ਸੁਲਤਾਨਵਿੰਡ : ਕਾਂਗਰਸੀ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਵੱਲੋਂ ਚੋਣਾਂ ਦੇ ਮੱਦੇ ਨਜ਼ਰ ਅੰਮ੍ਰਿਤਸਰ ਦੇ ਪਿੰਡ ਸੁਲਤਾਨਵਿੰਡ ਵਿਖੇ ਸੱਦੀ ਗਈ ਮੀਟਿੰਗ ਵਿੱਚ ਇੱਕ ਅਜਿਹੀ ਘਟਨਾਂ ਵਾਪਰੀ ਜਿਸ ਨੇ ਇਹ ਇਸ਼ਾਰਾ ਕੀਤਾ ਹੈ, ਕਿ ਆਉਣ ਵਾਲੀਆਂ ਚੋਣਾਂ ਸੂਬਾ ਪੁਲਿਸ ਲਈ ਵੱਡੀ ਚੁਣੌਤੀ ਪੇਸ਼ ਕਰਨ ਜਾ ਰਹੀਆਂ ਹਨ। ਜਿਸ ਵਿੱਚ ਪੁਲਿਸ ਨੂੰ ਵਧੇਰੇ ਚੁਕੰਨੇ ਹੋ ਕੇ ਕੰਮ ਕਰਨਾ ਪਵੇਗਾ, ਕਿਉਂਕਿ ਹਾਲਾਤ ਖਰਾਬ ਹੋਣ ਜਾ ਰਹੇ ਹਨ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਬੁਲਾਰੀਆ ਦੀ ਇਸ ਮੀਟਿੰਗ ਵਿੱਚ ਕੁਝ ਵਿਅਕਤੀਆਂ ਨੇ ਗੋਲੀ ਚਲਾ ਦਿੱਤੀ। ਘਟਨਾ ਵਿੱਚ ਮੌਜੂਦ ਪਿਓ ਪੁੱਤਰ ਦੀ ਇੱਕ ਜੋੜੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ। ਇਹ ਹਮਲਾ ਅਚਾਨਕ ਇੰਨੀ ਤੇਜੀ ਨਾਲ ਹੋਇਆ ਕਿ ਇਸ ਤੋਂ ਪਹਿਲਾਂ ਕਿ ਮੌਕੇ ਤੇ ਮੌਜੂਦ ਲੋਕਾਂ ਵਿੱਚੋਂ ਕਿਸੇ ਨੂੰ ਕੁਝ ਸਮਝ ਆਉਂਦਾ, ਹਮਲਾਵਰ ਉਕਤ ਦੋਵਾਂ ਵਿਅਕਤੀਆਂ ਨੂੰ ਜਖਮੀ ਕਰ ਚੁਕੇ ਸਨ। ਜਿਸ ਤੋਂ ਬਾਅਦ ਤੁਰੰਤ ਰੌਲਾ ਪੈ ਗਿਆ ਤੇ ਗੋਲੀ ਚਲਾਉਣ ਵਾਲੇ ਲੋਕ ਮੌਕੇ ਤੋਂ ਫਰਾਰ ਹੋ ਗਏ।
ਪ੍ਰਾਪਤ ਜਾਣਕਾਰੀ ਅਨੁਸਾਰ ਸੇਵਾ ਮੁਕਤ ਪੁਲਿਸ ਅਧਿਕਾਰੀ ਬਲਬੀਰ ਸਿੰਘ ਦੇ ਪਿੰਡ ਸੁਲਤਾਨਵਿੰਡ ਵਿਖੇ ਇਹ ਘਟਨਾਂ ਉਸ ਵੇਲੇ ਵਾਪਰੀ ਜਦੋਂ ਕਾਂਗਰਸੀ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਚੋਣਾਂ ਦੇ ਮੱਦੇ ਨਜ਼ਰ ਮੀਟਿੰਗ ਕਰਕੇ ਲੋਕਾਂ ਨੂੰ ਲਾਮਬੰਦ ਕਰ ਰਹੇ ਸਨ। ਪ੍ਰਤੱਖ ਦਰਸ਼ੀਆਂ ਅਨੁਸਾਰ ਮੀਟਿੰਗ ਖਤਮ ਹੁੰਦਿਆਂ ਹੀ ਬੁਲਾਰੀਆ ਜਿਉਂ ਹੀ ਆਪਣੀ ਗੱਡੀ ‘ਚ ਬੈਠੇ ਇਸ ਤੋਂ ਤੁਰੰਤ ਬਾਅਦ ਉੱਥੇ ਮੌਜੂਦ ਲੱਲਾ ਪਹਿਲਵਾਨ ਅਤੇ ਉਸ ਦੇ ਸਾਥੀਆਂ ਵੱਲੋਂ ਤਰਸੇਮ ਸਿੰਘ ਅਤੇ ਉਸ ਦੇ ਪੁੱਤਰ ਸਾਗਰ ‘ਤੇ ਹੱਲਾ ਬੋਲ ਦਿੱਤਾ। ਇਸ ਖਿੱਚਾ ਧੂਹੀ ਵਿੱਚ ਹਮਲਾਵਰਾਂ ਨੇ ਦੋਵਾਂ ਪਿਓ ਪੁੱਤਰਾਂ ਦੇ ਸਿਰ ਵਿੱਚ ਪਿਸਤੌਲ ਮਾਰੇ ਤੇ ਉਹ ਜ਼ਖਮੀ ਹੋ ਗਏ। ਚੀਕ ਚਿਘਾੜਾ ਸੁਣ ਕੇ ਮੌਕੇ ‘ਤੇ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ, ਤੇ ਫੜੇ ਜਾਣ ਦੇ ਡਰ ਤੋਂ ਹਮਲਾਵਰ ਹਵਾਈ ਫਾਇਰ ਕਰਦੇ ਹੋਏ ਮੌਕੇ ਤੋਂ ਫਰਾਰ ਹੋ ਗਏ। ਜਖਮੀਆਂ ਨੂੰ ਇਲਾਜ ਲਈ ਨੇੜਲੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਪੁਲਿਸ ਨੇ ਤਰਸੇਮ ਸਿੰਘ ਤੇ ਉਸ ਦੇ ਪੁੱਤਰ ਸਾਗਰ ਦੇ ਬਿਆਨਾਂ ਦੇ ਅਧਾਰ ‘ਤੇ ਪਰਚਾ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।