ ਜੇਕਰ ਮਾਨ ਦੇ ਵਿਰੋਧੀ ਦੇ ਹੱਥ ਵਿੱਚ ਫੜਿਆ ਹੋਵੇ, ਤਾਂ ਸ਼ਾਇਦ ਮਾਨ ਦੀ ਬਰਦਾਸ਼ਤ ਸ਼ਕਤੀ ਤੋਂ ਬਾਹਰ ਹੋ ਜਾਂਦਾ ਹੈ। ਸ਼ਾਇਦ ਇਹੋ ਕਾਰਨ ਹੈ ਕਿ ਭਗਵੰਤ ਮਾਨ ਨੇ, ਆਪਣੇ ਫੇਸਬੁੱਕ ਅਕਾਉਂਟ ‘ਤੇ, ਕੇਵਲ ਸਿੰਘ ਢਿੱਲੋਂ ਦੀਆਂ, ਅਰੂਸਾ ਆਲਮ ਨਾਲ ਖੜ੍ਹੇ ਦੀਆਂ, ਅਜਿਹੀਆਂ ਤਸਵੀਰਾਂ ਪਾਈਆਂ ਹਨ, ਜਿਸ ਵਿੱਚ ਢਿੱਲੋਂ ਆਪਣੇ ਹੱਥ ਵਿੱਚ ਸ਼ਰਾਬ ਦਾ ਗਿਲਾਸ ਫੜੀ ਖੜ੍ਹਾ ਹੈ। ਮਾਨ ਨੇ ਇਨ੍ਹਾਂ ਤਸਵੀਰਾਂ ਨਾਲ ਖਾਸ ਕਮੈਂਟ ਕਰਕੇ ਕਿਹਾ ਹੈ ਕਿ,  “ਫਿਰ ਕੀ ਹੋਇਆ ਜੇਕਰ ਢਿੱਲੋਂ ਦੇ ਹੱਥ ਵਿੱਚ ਗਿਲਾਸ ਫੜਿਆ ਹੋਇਆ ਹੈ, ਇਹ ਗਿਲਾਸ ਮਾਨ ਦੇ ਹੱਥ ਵਿੱਚ ਪਾਪ ਹੈ, ਪਰ ਇਹਨੂੰ ਮਾਫ਼ ਹੈ।” ਮਾਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਦੋਸਤੋਂ ਇਹ ਤਸਵੀਰਾਂ ਵਾਇਰਲ ਨਾ ਕਰੋ। ਭਗਵੰਤ ਮਾਨ ਦੀ ਇਸ ਪੋਸਟ ਤੋਂ ਬਾਅਦ ਸੰਗਰੂਰ ਦੀ ਸਿਆਸਤ ਅੰਦਰ ਜ਼ੁਬਾਨੀ ਜੰਗ ਆਪਣੀ ਚਰਮ ਸੀਮਾਂ ‘ਤੇ ਪਹੁੰਚ ਗਈ ਹੈ, ਜਿੱਥੇ ਇੱਕ ਪਾਸੇ ਭਗਵੰਤ ਮਾਨ ਆਪਣੇ ਆਪ ਨੂੰ ਸਰਾਬ ਦੇ ਮਾਮਲੇ ਵਿੱਚ ਬੇਦਾਗ ਦੱਸ ਰਹੇ ਹਨ, ਉੱਥੇ ਕੇਵਲ ਸਿੰਘ ਢਿੱਲੋਂ ਇਨ੍ਹਾਂ ਤਸਵੀਰਾਂ ਨੂੰ ਐਡਿਟ ਕੀਤੀਆਂ ਹੋਈਆਂ ਦੱਸ ਕੇ ਮਾਨ ‘ਤੇ ਹੇਠਲੇ ਪੱਧਰ ਦੀ ਰਾਜਨੀਤੀ ਕਰਨ ਦਾ ਦੋਸ਼ ਲਾ ਰਹੇ ਹਨ।

ਇੱਧਰ ਦੂਜੇ ਪਾਸੇ  ਭਗਵੰਤ ਮਾਨ ਵੱਲੋਂ ਫੇਸਬੁੱਕ ‘ਤੇ ਪਾਈਆਂ ਗਈਆਂ ਤਸਵੀਰਾਂ ‘ਤੇ ਟਿੱਪਣੀ ਕਰਦਿਆਂ ਕੇਵਲ ਸਿੰਘ ਢਿੱਲੋਂ ਕਹਿੰਦੇ ਹਨ, ਕਿ ‘ਆਪ’ ਆਗੂਂ ਕਿਸੇ ਚੀਜ਼ ਨੂੰ ਤੋੜ ਮਰੋੜ ਕੇ ਉਸ ਦਾ ਕੁਝ ਵੀ ਬਣਾ ਸਕਦੇ ਹਨ, ਪਰ ਉਹ ਇਹ ਦੱਸਣਾ ਚਾਹੁੰਦੇ ਹਨ, ਕਿ ਲੋਕ ਹੁਣ ਭਗਵੰਤ ਮਾਨ ਨੂੰ ਚੰਗੀ ਤਰ੍ਹਾਂ ਸਮਝ ਚੁੱਕੇ ਹਨ। ਢਿੱਲੋਂ ਅਨੁਸਾਰ ਚੁਟਕਲੇ ਸੁਣਾ ਕੇ, ਨਾ ਤਾਂ ਲੋਕਾਂ ਦੀਆਂ ਮੰਗਾਂ ਪੂਰੀਆਂ  ਕੀਤੀਆਂ ਜਾ ਸਕਦੀਆਂ ਹਨ, ਤੇ ਨਾ ਹੀ ਇੰਝ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕੱਢਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸੰਗਰੂਰ ਦੀ ਜਨਤਾ ਭਗਵੰਤ ਮਾਨ ਨੂੰ ਇੱਕ ਵਾਰ ਜਤਾ ਕੇ ਹੀ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੀ ਹੈ। ਢਿੱਲੋਂ ਨੇ ਕਿਹਾ ਕਿ ਲੋਕ ਹੁਣ ਮਾਨ ਤੋਂ ਦੂਰੀ ਬਣਾ ਕੇ ਕਾਂਗਰਸ ਦਾ ਸਮਰਥਨ ਕਰਨ ਲੱਗ ਪਏ ਹਨ, ਤੇ ਇਹੋ ਕਾਰਨ ਹੈ ਕਿ ਭਗਵੰਤ ਮਾਨ ਬੌਂਦਲ ਗਏ ਹਨ। ਉਨ੍ਹਾਂ ਕਿਹਾ ਕਿ ਮਾਨ ਹਾਰ ਦੇ ਡਰੋਂ ਅਜਿਹੀ ਹੇਠਲੇ ਪੱਧਰ ਦੀ ਸਿਆਸਤ ‘ਤੇ ਉਤਰ ਆਏ ਹਨ। ਢਿੱਲੋਂ ਨੇ ਕਿਹਾ ਕਿ ਉਹ ਅਜਿਹਾ ਨਹੀਂ ਕਰਨਗੇ ਕਿਉਂਕਿ ਉਨ੍ਹਾਂ ਨੇ ਹਮੇਸ਼ਾ ਅਜਿਹੀ ਸਿਆਸਤ ਤੋਂ ਪ੍ਰਹੇਜ ਕੀਤਾ ਹੈ।

ਇਸ ਸਬੰਧ ਵਿੱਚ ਭਗਵੰਤ ਮਾਨ ਦਾ ਕਹਿਣਾ ਹੈ ਕਿ ਜਿਹੜੀਆਂ ਤਸਵੀਰਾਂ ਉਨ੍ਹਾਂ ਨੇ ਆਪਣੇ ਫੇਸਬੁੱਕ ‘ਤੇ ਪਾਈਆਂ ਹਨ ਉਨ੍ਹਾਂ ਵਿੱਚ ਉਨ੍ਹਾਂ ਨੇ ਆਪ ਖੁਦ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਇਹ ਤਸਵੀਰਾਂ ਵਾਇਰਲ ਨਾ ਕਰੋ। ਮਾਨ ਨੇ ਦਾਅਵਾ ਕੀਤਾ ਹੈ, ਕਿ ਇਹ ਤਸਵੀਰਾਂ ਮਨਾਲੀ ਵਿੱਚ ਉਸ ਵੇਲੇ ਖਿੱਚੀਆਂ ਗਈਆਂ ਸਨ ਜਦੋਂ ਅਰੂਸਾ ਆਲਮ ਦਾ ਜਨਮ ਦਿਨ ਸੀ। ਲਿਹਾਜਾ ਇਹ ਤਸਵੀਰਾਂ ਬਿਲਕੁਲ ਸਹੀ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਤਸਵੀਰਾਂ ਨਾਲ ਸਬੰਧਤ ਇੱਕ ਵੀਡੀਓ ਵੀ ਉਨ੍ਹਾਂ ਕੋਲ ਹੈ ਤੇ ਹੁਣ ਉਹ ਇਨ੍ਹਾਂ ਲੋਕਾਂ ਨੂੰ ਸਿੱਧਾ ਕਰਨਗੇ।

ਦੱਸ ਦਈਏ ਕਿ ਕੇਵਲ ਸਿੰਘ ਢਿੱਲੋਂ ਨੇ ਭਗਵੰਤ ਮਾਨ ‘ਤੇ 24 ਅਪ੍ਰੈਲ ਨੂੰ ਸੰਗਰੂਰ ਵਿਖੇ ਉਸ ਵੇਲੇ ਤਕੜੇ ਕਮੈਟ ਕਸੇ ਸਨ, ਜਦੋਂ ਕੈਪਟਨ ਅਮਰਿੰਦਰ ਸਿੰਘ ਉਨ੍ਹਾਂ ਦੇ ਨਾਮਜ਼ਦਗੀ ਕਾਗਜ ਭਰਾਉਣ ਆਏ ਸਨ। ਉਸ ਵੇਲੇ ਢਿੱਲੋਂ ਨੇ ਇਹ ਕਿਹਾ ਸੀ ਕਿ ਮਾਨ ਕੋਲੋਂ ਕੇਜਰੀਵਾਲ ਨੇ ਜਦੋਂ ਬਰਨਾਲਾ ‘ਚ ਇਹ ਪੁੱਛਿਆ ਸੀ ਕਿ ਮੰਚ ਤੋਂ ਕੀ ਬੋਲਣਾ ਹੈ? ਤਾਂ ਮਾਨ ਨੇ ਤੁਰੰਤ ਮਾਇਕ ਫੜ ਕੇ ਕਹਿ ਦਿੱਤਾ ਸੀ ਕਿ ਉਨ੍ਹਾਂ ਨੇ ਅੱਜ ਤੋਂ ਸ਼ਰਾਬ ਛੱਡ ਦਿੱਤੀ ਹੈ। ਕੇਵਲ ਸਿੰਘ ਢਿੱਲੋਂ ਨੇ ਭਗਵੰਤ ਮਾਨ ਦੀ ਸਿਆਸੀ ਖਿਚਾਈ ਕਰਦਿਆਂ ਕਿਹਾ ਸੀ ਕਿ ਜਿਨ੍ਹਾਂ ਨੂੰ ਸ਼ਰਾਬ ਵੀ ਸਟੇਜਾਂ ‘ਤੇ ਆ ਕੇ ਮਾਂ ਦੀ ਸਹੁੰ ਖਾ ਕੇ ਛੱਡਣੀ ਪਵੇ, ਉਹ ਕਿਹੜਾ ਵਿਕਾਸ ਕਰਾਉਣਗੇ। ਢਿੱਲੋਂ ਨੇ ਇਹ ਦਾਅਵਾ ਕੀਤਾ ਸੀ ਕਿ ਮਾਨ ਨੇ ਅਜੇ ਵੀ ਸ਼ਰਾਬ ਨਹੀਂ ਛੱਡੀ ਤੇ ਹੁਣ ਮਾਨ ਵੱਲੋਂ ਫੇਸਬੁੱਕ ‘ਤੇ ਪਾਈਆਂ ਗਈਆਂ ਇਹ ਤਸਵੀਰਾਂ ਢਿੱਲੋਂ ਦੇ ਉਸ ਬਿਆਨ ਦਾ ਜਵਾਬ ਮੰਨੀਆਂ ਜਾ ਰਹੀਆਂ ਹਨ।

- Advertisement -

Share this Article
Leave a comment