ਜੇ ਜੇ ਸਿੰਘ ਦੀ ਉਮੀਦਵਾਰੀ ਗਈ ਸਮਝੋ, ਟਕਸਾਲੀਆਂ ਨੇ ਕਰ ਲਈ ਮੀਟਿੰਗ ਜਲਦ ਹੋਵੇਗਾ ਐਲਾਨ?

Prabhjot Kaur
5 Min Read

ਗੁਰਦਾਸਪੁਰ : ਭਾਰਤੀ ਫੌਜ ਦੇ ਸਾਬਕਾ ਮੁਖੀ ਜਨਰਲ ਜੇ ਜੇ ਸਿੰਘ ਦੀ ਹਲਕਾ ਖਡੂਰ ਸਾਹਿਬ ਤੋਂ ਉਮੀਦਵਾਰੀ ਵਾਪਸ ਲਈ ਜਾ ਸਕਦੀ ਹੈ। ਸ਼੍ਰੋਮਣੀ ਅਕਾਲੀ ਦਲ ਟਕਸਾਲੀ ਨੇ ਬੀਬੀ ਪਰਮਜੀਤ ਕੌਰ ਖਾਲੜਾ ਦੇ ਪਰਿਵਾਰ ਦੀਆਂ ਸੂਬੇ ਦੇ ਲੋਕਾਂ ਪ੍ਰਤੀ ਕੀਤੀਆਂ ਗਈਆਂ ਕੁਰਬਾਨੀਆਂ ਦਾ ਸਤਿਕਾਰ ਕਰਦਿਆਂ, ਇਸ ਸਬੰਧ ਵਿੱਚ ਅੱਗੇ ਵਿਚਾਰ ਕਰਨ ਲਈ ਮੀਟਿੰਗਾ ਵੀ ਕੀਤੀਆਂ ਹਨ। ਜਿਸ ਬਾਰੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਜਨਰਲ ਸਕੱਤਰ ਸੇਵਾ ਸਿੰਘ ਸੇਖਵਾਂ ਨੇ ਭਰੇ ਪੱਤਰਕਾਰ ਸੰਮੇਲਨ ਵਿੱਚ ਪੁਸ਼ਟੀ ਕੀਤੀ ਹੈ, ਤੇ ਜੇਕਰ ਅਜਿਹਾ ਹੋਇਆ ਤਾਂ ਜਨਰਲ ਜੇ ਜੇ ਸਿੰਘ ਦਾ ਲੋਕ ਸਭਾ ਮੈਂਬਰ ਬਣਨ ਵਾਲਾ ਸੁਪਨਾ ਦੂਜੀ ਵਾਰ ਚਕਨਾਚੂਰ ਹੋ ਜਾਵੇਗਾ, ਕਿਉਂਕਿ ਇਸ ਤੋਂ ਪਹਿਲਾਂ ਇਸ ਜਨਰਲ ਨੂੰ ਪੰਜਾਬ ਦੇ ਕੈਪਟਨ ਅਮਰਿੰਦਰ ਸਿੰਘ ਨੇ ਪਟਿਆਲਾ ਤੋਂ ਚੋਣ ਹਰਾ ਦਿੱਤੀ ਸੀ।

ਇਸ ਸਬੰਧ ਵਿੱਚ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸੇਵਾ ਸਿੰਘ ਸੇਖਵਾਂ ਨੇ ਕਿਹਾ ਕਿ ਜਿਸ ਵੇਲੇ ਜਨਰਲ ਜੇ ਜੇ ਸਿੰਘ ਦੀ ਹਲਕਾ ਖਡੂਰ ਸਾਹਿਬ ਤੋਂ ਉਮੀਦਵਾਰੀ ਐਲਾਨੀ ਗਈ ਸੀ, ਉਸ ਵੇਲੇ ਤੱਕ ਪੰਜਾਬ ਜਮਹੂਰੀ ਗੱਠਜੋੜ ਵੱਲੋਂ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਉਮੀਦਵਾਰ ਨਹੀਂ ਬਣਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਬੀਬੀ ਖਾਲੜਾ ਦੇ ਪਤੀ ਭਾਈ ਜਸਵੰਤ ਸਿੰਘ ਖਾਲੜਾ ਵੱਲੋਂ ਮਨੁੱਖ ਅਧਿਕਾਰਾਂ ਦੀ ਰਾਖੀ ਕਰਦਿਆਂ ਪੰਜਾਬ ਦੇ ਲੋਕਾਂ ਲਈ ਜੋ ਕੁਰਬਾਨੀਆਂ ਦਿੱਤੀਆਂ ਗਈਆਂ ਹਨ, ਉਸ ਨੂੰ ਭੁਲਾਇਆ ਨਹੀਂ ਜਾ ਸਕਦਾ, ਤੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਉਸ ਦਾ ਦਿਲੋਂ ਸਤਿਕਾਰ ਕਰਦਾ ਹੈ। ਸੇਖਵਾਂ ਅਨੁਸਾਰ ਇਸ ਸਬੰਧ ਵਿੱਚ ਉਨ੍ਹਾਂ ਦੀ ਪਾਰਟੀ ਵੱਲੋਂ ਮੀਟਿੰਗਾ ਦਾ ਦੌਰ ਜਾਰੀ ਹੈ, ਪਰ ਪਾਰਟੀ ਅਨੁਸਾਸ਼ਨ ਨੂੰ ਧਿਆਨ ‘ਚ ਰੱਖ ਕੇ ਉਹ ਇਸ ਬਾਰੇ ਅਜੇ ਕੋਈ ਖੁਲਾਸਾ ਨਹੀਂ ਕਰ ਸਕਦੇ। ਜਿਉਂ ਹੀ ਕੋਈ ਠੋਸ ਫੈਸਲਾ ਲਿਆ ਜਾਵੇਗਾ ਉਹ ਸਾਰਿਆਂ ਨੂੰ ਜਾਣੂ ਕਰਵਾ ਦੇਣਗੇ।

ਦੱਸ ਦਈਏ ਕਿ ਬੀਬੀ ਪਰਮਜੀਤ ਕੌਰ ਖਾਲੜਾ ਦੇ ਪਤੀ ਭਾਈ ਜਸਵੰਤ ਸਿੰਘ ਖਾਲੜਾ ਪੰਜਾਬ ਵਿੱਚ ਖਾੜਕੂਵਾਦ ਦੇ ਸਮੇਂ ਮਨੁੱਖੀ ਅਧਿਕਾਰਾਂ ਦੇ ਕਾਰਕੂਨ ਸਨ, ਤੇ ਆਪਣੇ ਇੱਕ ਮਿੱਤਰ ਦੇ ਅਚਾਨਕ ਗਾਇਬ ਹੋਣ ਦੀ ਖੋਜ਼ ਕਰਦਿਆਂ ਕਰਦਿਆਂ, ਉਨ੍ਹਾਂ ਹੱਥ ਕੁਝ ਅਜਿਹੇ ਸਬੂਤ ਲੱਗੇ, ਜਿਨ੍ਹਾਂ ਤੋਂ ਇਹ ਸਾਬਤ ਹੁੰਦਾ ਸੀ ਕਿ ਪੰਜਾਬ ਪੁਲਿਸ ਨੇ ਹਜ਼ਾਰਾਂ ਅਜਿਹੇ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਅਣਪਛਾਤੀਆਂ ਕਹਿ ਕੇ ਸਾੜ ਦਿੱਤਾ ਸੀ, ਜਿਹੜੇ ਕਿ ਪੁਲਿਸ ਮੁਕਾਬਲਿਆਂ ਵਿੱਚ ਮਾਰ ਦਿੱਤੇ ਗਏ ਸਨ। ਇਸ ਕੇਸ ਦੀਆਂ ਫਾਇਲਾਂ ਅਨੁਸਾਰ ਉਸ ਤੋਂ ਬਾਅਦ ਖਾਲੜਾ ਨੇ ਇਹ ਸਾਰੇ ਸਬੂਤ ਆਪਣੇ ਸੰਪਰਕਾਂ ਰਾਹੀ ਅਮਰੀਕਾ, ਕੈਨੇਡਾ ਅਤੇ ਬਰਤਾਨੀਆਂ ਤੱਕ ਪਹੁੰਚਾ ਦਿੱਤੇ, ਜਿਹੜੇ ਮੁੱਦੇ ਉਨ੍ਹਾਂ ਦੇਸ਼ਾਂ ਦੀਆਂ ਪਾਰਲੀਮੈਂਟਾਂ ਵਿੱਚ ਵੀ ਚੁੱਕੇ ਗਏ। ਜਿਸ ਤੋਂ ਬਾਅਦ ਰੌਲਾ ਪੈਣ ‘ਤੇ ਪੁਲਿਸ ਖਾਲੜਾ ਨੂੰ ਉਨ੍ਹਾਂ ਦੇ ਅੰਮ੍ਰਿਤਸਰ ਸਥਿਤ ਘਰੋਂ ਚੁੱਕ ਕੇ ਲੈ ਗਈ ਤੇ ਬਾਅਦ ਵਿੱਚ ਉਨ੍ਹਾਂ ਦਾ ਕਤਲ ਕਰ ਦਿੱਤਾ ਗਿਆ। ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਸੀਬੀਆਈ ਵੱਲੋਂ ਇਸ ਕੇਸ ਦੀ ਜਾਂਚ ਕਰਨ ਤੋਂ ਉਪਰੰਤ ਪਟਿਆਲਾ ਦੀ ਸੀਬੀਆਈ ਅਦਾਲਤ ਵਿੱਚ ਕੇਸ ਦਾ ਟਰਾਇਲ ਚੱਲਿਆ ਤੇ ਬਾਅਦ ਵਿੱਚ ਕਈ ਪੁਲਿਸ ਵਾਲਿਆਂ ਨੂੰ ਅਦਾਲਤ ਨੇ ਸਜ਼ਾ ਵੀ ਸੁਣਾਈ, ਜਿਹੜੇ ਕਿ ਅੱਜ ਵੀ ਜੇਲ੍ਹ ਵਿੱਚ ਹਨ।

ਹੁਣ ਜੇਕਰ ਟਕਸਾਲੀ ਬੀਬੀ ਖਾਲੜਾ ਦੇ ਪਰਿਵਾਰ ਦੀ ਕੁਰਬਾਨੀਆਂ ਦਾ ਸਤਿਕਾਰ ਕਰਦਿਆਂ ਜਨਰਲ ਜੇ ਜੇ ਸਿੰਘ ਦੀ ਉਮੀਦਵਾਰੀ ਰੱਦ ਕਰਦੇ ਹਨ ਤਾਂ ਇਹ ਗੱਲ ਆਪਣੇ ਆਪ ਵਿੱਚ ਇੱਕ ਨਵੀਂ ਚਰਚਾ ਛੇੜੇਗੀ। ਜਿੱਥੇ ਇਸ ਨਾਲ ਜਨਰਲ ਜੇ ਜੇ ਸਿੰਘ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਸਕਦੇ ਹਨ, ਉੱਥੇ ਮਾਹਰਾਂ ਅਨੁਸਾਰ ਟਕਸਾਲੀ ਇਹ ਦਾਅ ਖੇਡ ਕੇ ਇੱਕ ਤੀਰ ਨਾਲ ਕਈ ਨਿਸ਼ਾਨੇ ਫੁੰਡਣ ਦੀ ਤਾਕ ਵਿੱਚ ਹਨ। ਮਾਹਰ ਦਾਅਵਾ ਕਰਦੇ ਹਨ ਕਿ ਜਨਰਲ ਜੇ ਜੇ ਸਿੰਘ ਇਸ ਹਲਕੇ ਵਿੱਚ ਪੈਰਾਸ਼ੂਟ ਰਾਹੀਂ ਉਤਾਰੇ ਗਏ ਹਨ, ਲਿਹਾਜਾ ਇੱਕ ਨਵੀਂ ਪਾਰਟੀ ਵਿੱਚ ਬਾਹਰੋਂ ਲਿਆ ਕੇ ਲੜਾਏ ਜਾ ਰਹੇ ਉਮੀਦਵਾਰ ਨੂੰ ਲੋਕ ਭਰਵਾਂ ਸਮਰਥਨ ਦੇਣਗੇ, ਇਸ ‘ਤੇ ਸ਼ੱਕ ਕੀਤਾ ਜਾ ਰਿਹਾ ਹੈ। ਲਿਹਾਜਾ ਟਕਸਾਲੀ ਕਮਜੋਰ ਉਮੀਦਵਾਰ ਉਤਾਰਨ ਦੀ ਬਜਾਏ ਆਪਣਾ ਉਮੀਦਵਾਰ ਵਾਪਸ ਲੈ ਕੇ ਸਿਆਸੀ ਤੌਰ ‘ਤੇ ਵੱਡਾ ਦਾਅ ਖੇਡ ਸਕਦੇ ਹਨ। ਜੇਕਰ ਅਜਿਹਾ ਹੋਇਆ ਤਾਂ ਇਸ ਨਾਲ ਨਾ ਸਿਰਫ ਟਕਸਾਲੀ ਪੰਜਾਬ ਜਮਹੂਰੀ ਗੱਠਜੋੜ ਧੜ੍ਹੇ ਨਾਲ ਗੱਠਜੋੜ ਨਾ ਕਰਕੇ ਵੀ ਉਨ੍ਹਾਂ ਦਾ ਕਈ ਥਾਵਾਂ ਤੋਂ ਸਮਰਥਨ ਹਾਸਲ ਕਰ ਸਕਦੇ ਹਨ, ਬਲਕਿ ਬਾਹਰ ਬੈਠੇ ਐਨਆਰਆਈ ਵੀ ਟਕਸਾਲੀਆਂ ਦੇ ਇਸ ਫੈਸਲੇ ਕਾਰਨ ਉਨ੍ਹਾਂ ਦੇ ਹੋਰ ਨੇੜੇ ਹੋ ਜਾਣਗੇ। ਪਰ ਇਸ ਸਭ ਦੇ ਵਿੱਚ ਇੱਕ ਸੱਚਾਈ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਵਾਲੇ ਇੱਕ ਸਾਬਕਾ ਫੌਜ ਮੁਖੀ ਨੂੰ ਦਿੱਤਾ ਹੋਇਆ ਵਚਨ ਵਾਪਸ ਲੈਣਗੇ, ਜਿਹੜੇ ਕੈਪਟਨ ਹੱਥੋਂ ਹਾਰਨ ਤੋਂ ਬਾਅਦ ਦੂਜੀ ਵਾਰ ਆਪਣੀ ਕਿਸਮਤ ਅਜਮਾਉਣ ਲਈ ਜੋਰ ਲਾ ਰਹੇ ਹਨ। ਉਂਨ੍ਹਾਂ ਹਲਾਤਾਂ ਵਿੱਚ ਉਹ ਆਪਣੀ ਸਿਆਸਤ ਦੀ ਤੋਪ ਵਿੱਚੋਂ ਸ਼ਬਦਾਂ ਰੂਪੀ ਕਿਹੜੀ ਅੱਗ ਬਾਹਰ ਸੁੱਟਣਗੇ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ।

 

Share This Article
Leave a Comment