ਖੇਮਕਰਨ : ਭਾਈ ਗੁਰਦਾਸ ਜੀ ਫਰਮਾਉਦੇ ਹਨ, ਕਲ ਆਈ ਕੁੱਤੇ ਮੁਹੀ ਖਾਜ ਹੋਆ ਮੁਰਦਾਰ ਗੁਸਾਈ ॥ ਰਾਜੇ ਪਾਪ ਕਮਾਂਵਦੇ ਉਲਟੀ ਵਾੜ ਖੇਤ ਕਉ ਖਾਈ॥ਭਾਈ ਸਾਹਿਬ ਜੀ ਦੀਆਂ ਇਨ੍ਹਾਂ ਤੁਕਾਂ ਦਾ ਭਾਵ ਅਰਥ ਹੈ ਕਿ ਜਦੋਂ ਕਲਯੁਗ ਦਾ ਸਮਾਂ ਆਵੇਗਾ ਉਸ ਵੇਲੇ ਚਾਰੇ ਪਾਸੇ ਪਾਪ ਇੰਨੇ ਵੱਧ ਜਾਣਗੇ ਕਿ ਕੁੱਤੇ ਮੁਰਦੇ ਖਾਇਆ ਕਰਨਗੇ ਤੇ ਰਾਜੇ ਭਾਵ ਸਰਕਾਰਾਂ ਇੰਨੀਆਂ ਪਾਪੀ ਹੋ ਜਾਣਗੀਆਂ, ਕਿ ਉਹ ਆਪਣੀ ਪਰਜਾ ਤੇ ਇਸ ਤਰ੍ਹਾਂ ਜ਼ੁਲਮ ਕਰਨਗੀਆਂ, ਜਿਵੇਂ ਕਿ ਖੇਤ ਦੀ ਵਾੜ ਉਲਟੀ ਖੇਤ ਨੂੰ ਹੀ ਖਾ ਜਾਇਆ ਕਰਦੀ ਹੈ । ਠੀਕ ਇਹੋ ਜਿਹਾ ਹੀ ਇੱਕ ਵਾਕਿਆ ਪੰਜਾਬ ਦੇ ਜ਼ਿਲ੍ਹਾ ਤਰਨ ਤਾਰਨ ਅੰਦਰ ਪੈਂਦੇ ਹਲਕਾ ਖੇਮਕਰਨ ਦੇ ਪਿੰਡ ਘਰਿਆਲਾ ਦੇ ਦਲਿਤ ਪਰਿਵਾਰ ਨਾਲ ਵੀ ਵਾਪਰਿਆ ਹੈ । ਮਿਲੀ ਜਾਣਕਾਰੀ ਅਨੁਸਾਰ ਇਥੋਂ ਦੀ ਚੌਂਕੀ ਘਰਿਆਲਾ ਦੇ ਥਾਣੇਦਾਰ ਲਖਵਿੰਦਰ ਸਿੰਘ ਨੂੰ ਗੁਰਲਾਲ ਸਿੰਘ ਨਾਂ ਦੇ ਇਕ ਬੰਦੇ ਨੇ ਇਹ ਸ਼ਿਕਾਇਤ ਕੀਤੀ ਸੀ ਕਿ ਉਸ ਨੇ ਗੁਰਬਾਜ਼ ਸਿੰਘ ਨਾਮ ਦੇ ਇੱਕ ਵਿਆਕਤੀ ਤੋਂ ਪੈਸੇ ਲੈਣੇ ਹਨ। ਬਸ ਫਿਰ ਕੀ ਸੀ,ਸਾਰੇ ਕਾਨੂੰਨਾਂ ਨੂੰ ਛੱਕੇ ਟੰਗਕੇ ਥਾਣੇਦਾਰ ਆਪਣੀ ਪੂਰੀ ਪਲਟਨ ਸਣੇ ਇਸ ਘਰ ‘ਚ ਜਾ ਵੜਿਆ ਤੇ ਇਲਜ਼ਾਮ ਹੈ ਕਿ ਪਹਿਲਾਂ ਇਨ੍ਹਾਂ ਪੁਲਿਸ ਵਾਲਿਆਂ ਨੇ ਗੁਰਬਾਜ਼ ਸਿੰਘ ਦੀ ਘਰਵਾਲੀ ਨਾਲ ਕੁੱਟਮਾਰ ਕੀਤੀ ਤੇ ਇਸੇ ਦੌਰਾਨ ਦਲਿਤ ਗੁਰਬਾਜ਼ ਸਿੰਘ ਦੀ 17 ਸਾਲਾ ਨਾਬਾਲਿਗ ਕੁੜੀ ਨੇ ਜਦੋਂ ਮਾਂ ਨਾਲ ਧੱਕਾ ਹੁੰਦਿਆਂ ਦੇਖਿਆ,ਤਾਂ ਉਸ ਨੇ ਮੌਕੇ ਦੀ ਵੀਡਿਓ ਬਣਾਉਣੀ ਸ਼ੁਰੂ ਕਰ ਦਿੱਤੀ। ਜਿਸ ਨੂੰ ਦੇਖਦਿਆਂ ਥਾਣੇਦਾਰ ਘਬਰਾ ਗਿਆ ਤੇ ਉਸਨੇ ਤੁਰੰਤ ਕੁੜੀ ‘ਤੇ ਹਮਲਾ ਕਰਕੇ ਉਸ ਨੂੰ ਗੈਰ-ਕਾਨੂੰਨੀ ਢੰਗ ਨਾਲ ਘਰੋਂ ਚੱਕਣ ਦੀ ਕੋਸ਼ਿਸ਼ ਕਰਦਿਆਂ ਉਸ ਦਾ ਮੋਬਾਇਲ ਖੋਹ ਲਿਆ। ਦੋਸ਼ ਹੈ ਕਿ ਇਸ ਦੌਰਾਨ ਥਾਣੇਦਾਰ ਦੀ ਨਜ਼ਰ ਜਦੋਂ ਕਮਰੇ ‘ਚ ਲੱਗੇ ਸੀਸੀਟੀਵੀ ਕੈਮਰੇ ਤੇ ਪਈ ਤਾਂ ਉਹ ਲੋਕ ਉਥੋਂ ਮੌਕੇ ਤੋਂ ਦੌੜ ਗਏ।
ਉਧਰ ਦੂਜੇ ਪਾਸੇ ਸਾਡੇ ਪੱਤਰਕਾਰ ਵਿਜੇ ਨੇ ਜਦੋਂ ਸਬੰਧਤ ਥਾਣੇਦਾਰ ਤੋਂ ਉਸਦਾ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਤਾਂ ਉਹ ਕੈਮਰੇ ਨੂੰ ਦੇਖਕੇ ਐਵੇਂ ਘਬਰਾਅ ਗਿਆ ਜਿਵੇਂ ਉਹ ਨਾਬਾਲਿਗ ਕੁੜੀ ਦੇ ਹੱਥ ਮੋਬਾਇਲ ਦੇਖ ਘਬਰਾਇਆ ਸੀ। ਉਸ ਥਾਣੇਦਾਰ ਨੇ ਆਪਣਾ ਪੱਖ ਦੇਣ ਤੋਂ ਇਨਕਾਰ ਕਰ ਦਿੱਤਾ। ਸਾਡੀ ਟੀਮ ਨੇ ਇੱਥੇ ਹੀ ਹਾਰ ਨਹੀਂ ਮੰਨੀ ਤੇ ਪੂਰਾ ਮਾਮਲਾ ਜਦੋਂ ਸੀਸੀਟੀਵੀ ਤਸਵੀਰਾਂ ਸਣੇ ਸੀਨੀਅਰ ਅਧਿਅਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਗਿਆ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਉਹ ਇਸ ਸਬੰਧੀ ਅਣਜਾਣ ਸਨ। ਹੁਣ ਮਾਮਲਾ ਧਿਆਨ ਵਿੱਚ ਆ ਗਿਆ ਹੈ ਤੇ ਇਸ ਦੀ ਪੂਰੀ ਜਾਂਚ ਕਰਵਾ ਕੇ ਦੋਸ਼ੀ ਪਾਏ ਜਾਣ ਵਾਲੇ ਲੋਕਾਂ ‘ਤੇ ਕਨੂੰਨ ਅਨੁਸਾਰ ਸਖਤ ਕਾਰਵਾਈ ਕੀਤੀ ਜਾਵੇਗੀ।
ਇਹ ਕੋਈ ਪਹਿਲਾ ਮੌਕਾ ਨਹੀਂ ਹੈ ਜਦੋਂ ਆਮ ਜਨਤਾ ‘ਤੇ ਪੁਲਿਸ ਨੇ ਅਜਿਹਾ ਧੱਕਾ ਕੀਤਾ ਹੋਵੇ।ਇਸ ਤੋਂ ਪਹਿਲਾਂ ਵੀ ਅਜਿਹੇ ਮਾਮਲੇ ਸਮੇਂ ਸਮੇ ਤੇ ਸਬੂਤਾਂ ਸਣੇ ਹੁਕਮਰਾਨਾਂ ਦੇ ਧਿਆਨ ਵਿੱਚ ਲਿਆਂਦੇ ਜਾਂਦੇ ਰਹਿੰਦੇ ਹਨ। ਜਿਨ੍ਹਾਂ ਵਿਚੋਂ ਕੁਝ ‘ਤੇ ਕਾਰਵਾਈ ਹੁੰਦੀ ਹੈ ਤੇ ਕੁਝ ਸੱਤਾਧਾਰੀਆਂ ਦੀ ਸਰਪ੍ਰਸਤੀ ਹਾਸਲ ਲੋਕ ਅਜਿਹੇ ਗੁਨਾਹ ਕਰਨ ਦੇ ਬਾਵਜੂਦ ਪੀੜਤਾਂ ਦੀ ਛਾਤੀ ਤੇ ਮੁੰਗ ਦਲਦੇ ਖੁਲ੍ਹੇ ਘੁੰਮ ਰਹੇ ਹਨ। ਇਸ ਮਾਮਲੇ ਚ ਪੀੜਤਾਂ ਨੂੰ ਇਨਸਾਫ ਮਿਲਦਾ ਹੈ ਜਾ ਨਹੀਂ ਇਹ ਤਾਂ ਅਜੇ ਭਵਿੱਖ ਦੇ ਗਰਭ ‘ਚ ਹੈ, ਪਰ ਇੰਨਾ ਜਰੂਰ ਹੈ ਕਿ ਚੋਣਾਂ ਦੇ ਇਸ ਦੌਰ ‘ਚ ਘਟੀ ਇਸ ਘਟਨਾ ਨੇ ਕਈਆਂ ਨੂੰ ਸਿਆਸੀ ਰੋਟੀਆਂ ਸੇਕਣ ਲਈ ਬਾਲਣ ਜਰੂਰ ਦੇ ਦਿੱਤਾ ਹੈ। ਕਿਉਂਕਿ ਚਾਰੇ ਪਾਸੇ ਹਾਲਤ ਇਹ ਹਨ ਕਿ ,ਸਰਮ ਧਰਮ ਕਾ ਡੇਰਾ ਦੂਰਿ ।। ਨਾਨਕ ਕੂੜ ਰਹਿਆ ਭਰਪੂਰਿ ।।