ਅੱਕੇ ਵੱਡੇ ਬਾਦਲ ਨੇ ਲੋਕਾਂ ਅੱਗੇ ਬੰਨ੍ਹੇ ਹੱਥ, ਕਹਿੰਦੇ ਐਨੀ ਮਾੜੀ ਨਾ ਕਰੋ, ਵੋਟ ਨਹੀਂ ਪਾਉਣੀ ਨਾ ਪਾਓ !

TeamGlobalPunjab
3 Min Read

ਲੰਬੀ : ਬੀਤੇ ਦਿਨੀਂ ਹਲਕਾ ਫਰੀਦਕੋਟ ਤੋਂ ਅਕਾਲੀ ਦਲ ਦੇ ਉਮੀਦਵਾਰ ਗੁਲਜ਼ਾਰ ਸਿੰਘ ਰਣੀਕੇ ਦਾ ਸਿੱਖ ਸੰਗਤਾਂ ਵੱਲੋਂ ਕਾਲੀਆਂ ਝੰਡੀਆਂ ਦਿਖਾ ਕੇ ਵਿਰੋਧ ਕਰਨ ਦੀ ਘਟਨਾ ਦਾ ਪਤਾ ਲਗਦਿਆਂ ਹੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਇੰਨਾਂ ਗੁੱਸਾ ਆਇਆ ਹੈ, ਕਿ ਜਿਹੜੇ ਬਾਦਲ ਲੋਕਾਂ ਨੂੰ ਹੱਥ ਬੰਨ੍ਹ ਕੇ ਵੋਟਾਂ ਪਾਉਣ ਦੀਆਂ ਬੇਨਤੀਆਂ ਕਰ ਰਹੇ ਸਨ ਉਨ੍ਹਾਂ ਨੇ ਇੱਥੋਂ ਤੱਕ ਕਹਿ ਦਿੱਤਾ ਹੈ, ਕਿ ਵੋਟਾਂ ਨਹੀਂ ਪਾਉਣੀਆਂ ਨਾ ਪਾਓ, ਪਰ ਕਾਲੀਆਂ ਝੰਡੀਆਂ ਦਿਖਾਉਣ ਦਾ ਕੀ ਮਤਲਬ ਹੈ? ਬਾਦਲ ਇੱਥੇ ਜਥੇਦਾਰ ਦਿਆਲ ਸਿੰਘ ਕੋਲਿਆਂਵਾਲੀ ਦੀ ਰਿਹਾਇਸ਼ ‘ਤੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।

ਪ੍ਰਕਾਸ਼ ਸਿੰਘ ਬਾਦਲ ਨੂੰ ਜਦੋਂ ਇਹ ਪੁੱਛਿਆ ਗਿਆ ਕਿ, ਕੀ ਇਹ ਵਿਰੋਧ ਬੇਅਬਦੀ ਦੀਆਂ ਘਟਨਾਵਾਂ ਕਾਰਨ ਹੋਇਆ ਹੈ? ਤਾਂ ਉਨ੍ਹਾਂ ਕਿਹਾ, ਕਿ ਇਹ ਸਭ ਕਾਂਗਰਸ ਦਾ ਕੀਤਾ ਕਰਾਇਆ ਹੈ, ਜਿਨ੍ਹਾਂ ਨੂੰ ਆਪਣੀ ਪੀੜ੍ਹੀ ਹੇਠ ਸੋਟਾ ਫੇਰਨ ਦੀ ਲੋੜ ਹੈ। ਵੱਡੇ ਬਾਦਲ ਅਨੁਸਾਰ ਕਾਂਗਰਸੀਆਂ ਨੇ ਜਿੱਥੇ 1984 ‘ਚ ਸਿੱਖਾਂ ਦਾ ਕਤਲੇਆਮ ਕੀਤਾ, ਉੱਥੇ ਦਰਬਾਰ ਸਾਹਿਬ ‘ਤੇ ਹਮਲਾ ਕਰ ਨਾ ਸਿਰਫ ਨਿਰਦੋਸ਼ ਸਿੱਖਾਂ ਨੂੰ ਸ਼ਹੀਦ ਕਰ ਦਿੱਤਾ ਬਲਕਿ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਵੀ ਢਹਿ-ਢੇਰੀ ਕਰ ਦਿੱਤਾ।

ਦੱਸ ਦਈਏ ਕਿ ਬੀਤੇ ਦਿਨੀਂ ਹਲਕਾ ਫਰੀਦਕੋਟ ਤੋਂ ਅਕਾਲੀ-ਭਾਜਪਾ ਉਮੀਦਵਾਰ ਗੁਲਜ਼ਾਰ ਸਿੰਘ ਰਣੀਕੇ ਪਿੰਡ ਕੋਟ-ਸੁਖੀਆ ਵਿਖੇ ਵੋਟਰਾਂ ਨੂੰ ਅਕਾਲੀ ਭਾਜਪਾ ਦੇ ਹੱਕ ਵਿੱਚ ਵੋਟਾਂ ਪਾਉਣ ਦੀ ਅਪੀਲ ਕਰਨ ਪਹੁੰਚੇ ਸਨ, ਜਿੱਥੇ ਸਿੱਖ ਸੰਗਤਾਂ ਨੇ ਰਣੀਕੇ ਨੂੰ ਕਾਲੀਆਂ ਵਿਖਾਉਂਦਿਆਂ ਉਨ੍ਹਾਂ ਦਾ ਵਿਰੋਧ ਕੀਤਾ। ਮੌਕੇ ‘ਤੇ ਮੌਜੂਦ ਸਿੱਖ ਸੰਗਤਾਂ ਦਾ ਕਹਿਣਾ ਸੀ ਕਿ ਕੋਟਕਪੁਰਾ ਦੇ ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ ਦਾ ਨਾਮ ਬੇਅਦਬੀ ਤੇ ਗੋਲੀ ਕਾਂਡ ਦੀਆਂ ਘਟਨਾਵਾਂ ਵਿੱਚ ਆਉਣ ਤੋਂ ਬਾਅਦ ਸਿੱਖ ਸੰਗਤਾਂ ਦੇ ਮਨਾਂ ਅੰਦਰ ਭਾਰੀ ਰੋਸ ਹੈ। ਜਿਸ ‘ਤੇ ਕੋਟ-ਸੁਖੀਆ ਨਗਰ ਨਿਵਾਸੀ ਮਨਤਾਰ ਸਿੰਘ ਬਰਾੜ ਸਣੇ ਅਕਾਲੀ ਦਲ ਦੇ ਉਮੀਦਵਾਰ ਦਾ ਬਾਈਕਾਟ ਕਰਦੇ ਹਨ ਤੇ ਉਹ ਨਗਰ ਨਿਵਾਸੀਆਂ ਨੂੰ ਵੀ ਬੇਨਤੀ ਕਰਦੇ ਹਨ ਕਿ ਕੋਈ ਵੀ ਇਨ੍ਹਾਂ ਲੋਕਾਂ ਨੂੰ ਮੂੰਹ ਨਾ ਲਾਵੇ ਕਿਉਂਕਿ ਇਨ੍ਹਾਂ ਲੋਕਾਂ ਦਾ ਨਾਮ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਵਿੱਚ ਸਿੱਧੇ ਤੌਰ ‘ਤੇ ਆ ਗਿਆ ਹੈ।

ਚੋਣਾਂ ਮੌਕੇ ਅਕਾਲੀ ਦਲ ਦੇ ਉਮੀਦਵਾਰ ਦਾ ਸਿੱਧਾ ਵਿਰੋਧ ਹੋਣਾ, ਵੱਡੀ ਘਟਨਾ ਸੀ, ਤੇ ਸ਼ਾਇਦ ਇਹੋ ਕਾਰਨ ਸੀ ਅਕਸਰ ਸ਼ਾਂਤ ਸੁਭਾਅ ਦੇ ਮੰਨੇ ਜਾਂਦੇ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਗੁੱਸਾ ਆ ਗਿਆ। ਭਾਵੇਂ ਕਿ ਸਿਆਸਤ ਦੇ ਬਾਬਾ ਬੋਹੜ ਮੰਨੇ ਜਾਂਦੇ ਵੱਡੇ ਬਾਦਲ ਨੇ ਇੱਕ ਵਾਰ ਫਿਰ ਇਸ ਮਾਮਲੇ ਨੂੰ 84 ਕਤਲੇਆਮ, ਦਰਬਾਰ ਸਾਹਿਬ ‘ਤੇ ਹਮਲਾ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਹਿ-ਢੇਰੀ ਕਰਨ ਦੇ ਮਾਮਲੇ ਨਾਲ ਜੋੜ ਕੇ ਲੋਕਾਂ ਦਾ ਧਿਆਨ ਵੰਡਾਉਣ ਦੀ ਕੋਸ਼ਿਸ਼ ਕੀਤੀ ਹੈ, ਪਰ ਉਨ੍ਹਾਂ ਦੀ ਇਹ ਕੋਸ਼ਿਸ਼ ਕਾਮਯਾਬ ਰਹੀ ਹੈ ਜਾਂ ਨਹੀਂ, ਇਸ ਦਾ ਪਤਾ ਤਾਂ ਆਉਣ ਵਾਲੇ ਦਿਨਾਂ ਵਿੱਚ ਸ਼ਾਂਤ ਜਾਂ ਅਸ਼ਾਂਤ ਰਹਿਣ ਵਾਲੇ ਮਹੌਲ ਨੂੰ ਦੇਖ ਕੇ ਹੀ ਲੱਗੇਗਾ।

- Advertisement -

Share this Article
Leave a comment